For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵੱਲੋਂ ਐੱਨਡੀਏ ‘ਨਰਿੰਦਰ ਡਿਸਟ੍ਰਕਟਿਵ ਐਲਾਇੰਸ’ ਕਰਾਰ

06:50 AM Jun 10, 2024 IST
ਕਾਂਗਰਸ ਵੱਲੋਂ ਐੱਨਡੀਏ ‘ਨਰਿੰਦਰ ਡਿਸਟ੍ਰਕਟਿਵ ਐਲਾਇੰਸ’ ਕਰਾਰ
Advertisement

ਨਵੀਂ ਦਿੱਲੀ, 9 ਜੂਨ
ਕਾਂਗਰਸ ਨੇ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਏ ਜਾਣ ਤੋਂ ਪਹਿਲਾਂ ਐਤਵਾਰ ਨੂੰ ਉਨ੍ਹਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ‘ਨਰਿੰਦਰ ਡਿਸਟ੍ਰਕਟਿਵ ਐਲਾਇੰਸ’ (ਐੱਨਡੀਏ) ਦੇ ਆਗੂ ਵਜੋਂ ਹਲਫ਼ ਲੈਣਗੇ। ਕਾਂਗਰਸ ਨੇ ਕਿਹਾ ਕਿ ਮੋਦੀ ਸਾਰੀ ਵੈਧਤਾ ਗੁਆ ਚੁੱਕੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ,‘‘28 ਮਈ, 2022 ਦਾ ਉਹ ਦਿਨ ਚੇਤੇ ਹੈ, ਜਦੋਂ ਨਰਿੰਦਰ ਮੋਦੀ ਸੇਂਗੋਲ ਨਾਲ ਨਵੇਂ ਸੰਸਦ ਭਵਨ ਆਏ ਸਨ ਅਤੇ ਜਿਸ ਲਈ 15 ਅਗਸਤ, 1947 ਦਾ ਇਕ ਵੱਖਰਾ ਇਤਿਹਾਸ ਘੜਿਆ ਗਿਆ ਸੀ। ਦਰਅਸਲ ਉਹ ਸਭ ਕੁਝ ਨਾ ਸਿਰਫ਼ ਮੋਦੀ ਦੇ ਸਮਰਾਟ ਹੋਣ ਦੇ ਦਾਅਵੇ ਨੂੰ ਸਹੀ ਠਹਿਰਾਉਣ ਲਈ ਕੀਤਾ ਗਿਆ ਸੀ ਸਗੋਂ ਤਾਮਿਲ ਵੋਟਰਾਂ ਨੂੰ ਅਪੀਲ ਕਰਨ ਲਈ ਵੀ ਹੋਇਆ ਸੀ।’’ ਜੈਰਾਮ ਰਮੇਸ਼ ਨੇ ਕਿਹਾ ਕਿ ਉਸ ਦਿਨ ਉਨ੍ਹਾਂ ਪੁਰਾਲੇਖਾਂ ਦੀ ਵਰਤੋਂ ਕਰਕੇ ਮੋਦੀ ਦਾ ਪਰਦਾਫ਼ਾਸ਼ ਕੀਤਾ ਸੀ। ‘ਅਸੀਂ ਉਸ ਨਾਟਕ ਦਾ ਸਿੱਟਾ ਜਾਣਦੇ ਹਾਂ। ਸੇਂਗੋਲ ਤਾਂ ਤਾਮਿਲ ਇਤਿਹਾਸ ਦਾ ਇਕ ਸਨਮਾਨਜਨਕ ਪ੍ਰਤੀਕ ਸੀ ਜੋ ਹੈ ਅਤੇ ਬਣਿਆ ਰਹੇਗਾ ਪਰ ਤਾਮਿਲ ਵੋਟਰਾਂ ਜਾਂ ਆਖ ਲਵੋ ਕਿ ਭਾਰਤ ਦੇ ਵੋਟਰਾਂ ਨੇ ਮੋਦੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।’ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਮੋਦੀ ਨੂੰ ਬਹੁਤ ਵੱਡੀ ਨਿੱਜੀ, ਸਿਆਸੀ ਅਤੇ ਨੈਤਿਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਨੂੰ ਉਸ ਸੰਵਿਧਾਨ ਅੱਗੇ ਝੁਕਣ ਲਈ ਮਜਬੂਰ ਕੀਤਾ ਗਿਆ ਜਿਸ ਦਾ ਉਨ੍ਹਾਂ ਪਿਛਲੇ ਇਕ ਦਹਾਕੇ ’ਚ ਘਾਣ ਕੀਤਾ ਹੈ। ਮੋਦੀ ਨੇ ਸਵੇਰੇ ਰਾਜਘਾਟ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਸ ਲਈ ਜੈਰਾਮ ਰਮੇਸ਼ ਨੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ,‘‘ਤੁਸੀਂ ਟਰੈਕ ਰਿਕਾਰਡ ਦੇਖੋ। ਉਨ੍ਹਾਂ ਦੇ ਵਿਚਾਰਕ ਸਹਿਯੋਗੀਆਂ ਨੇ ਦੁਸ਼ਮਣੀ ਅਤੇ ਨਫ਼ਰਤ ਦਾ ਅਜਿਹਾ ਜ਼ਹਿਰੀਲਾ ਮਾਹੌਲ ਬਣਾਇਆ ਜਿਸ ਦੇ ਨਤੀਜੇ ਵਜੋਂ 30 ਜੂਨ, 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ।’’ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਆਪਣੇ ਉਨ੍ਹਾਂ ਸਾਥੀਆਂ ਨੂੰ ਕਦੇ ਵੀ ਨਹੀਂ ਟੋਕਦੇ ਹਨ ਜੋ ਗੋਡਸੇ ਨੂੰ ਇਕ ਨਾਇਕ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਸੰਸਦ ਭਵਨ ’ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਇਕ ਵਾਰ ਨਹੀਂ ਸਗੋਂ ਦੋ ਵਾਰ ਬਦਲਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×