For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਸੰਵਿਧਾਨ ਦੀ ਸਭ ਤੋਂ ਵੱਡੀ ਵਿਰੋਧੀ: ਮੋਦੀ

06:46 AM Jul 04, 2024 IST
ਕਾਂਗਰਸ ਸੰਵਿਧਾਨ ਦੀ ਸਭ ਤੋਂ ਵੱਡੀ ਵਿਰੋਧੀ  ਮੋਦੀ
ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Advertisement

* ਐਮਰਜੈਂਸੀ ਦਾ ਦਿੱਤਾ ਹਵਾਲਾ; ‘ਇੰਡੀਆ’ ਗੱਠਜੋੜ ਦੇ ਮੈਂਬਰਾਂ ਨੇ ਸਦਨ ’ਚੋਂ ਕੀਤਾ ਵਾਕਆਊਟ
* ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਚਰਚਾ ਦਾ ਦਿੱਤਾ ਜਵਾਬ
* ਮਨੀਪੁਰ ’ਚ ਹਿੰਸਾ ਘਟਣ, ਪੇਪਰ ਲੀਕ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਜਾਰੀ ਰੱਖਣ ਦਾ ਕੀਤਾ ਦਾਅਵਾ

Advertisement

ਨਵੀਂ ਦਿੱਲੀ, 3 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ’ਚ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਸੰਵਿਧਾਨ ਦੀ ਸਭ ਤੋਂ ਵੱਡੀ ਵਿਰੋਧੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ‘ਫ਼ਰਜ਼ੀ ਬਿਰਤਾਂਤ’ ਘੜਿਆ ਜਾ ਰਿਹਾ ਹੈ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਮਨੀਪੁਰ ਦੇ ਹਾਲਾਤ ਹੌਲੀ-ਹੌਲੀ ਸੁਖਾਵੇਂ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੀਟ ਪੇਪਰ ਲੀਕ ਕੇਸ ’ਚ ਕਾਰਵਾਈ ਦਾ ਵਾਅਦਾ ਕਰਦਿਆਂ ਆਪਣੀ ਸਰਕਾਰ ਦੀਆਂ ਬੀਤੇ ਦੋ ਕਾਰਜਕਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਤੀਜੇ ਦੀਆਂ ਤਰਜੀਹਾਂ ਦੱਸੀਆਂ।
ਇਸ ਦੌਰਾਨ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਵਿਰੋਧੀ ਧਿਰ ਨੇ ਵਾਕਆਊਟ ਕਰਕੇ ‘ਜਮਹੂਰੀ ਕਦਰਾਂ-ਕੀਮਤਾਂ ਦੇ ਉਲਟ ਖ਼ਤਰਨਾਕ ਮਿਸਾਲ’ ਕਾਇਮ ਕੀਤੀ ਹੈ। ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਪਹਿਲਾਂ ਆਪਣੀ ਟਿੱਪਣੀ ਵਿੱਚ ਧਨਖੜ ਨੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੇ ਚੇਅਰਮੈਨ ਦੇ ਆਸਣ ਨੇੜੇ ਆਉਣ ਦੀ ਘਟਨਾ ਨੂੰ ਵੀ ‘ਸੰਸਦੀ ਵਿਵਹਾਰ ਦਾ ਅਪਮਾਨ’ ਕਰਾਰ ਦਿੱਤਾ।

ਸਦਨ ’ਚੋਂ ਵਾਕਆਊਟ ਕਰਦੇ ਹੋਏ ਿਵਰੋਧੀ ਧਿਰਾਂ ਦੇ ਆਗੂ। -ਫੋਟੋਆਂ : ਪੀਟੀਆਈ

ਮੋਦੀ ਨੇ ਵਿਰੋਧੀ ਧਿਰ ਦੇ ਉਸ ਦਾਅਵੇ ਨੂੰ ਚੁਣੌਤੀ ਦਿੱਤੀ ਕਿ ਹੁਣੇ ਜਿਹੇ ਹੋਈਆਂ ਲੋਕ ਸਭਾ ਚੋਣਾਂ ‘ਸੰਵਿਧਾਨ ਦੀ ਰਾਖੀ’ ਦੇ ਮੁੱਦੇ ’ਤੇ ਲੜੀਆਂ ਗਈਆਂ ਸਨ। ਸਦਨ ਨੂੰ ਸਾਲ 1977 ਦੀਆਂ ਚੋਣਾਂ ਯਾਦ ਕਰਾਉਂਦਿਆਂ ਮੋਦੀ ਨੇ ਕਿਹਾ ਕਿ ਉਸ ਸਮੇਂ ਐਮਰਜੈਂਸੀ ਮਗਰੋਂ ਸੰਵਿਧਾਨ ਦੀ ਰਾਖੀ ਲਈ ਚੋਣਾਂ ਲੜੀਆਂ ਗਈਆਂ ਸਨ ਅਤੇ ਲੋਕਾਂ ਨੇ ਇੰਦਰਾ ਗਾਂਧੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ‘ਉਹ ਪਹਿਲੀਆਂ ਚੋਣਾਂ ਸਨ ਜੋ ਸੰਵਿਧਾਨ ਦੀ ਰਾਖੀ ਲਈ ਲੜੀਆਂ ਗਈਆਂ ਸਨ। ਸੰਵਿਧਾਨ ਦੀ ਰਾਖੀ ਲਈ ਲੋਕਾਂ ਦਾ ਸਾਡੇ ’ਤੇ ਵਿਸ਼ਵਾਸ ਜ਼ਿਆਦਾ ਹੈ। ਇਸੇ ਕਾਰਨ ਉਨ੍ਹਾਂ ਸਾਨੂੰ ਸਰਕਾਰ ਚਲਾਉਣ ਦਾ ਫ਼ਤਵਾ ਦਿੱਤਾ ਹੈ।’ ਮੋਦੀ ਨੇ ਕਾਂਗਰਸ ’ਤੇ ਆਪਣੇ ਰਾਜ ਦੌਰਾਨ ਕਈ ਗ਼ੈਰਸੰਵਿਧਾਨਕ ਕੋਤਾਹੀਆਂ ਕਰਨ ਦੇ ਦੋਸ਼ ਲਾਏ।
ਲੋਕ ਸਭਾ ’ਚ ਇਕ ਦਿਨ ਪਹਿਲਾਂ ਕਾਂਗਰਸ ਨੂੰ ਭੰਡਣ ਮਗਰੋਂ ਪ੍ਰਧਾਨ ਮੰਤਰੀ ਨੇ ਅੱਜ ਮੁੜ ਕਾਂਗਰਸ ਨੂੰ ਘੇਰਿਆ ਅਤੇ ਕਿਹਾ ਕਿ ਉਹ ਦੋਗਲੀਆਂ ਗੱਲਾਂ ਕਰਦੇ ਹਨ। ‘ਚੋਣਾਂ ਦੌਰਾਨ ਕਾਂਗਰਸ ਨੇ ਸੰਵਿਧਾਨ ਦੀ ਰਾਖੀ ਦਾ ਨਾਟਕ ਕੀਤਾ ਜਦਕਿ ਉਹ ਸੰਵਿਧਾਨ ਦਿਵਸ ਦੇ ਸਮਾਗਮਾਂ ਦਾ ਵਿਰੋਧ ਕਰਦੀ ਰਹੀ ਹੈ।’ ਉਨ੍ਹਾਂ ਦੇ ਇਸ ਬਿਆਨ ਮਗਰੋਂ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਭੜਕ ਉੱਠੀਆਂ ਅਤੇ ਉਨ੍ਹਾਂ ਮੋਦੀ ਨੂੰ ‘ਝੂਠਾ’ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਮੋਦੀ ਦੇ ਭਾਸ਼ਣ ’ਚ ਅੜਿੱਕਾ ਡਾਹਿਆ ਅਤੇ ਬਾਅਦ ’ਚ ਉਹ ਸਦਨ ’ਚੋਂ ਵਾਕਆਊਟ ਕਰ ਗਏ। ਆਪਣਾ ਭਾਸ਼ਣ ਜਾਰੀ ਰੱਖਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ’ਚ ਸੱਚ ਸੁਣਨ ਦਾ ਹੌਸਲਾ ਨਹੀਂ ਹੈ ਅਤੇ ਉਹ ਮੌਕੇ ਤੋਂ ਭੱਜ ਰਹੀ ਹੈ। ਚੇਅਰਮੈਨ ਜਗਦੀਪ ਧਨਖੜ ਨੇ ਵੀ ਵਾਕਆਊਟ ਦੀ ਨਿਖੇਧੀ ਕਰਦਿਆਂ ਇਸ ਨੂੰ ਸੰਵਿਧਾਨ ਦਾ ਅਪਮਾਨ ਕਰਾਰ ਦਿੱਤਾ। ਕਰੀਬ ਦੋ ਘੰਟਿਆਂ ਦੇ ਭਾਸ਼ਣ ’ਚ ਮੋਦੀ ਨੇ ਆਪਣੀਆਂ ਪਿਛਲੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਵਧਾਇਆ ਗਿਆ, ਗਰੀਬਾਂ ਦੀ ਬੈਂਕਿੰਗ ਪ੍ਰਣਾਲੀ ਤੇ ਕਰਜ਼ਿਆਂ ਤੱਕ ਪਹੁੰਚ ਯਕੀਨੀ ਬਣਾਈ ਗਈ ਅਤੇ ਮੁਲਕ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ। ‘ਵਿਕਾਸ ਅਤੇ ਆਤਮ-ਨਿਰਭਰਤਾ ਨਾਲ ਦੇਸ਼ ਸਰਕਾਰ ਦੇ ਤੀਜੇ ਕਾਰਜਕਾਲ ਦੌਰਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ।’ ਉਨ੍ਹਾਂ ਕਿਹਾ ਕਿ 140 ਕਰੋੜ ਲੋਕਾਂ ਵੱਲੋਂ ਐੱਨਡੀਏ ਨੂੰ ਦਿੱਤਾ ਗਿਆ ਫ਼ਤਵਾ ਵਿਰੋਧੀ ਧਿਰ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ‘ਮੈਂ ਤੁਹਾਡਾ (ਵਿਰੋਧੀ ਧਿਰ) ਦਰਦ ਸਮਝਦਾ ਹਾਂ। ਉਨ੍ਹਾਂ ਦੀਆਂ ਕੱਲ੍ਹ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਸਨ। ਅੱਜ ਉਨ੍ਹਾਂ ’ਚ ਮੁਕਾਬਲਾ ਕਰਨ ਦਾ ਹੌਸਲਾ ਨਹੀਂ ਹੈ ਜਿਸ ਕਾਰਨ ਉਹ ਮੈਦਾਨ ਛੱਡ ਗਏ ਹਨ। ਮੈਂ ਬਹਿਸ ਜਿੱਤਣ ਨਹੀਂ ਸਗੋਂ ਆਪਣੇ ਕੰਮ ਦੇ ਵੇਰਵੇ ਦੇਣ ਲਈ ਆਇਆ ਹਾਂ ਅਤੇ ਇਹ ਮੇਰਾ ਫ਼ਰਜ਼ ਹੈ।’

ਮੋਦੀ ਨੇ ਕਿਹਾ ਕਿ ਸਰਕਾਰ ਲਈ ਸੰਵਿਧਾਨ ਰਾਹ ਦਸੇਰਾ ਹੈ ਜਿਸ ਦੀ ਮੂਲ ਭਾਵਨਾ ਅਤੇ ਸ਼ਬਦ ਵੀ ਅਹਿਮ ਹਨ। ਕਾਂਗਰਸ ਦੇ ਭਾਈਵਾਲਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਵੀ ਐਮਰਜੈਂਸੀ ਦੌਰਾਨ ਵਧੀਕੀਆਂ ਦੇ ਸ਼ਿਕਾਰ ਬਣੇ ਸਨ ਪਰ ਹੁਣ ਉਨ੍ਹਾਂ ਸਿਆਸੀ ਮੌਕਾਪ੍ਰਸਤੀ ਲਈ ਉਸ ਨਾਲ ਹੱਥ ਮਿਲਾ ਲਏ ਹਨ। ਮਨੀਪੁਰ ਦੇ ਹਾਲਾਤ ਬਾਰੇ ਮੋਦੀ ਨੇ ਕਿਹਾ ਕਿ ਸੂਬੇ ’ਚ ਹਿੰਸਾ ਲਗਾਤਾਰ ਘਟ ਰਹੀ ਹੈ ਅਤੇ ਵਿਦਿਅਕ ਅਦਾਰੇ ਮੁੜ ਤੋਂ ਖੁੱਲ੍ਹ ਗਏ ਹਨ। ‘ਸਰਕਾਰ ਮਨੀਪੁਰ ’ਚ ਹਾਲਾਤ ਸੁਖਾਵੇਂ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਸੂਬੇ ’ਚ ਹਿੰਸਾ ਦੇ ਸਬੰਧ ’ਚ 11 ਹਜ਼ਾਰ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਸ਼ਾਂਤੀ ਦਾ ਮਾਰਗ ਖੋਲ੍ਹਣ ਲਈ ਹਰ ਕਿਸੇ ਨਾਲ ਗੱਲਬਾਤ ਕਰ ਰਹੀਆਂ ਹਨ।’ ਪ੍ਰਧਾਨ ਮੰਤਰੀ ਨੇ ਪ੍ਰੀਖਿਆਵਾਂ ’ਚ ਹੋਈਆਂ ਕਥਿਤ ਬੇਨਿਯਮੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੇਪਰ ਲੀਕ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ‘ਮੈਂ ਚਾਹੁੰਦਾ ਹਾਂ ਕਿ ਪੇਪਰ ਲੀਕ ਵਰਗੇ ਸੰਵੇਦਨਸ਼ੀਲ ਮੁੱਦੇ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਪਰ ਵਿਰੋਧੀ ਧਿਰ ਨੂੰ ਇਸ ਦੀ ਆਦਤ ਪੈ ਗਈ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਭਰੋਸਾ ਦਿੰਦਾ ਹਾਂ ਕਿ ਜਿਹੜੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਦੇ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।’ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਂਚ ਏਜੰਸੀਆਂ ਨੂੰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ‘ਪੂਰੀ ਖੁੱਲ੍ਹ’ ਦਿੱਤੀ ਹੋਈ ਹੈ ਅਤੇ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਮਾਮਲੇ ’ਚ ਕੋਈ ਦਖ਼ਲ ਨਹੀਂ ਦੇਵੇਗੀ। ‘ਜਾਂਚ ਏਜੰਸੀਆਂ ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਭ੍ਰਿਸ਼ਟਾਚਾਰ ’ਚ ਸ਼ਾਮਲ ਕੋਈ ਵੀ ਵਿਅਕਤੀ ਕਾਨੂੰਨ ਤੋਂ ਨਹੀਂ ਬਚ ਸਕੇਗਾ। ਇਹ ਮੋਦੀ ਦੀ ਗਾਰੰਟੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ‘ਆਪ’ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਸਬੂਤ ਦਿੱਤੇ ਸਨ ਪਰ ਲੋਕ ਸਭਾ ਚੋਣਾਂ ਲੜਨ ਲਈ ਉਨ੍ਹਾਂ ਗੱਠਜੋੜ ਬਣਾ ਲਿਆ। ਸਰਕਾਰ ’ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਮੋਦੀ ਨੇ ਮਰਹੂਮ ਮੁਲਾਇਮ ਸਿੰਘ ਯਾਦਵ ਵਰਗੇ ਆਗੂਆਂ ਦੇ ਬਿਆਨਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਯੂਪੀਏ ਸਰਕਾਰ ’ਤੇ ਉਨ੍ਹਾਂ ਖ਼ਿਲਾਫ਼ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਨ ਦੇ ਦੋਸ਼ ਲਾਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ’ ਸ਼ਰਾਬ ਘੁਟਾਲਾ, ਭ੍ਰਿਸ਼ਟਾਚਾਰ, ਬੱਚਿਆਂ ਲਈ ਜਮਾਤਾਂ ਦੀ ਉਸਾਰੀ ’ਚ ਘਪਲਾ ਅਤੇ ਇਥੋਂ ਤੱਕ ਕਿ ਜਲ ਘੁਟਾਲਾ ਵੀ ਕਰਦੀ ਹੈ ਜਿਸ ਦੀ ਕਾਂਗਰਸ ਸ਼ਿਕਾਇਤਾਂ ਕਰਦੀ ਰਹੀ ਸੀ ਅਤੇ ਉਸ ਨੇ ਇਨ੍ਹਾਂ ਮੁੱਦਿਆਂ ’ਤੇ ‘ਆਪ’ ਨੂੰ ਅਦਾਲਤ ’ਚ ਵੀ ਘੜੀਸਿਆ ਸੀ ਪਰ ਹੁਣ ਜਦੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਹੁੰਦੀ ਹੈ ਤਾਂ ਉਹ ਮੋਦੀ ਨੂੰ ਗਾਲ੍ਹਾਂ ਕੱਢਦੇ ਹਨ। -ਪੀਟੀਆਈ

ਵਿਰੋਧੀ ਧਿਰ ਸੰਵਿਧਾਨਕ ਕਦਰਾਂ-ਕੀਮਤਾਂ ਦਾ ਕਰ ਰਹੀ ਹੈ ਅਪਮਾਨ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਸਭਾ ’ਚ ਭਾਸ਼ਣ ਦੌਰਾਨ ਵਿਰੋਧੀ ਧਿਰ ਵੱਲੋਂ ਕੀਤੇ ਗਏ ਵਾਕਆਊਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਸਦਨ ’ਚ ਸਿਰਫ਼ ਹੰਗਾਮਾ ਕਰਨਾ ਸੀ ਕਿਉਂਕਿ ਸੱਚ ਸੁਣਨ ਦੀ ਉਨ੍ਹਾਂ ’ਚ ਤਾਕਤ ਨਹੀਂ ਰਹੀ ਹੈ। ਭਾਜਪਾ ਪ੍ਰਧਾਨ ਅਤੇ ਰਾਜ ਸਭਾ ਦੇ ਨੇਤਾ ਜੇਪੀ ਨੱਢਾ ਨੇ ‘ਐਕਸ’ ’ਤੇ ਕਿਹਾ, ‘‘ਲਗਾਤਾਰ ਤੀਜੀ ਵਾਰ ਆਪਣੀ ਹਾਰ ਕਾਰਨ ਵਿਰੋਧੀ ਧਿਰ ਦੇ ਹੌਸਲੇ ਡਿੱਗੇ ਹੋਏ ਹਨ। ਉਹ ਸਾਡੀਆਂ ਸੰਵਿਧਾਨਕ ਕਦਰਾਂ-ਕੀਮਤਾਂ ਦਾ ਅਪਮਾਨ ਕਰ ਰਹੀ ਹੈ। ਉਹ ਆਪਣੀ ਹਾਰ ਛਿਪਾਉਣ ਲਈ ਸਾਜ਼ਿਸ਼ਾਂ ’ਚ ਲੱਗੇ ਹੋਏ ਹਨ। ਉਨ੍ਹਾਂ ਦੀਆਂ ਨਾਂਹ-ਪੱਖੀ ਕੋਸ਼ਿਸ਼ਾਂ ਐੱਨਡੀਏ ਸਰਕਾਰ ਦੇ ਵਿਕਸਤ ਭਾਰਤ ਬਣਾਉਣ ਦੇ ਟੀਚੇ ’ਚ ਅੜਿੱਕੇ ਨਹੀਂ ਡਾਹ ਸਕਦੀਆਂ ਹਨ।’’ ਵਿਰੋਧੀ ਮੈਂਬਰਾਂ ਦੀ ਨੁਕਤਾਚੀਨੀ ਕਰਦਿਆਂ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਕੌਮੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ’ਚ ਸੱਚ ਸੁਣਨ ਦੀ ਤਾਕਤ ਨਹੀਂ ਹੈ। ਖੜਗੇ ਨੂੰ ਬੋਲਣ ਦੀ ਇਜਾਜ਼ਤ ਨਾ ਦੇਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਰੀਬ 90 ਮਿੰਟ ਤੱਕ ਭਾਸ਼ਣ ਦਿੱਤਾ ਸੀ ਅਤੇ ਹੁਕਮਰਾਨ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਾਂਤੀ ਨਾਲ ਸੁਣਿਆ ਸੀ। ਉਹ ਆਪਣੇ ਸਵਾਲਾਂ ਦੇ ਜਵਾਬ ਸੁਣਨਾ ਨਹੀਂ ਸਗੋਂ ਹੰਗਾਮਾ ਕਰਨਾ ਚਾਹੁੰਦੇ ਸਨ। ਜਨਤਾ ਦਲ (ਯੂ) ਦੇ ਵਰਕਿੰਗ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੰਜੇ ਝਾਅ ਨੇ ਵਿਰੋਧੀ ਧਿਰ ਦੇ ਵਾਕਆਊਟ ਨੂੰ ਮੰਦਭਾਗਾ ਕਰਾਰ ਦਿੱਤਾ। -ਪੀਟੀਆਈ

ਸੰਘ ਹਮੇਸ਼ਾ ਸੰਵਿਧਾਨ ਵਿਰੋਧੀ ਰਿਹੈ: ਖੜਗੇ

ਰਾਜ ਸਭਾ ’ਚੋਂ ਬਾਹਰ ਆਉਂਦੇ ਹੋਏ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਸ਼ਰਦ ਪਵਾਰ। -ਫੋਟੋ: ਪੀਟੀਆਈ

ਨਵੀਂ ਦਿੱਲੀ: ਰਾਜ ਸਭਾ ’ਚੋਂ ਵਾਕਆਊਟ ਮਗਰੋਂ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨਾਲ ਮਿਲ ਕੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ’ਤੇ ਦੋਸ਼ ਲਾਇਆ ਕਿ ਉਹ ਹਮੇਸ਼ਾ ਸੰਵਿਧਾਨ ਵਿਰੋਧੀ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਦਨ ’ਚ ਗਲਤ ਜਾਣਕਾਰੀ ਦੇਣ ਦਾ ਵੀ ਦੋਸ਼ ਲਾਇਆ। ਸੰਸਦ ਦੀ ਪੁਰਾਣੀ ਇਮਾਰਤ ਦੇ ਸੰਵਿਧਾਨ ਸਦਨ ਅੱਗੇ ਇਕੱਤਰ ਹੋਏ ਆਗੂਆਂ ’ਚ ਸੋਨੀਆ ਗਾਂਧੀ, ਪੀ. ਚਿਦੰਬਰਮ, ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ, ਡੀਐੱਮਕੇ ਦੇ ਤਿਰੁਚੀ ਸ਼ਿਵਾ, ਟੀਐੱਮਸੀ ਦੇ ਸਾਗਰਿਕਾ ਘੋਸ਼ ਤੇ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ ਦੇ ਮਹੂਆ ਮਾਝੀ, ਆਰਜੇਡੀ ਦੇ ਮਨੋਜ ਝਾਅ ਅਤੇ ਸ਼ਿਵ ਸੈਨਾ-ਯੂਬੀਟੀ ਦੇ ਪ੍ਰਿਯੰਕਾ ਚਤੁਰਵੇਦੀ ਸ਼ਾਮਲ ਸਨ। ਖੜਗੇ ਨੇ ਕਿਹਾ, ‘‘ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਗਲਤ ਜਾਣਕਾਰੀ ਦਿੱਤੀ ਜਿਸ ਕਾਰਨ ਅਸੀਂ ਸਦਨ ’ਚੋਂ ਵਾਕਆਊਟ ਕੀਤਾ। ਝੂਠ ਬੋਲਣਾ, ਲੋਕਾਂ ਨੂੰ ਗੁੰਮਰਾਹ ਕਰਨਾ ਅਤੇ ਸੱਚ ਖ਼ਿਲਾਫ਼ ਬੋਲਣਾ ਉਨ੍ਹਾਂ ਦੀ ਆਦਤ ਹੈ। ਪ੍ਰਧਾਨ ਮੰਤਰੀ ਜਦੋਂ ਸੰਵਿਧਾਨ ਬਾਰੇ ਬੋਲ ਰਹੇ ਸਨ ਤਾਂ ਮੈਂ ਆਖਣਾ ਚਾਹੁੰਦਾ ਸੀ ਕਿ ਤੁਸੀਂ ਸੰਵਿਧਾਨ ਨਹੀਂ ਲਿਖਿਆ ਸਗੋਂ ਤੁਸੀਂ ਤਾਂ ਉਸ ਦੇ ਵਿਰੋਧੀ ਹੋ। ਮੈਂ ਸਪੱਸ਼ਟ ਕਰਨਾ ਚਾਹੁੰਦਾ ਸੀ ਕਿ ਸੰਵਿਧਾਨ ਲਈ ਕੌਣ ਡਟਿਆ ਸੀ ਅਤੇ ਕੌਣ ਉਸ ਦੇ ਖ਼ਿਲਾਫ਼ ਹੈ।’’ ਕਾਂਗਰਸ ਆਗੂ ਨੇ ਆਰਐੱਸਐੱਸ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ’ਚ 30 ਨਵੰਬਰ, 1950 ਨੂੰ ਛਪੇ ਲੇਖ ਦਾ ਹਵਾਲਾ ਦਿੱਤਾ ਅਤੇ ਦਾਅਵਾ ਕੀਤਾ ਕਿ ਜਥੇਬੰਦੀ ਨੇ ਇਹ ਆਖਦਿਆਂ ਸੰਵਿਧਾਨ ਦਾ ਵਿਰੋਧ ਕੀਤਾ ਸੀ ਕਿ ਇਸ ’ਚ ਕੁਝ ਵੀ ਭਾਰਤੀ ਨਹੀਂ ਹੈ। ਜੇਐੱਮਐੱਮ ਆਗੂ ਮਹੂਆ ਮਾਝੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਅਤੇ ਖੜਗੇ ਵਾਰ ਵਾਰ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਚੇਅਰਮੈਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਚੇਅਰਮੈਨ ਨੇ ਵਿਰੋਧੀ ਧਿਰ ਵੱਲ ਦੇਖਿਆ ਤੱਕ ਨਹੀਂ ਜਿਸ ਕਾਰਨ ਵਿਰੋਧੀ ਧਿਰ ਦੇ ਨੇਤਾ ਨੇ ਆਪਣਾ ਅਪਮਾਨ ਮਹਿਸੂਸ ਕੀਤਾ ਅਤੇ ਅਸੀਂ ਸਦਨ ’ਚੋਂ ਵਾਕਆਊਟ ਕੀਤਾ। ਕਾਂਗਰਸ ਦੇ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਸਦਨ ’ਚ ਕਿਸੇ ਨੁਕਤੇ ’ਤੇ ਸਫ਼ਾਈ ਦੇਣ ਦੀ ਰਵਾਇਤ ਰਹੀ ਹੈ। ਟੀਐੱਮਸੀ ਆਗੂ ਸੁਸ਼ਮਿਤਾ ਦੇਵ ਨੇ ਕਿਹਾ ਕਿ ਭਾਜਪਾ ਨੇ ਵਿਰੋਧੀ ਧਿਰ ਦੇ ਆਗੂ ਦੇ ਸੰਵਿਧਾਨਕ ਅਹੁਦੇ ਦਾ ਅਪਮਾਨ ਕੀਤਾ ਹੈ। ਉਸ ਨੇ ਕਿਹਾ ਕਿ ਭਾਸ਼ਣ ਦੌਰਾਨ ਦਖ਼ਲ ਦੇਣ ਦਾ ਇਕ ਵੀ ਮੌਕਾ ਨਾ ਦਿੱਤਾ ਜਾਵੇ ਤਾਂ ਸਦਨ ’ਚ ਬੈਠੇ ਰਹਿਣ ਦੀ ਕੋਈ ਤੁੱਕ ਨਹੀਂ ਸੀ। -ਪੀਟੀਆਈ

‘ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਹਟਾਈਆਂ ਜਾਣ’

ਨਵੀਂ ਦਿੱਲੀ: ਰਾਜ ਸਭਾ ਵਿਚ ਤ੍ਰਿਣਮੂਲ ਕਾਂਗਰਸ ਦੀ ਉਪ ਆਗੂ ਸਾਗਰਿਕਾ ਘੋਸ਼ ਨੇ ਅੱਜ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਦਨ ਵਿਚ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਤੇ ਚੋਪੜਾ ਘਟਨਾਵਾਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਹਟਾਉਣ ਦੀ ਮੰਗ ਕੀਤੀ ਹੈ। ਘੋਸ਼ ਨੇ ਧਨਖੜ ਨੂੰ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਦਾ ਜਵਾਬ ਦਿੰਦਿਆਂ ਕੀਤੀਆਂ ਟਿੱਪਣੀਆਂ ’ਚੋਂ ਕੁਝ ਅੰਸ਼ਾਂ ਦਾ ਹਵਾਲਾ ਦਿੱਤਾ ਹੈ। ਘੋੋਸ਼ ਨੇ ਕਿਹਾ, ‘‘ਮੈਂ ਧਿਆਨ ਵਿਚ ਲਿਆਉਣਾ ਚਾਹੁੰਦੀ ਹਾਂ ਕਿ ਜਿੱਥੋਂ ਤੱਕ ਚੋਪੜਾ ਘਟਨਾ ਦੀ ਗੱਲ ਹੈ, ਤਾਂ ਇਸ ਦੇ ਸਾਜ਼ਿਸ਼ਘਾੜੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਸਲਾਖਾਂ ਪਿੱਛੇ ਹਨ।’’ ਘੋਸ਼ ਨੇ ਕਿਹਾ ਕਿ ਪੱਛਮੀ ਬੰਗਾਲ ਪੁਲੀਸ ‘ਪੂਰੀ ਦ੍ਰਿੜ੍ਹਤਾ ਨਾਲ ਜਾਂਚ ਕਰ ਰਹੀ ਹੈ’ ਤੇ ‘ਸਾਰੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ।’’ ਟੀਐੱਮਸੀ ਸੰਸਦ ਮੈਂਬਰ ਨੇ ਸੰਦੇਸ਼ਖਲੀ ਮਾਮਲੇ ਦੀ ਗੱਲ ਕਰਦਿਆਂ ਕਿਹਾ, ‘‘ਇਹ ਪੂਰੀ ਘਟਨਾ ਹੋਰ ਕੁਝ ਨਹੀਂ ਬਲਕਿ ਭਾਜਪਾ ਵੱਲੋਂ ਬੰਗਾਲ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਸੀ। ਸ਼ਰ੍ਹੇਆਮ ਝੂਠ ਬੋਲੇ ਗਏ ਤੇ ਪੈਸੇ ਦੇ ਕੇ ਬਲਾਤਕਾਰ ਦੀਆਂ ਫ਼ਰਜ਼ੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ।’’ ਉਨ੍ਹਾਂ ਕਿਹਾ, ‘ਸੰਦੇਸ਼ਖਲੀ ਤੇ ਬੰਗਾਲ ਦੇ ਲੋਕਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਭਾਜਪਾ ਚੋਣਾਂ ਹਾਰ ਗਈ।’’ ਘੋਸ਼ ਨੇ ਕਿਹਾ, ‘‘ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਜਦੋਂ ਸਦਨ ਵਿਚ ਬੋਲ ਰਹੇ ਹੋਣ ਤਾਂ ਉਹ ਕਿਸੇ ਘਟਨਾ ਦੀ ਚੋਣਵੀਂ ਨਹੀਂ ਬਲਕਿ ਮੁਕੰਮਲ ਤਸਵੀਰ ਪੇਸ਼ ਕਰਨ। ਪ੍ਰਧਾਨ ਮੰਤਰੀ ਨੂੰ ਆਪਣੇ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਲਿਹਾਜ਼ਾ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੂੰ ਕਾਰਵਾਈ ’ਚੋਂ ਹਟਾਇਆ ਜਾਵੇ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×