For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਤੋਂ ਕੋਟਲੀ ’ਤੇ ਦਾਅ ਖੇਡ ਸਕਦੀ ਹੈ ਕਾਂਗਰਸ

08:40 AM Apr 26, 2024 IST
ਲੁਧਿਆਣਾ ਤੋਂ ਕੋਟਲੀ ’ਤੇ ਦਾਅ ਖੇਡ ਸਕਦੀ ਹੈ ਕਾਂਗਰਸ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਪਰੈਲ
ਲੋਕ ਸਭਾ ਹਲਕਾ ਲੁਧਿਆਣਾ ਤੋਂ ਹੁਣ ਕਾਂਗਰਸੀ ਉਮੀਦਵਾਰ ਲਈ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਇਹ ਹੈ ਕਿ ਇਸ ਵਾਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਰਵਨੀਤ ਬਿੱਟੂ ਦੇ ਮੁਕਾਬਲੇ ਕਾਂਗਰਸ ਉਨ੍ਹਾਂ ਦੇ ਹੀ ਚਾਚੇ ਦੇ ਲੜਕੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਨਾਮ ਸਾਹਮਣੇ ਆ ਰਿਹਾ ਹੈ। ਦੂਜੇ ਪਾਸੇ ਜੇਕਰ ਕਾਂਗਰਸ ਵੱਲੋਂ ਕੋਟਲੀ ਨੂੰ ਲੋਕ ਸਭਾ ਟਿਕਟ ਦੇ ਕੇ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਸ਼ਹਿਰ ਦੀ ਰਾਜਨੀਤੀ ਦੇ ਸਮੀਕਰਨ ਬਦਲ ਜਾਣਗੇ। ਜ਼ਿਕਰਯੋਗ ਹੈ ਕਿ ਗੁਰਕੀਰਤ ਸਿੰਘ ਕੋਟਲੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਵੀ ਹਨ। ਕੋਟਲੀ ਦੀ ਕਾਂਗਸਰ ਹਾਈਕਮਾਂਡ ’ਚ ਚੰਗੀ ਪਕੜ ਹੈ ਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ ਜੇਕਰ ਬੇਅੰਤ ਸਿੰਘ ਦੇ ਨਾਂ ’ਤੇ ਵੋਟਾਂ ਹਾਸਲ ਕਰਨ ਲਈ ਭਾਜਪਾ ਬਿੱਟੂ ਨੂੰ ਟਿਕਟ ਦੇ ਸਕਦੀ ਹੈ ਤਾਂ ਬੇਅੰਤ ਸਿੰਘ ਦੇ ਨਾਮ ’ਤੇ ਹੀ ਆਪਣਾ ਵੋਟ ਬੈਂਕ ਬਚਾਉਣ ਲਈ ਕਾਂਗਰਸ ਕੋਟਲੀ ’ਤੇ ਦਾਅ ਖੇਡਣ ਦੀ ਤਿਆਰੀ ’ਚ ਹੈ। ਗੁਰਕੀਰਤ ਸਿੰਘ ਕੋਟਲੀ ਦੇ ਪਿਤਾ ਤੇਜ ਪ੍ਰਕਾਸ਼ ਸਿੰਘ ਕੋਟਲੀ ਪਾਇਲ ਤੋਂ ਵਿਧਾਇਕ ਰਹਿ ਚੁੱਕੇ ਹਨ। 2012 ’ਚ ਖੰਨਾ ਤੋਂ ਅਤੇ ਫਿਰ 2017 ’ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਇਕ ਕੋਟਲੀ ਦੀ ਜਿੱਤ ਹੋਈ ਸੀ। ਕੋਟਲੀ ਨੇ 1992 ’ਚ ਯੂਥ ਕਾਂਗਰਸ ਆਗੂ ਵਜੋਂ ਆਪਣਾ ਰਾਜਸੀ ਸਫ਼ਰ ਸ਼ੁਰੂ ਕੀਤਾ ਸੀ।

Advertisement

Advertisement
Author Image

joginder kumar

View all posts

Advertisement
Advertisement
×