ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਉਮੀਦਵਾਰ ਐਲਾਨੇ
* ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਹਲਕਾ ਚੱਬੇਵਾਲ ਤੋਂ ਰਣਜੀਤ ਕੁਮਾਰ ਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਉਮੀਦਵਾਰ ਹੋਣਗੇ
ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਕਤੂਬਰ
ਪੰਜਾਬ ਕਾਂਗਰਸ ਨੇ ਜ਼ਿਮਨੀ ਚੋਣਾਂ ਲਈ ਅੱਜ ਦੇਰ ਸ਼ਾਮ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਸੂਚੀ ਅਨੁਸਾਰ ਹਲਕਾ ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਰਾਖਵਾਂ ਹਲਕਾ ਚੱਬੇਵਾਲ ਤੋਂ ਰਣਜੀਤ ਕੁਮਾਰ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ‘ਆਪ’ ਵੱਲੋਂ ਪਹਿਲਾਂ ਹੀ ਚਾਰ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਜਦਕਿ ਭਾਜਪਾ ਨੇ ਵੀ ਤਿੰਨ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਉਮੀਦਵਾਰਾਂ ਦਾ ਐਲਾਨ ਕਰਨ ਵਿਚ ਸ਼੍ਰੋਮਣੀ ਅਕਾਲੀ ਦਲ ਪਛੜ ਗਿਆ ਹੈ।
ਕਾਂਗਰਸ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਾਇਆ ਹੈ ਜੋ ਲੋਕ ਸਭਾ ਚੋਣਾਂ ਸਮੇਂ ਹਲਕਾ ਬਠਿੰਡਾ ਤੋਂ ਟਿਕਟ ਦੇ ਦਾਅਵੇਦਾਰ ਸਨ। ਰਾਜਾ ਵੜਿੰਗ ਲਈ ਗਿੱਦੜਬਾਹਾ ਦੀ ਸੀਟ ਹੁਣ ਵੱਕਾਰੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਪੁਰਾਣੇ ਸਿਆਸੀ ਵਿਰੋਧੀ ਰਹੇ ਹਨ ਅਤੇ ਹੁਣ ਗਿਦੜਬਾਹਾ ਸੀਟ ਤੋਂ ਮਨਪ੍ਰੀਤ ਅਤੇ ਵੜਿੰਗ ਦੀ ਪਤਨੀ ਅੰਿਮ੍ਰਤਾ ਵੜਿੰਗ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਐਲਾਨੀ ਗਈ ਜਤਿੰਦਰ ਕੌਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ।
ਜ਼ਿਮਨੀ ਚੋਣ: ਭਾਜਪਾ ਵੱਲੋਂ ਤਿੰਨ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ (ਆਤਿਸ਼ ਗੁਪਤਾ):
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਸਿਆਸੀ ਮੈਦਾਨ ਭਖਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਚਾਰਾਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਅੱਜ ਭਾਜਪਾ ਨੇ ਵੀ ਤਿੰਨ ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਹਨ। ਚੌਥੀ ਸੀਟ ਲਈ ਉਮੀਦਵਾਰ ਦਾ ਐਲਾਨ ਅਜੇ ਬਾਕੀ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਕੀਤੇ ਐਲਾਨ ਮੁਤਾਬਕ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਵਿਧਾਨ ਸਭਾ ਹਲਕਾ ਚੱਬੇਵਾਲ ਲਈ ਜਲਦੀ ਹੀ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਭਾਜਪਾ ਦੇ ਗਿੱਦੜਬਾਹਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਇਸੇ ਹਲਕੇ ਤੋਂ ਸਾਲ 1995, 1997, 2002 ਤੇ 2007 ਵਿਚ ਵਿਧਾਇਕ ਚੁਣੇ ਗਏ ਸਨ। ਸਾਲ 2007 ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸ੍ਰੀ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਬਣਾਈ ਤੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਉਹ ਹਾਰ ਗਏ ਸਨ। ਸ੍ਰੀ ਬਾਦਲ ਸਾਲ 2016 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਉਨ੍ਹਾਂ ਸਾਲ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਦੀ ਸਰਕਾਰ ਵਿੱਚ ਮੁੜ ਵਿੱਤ ਮੰਤਰੀ ਬਣੇ। ਹੁਣ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਉਹ ਕਾਂਗਰਸ ਨੂੰ ਛੱਡ ਕੇ ਸਾਲ 2023 ਦੀ ਸ਼ੁਰੂਆਤ ਵਿੱਚ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਕਾਂਗਰਸ ਦੀ ਟਿਕਟ ਉੱਤੇ ਬਰਨਾਲਾ ਤੋਂ ਹੀ ਸਾਲ 2007 ਤੇ 2012 ਵਿੱਚ ਵਿਧਾਇਕ ਰਹਿ ਚੁੱਕੇ ਹਨ। ਸ੍ਰੀ ਢਿੱਲੋਂ ਸਾਲ 2017 ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੋਣ ਹਾਰ ਗਏ ਸਨ। ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਸਾਲ 2019 ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦਿੱਤਾ ਤਾਂ ਉਹ ਭਗਵੰਤ ਸਿੰਘ ਮਾਨ ਤੋਂ ਹਾਰ ਗਏ। ਸਾਲ 2022 ਵਿੱਚ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਟਿਕਟ ਕੱਟ ਦਿੱਤਾ ਸੀ। ਉਸ ਤੋਂ ਕੁਝ ਸਮਾਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਢਿੱਲੋਂ ਨੂੰ ਸਾਲ 2022 ਵਿੱਚ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਵੀ ਚੋਣ ਮੈਦਾਨ ਵਿੱਚ ਉਤਾਰਿਆ ਸੀ, ਪਰ ਉਹ ਹਾਰ ਗਏ ਸਨ। ਭਾਜਪਾ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ, ਜੋ ਕਿ ਇਸੇ ਸਾਲ ਭਾਜਪਾ ਵਿੱਚ ਸ਼ਾਮਲ ਹੋਏ ਸਨ। ਸ੍ਰੀ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2022 ਵਿੱਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਟਿਕਟ ਦਿੱਤੀ ਸੀ, ਪਰ ਉਹ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੋਂ ਹਾਰ ਗਏ। ਦੱਸਣਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ 13 ਨਵੰਬਰ ਨੂੰ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਜ਼ਿਮਨੀ ਚੋਣਾਂ ਬਾਰੇ ‘ਆਪ’ ਦੀ ਮੀਟਿੰਗ ਅੱਜ
ਚੰਡੀਗੜ੍ਹ (ਟਨਸ):
ਮੁੱਖ ਮੰਤਰੀ ਭਗਵੰਤ ਮਾਨ ਜ਼ਿਮਨੀ ਚੋਣਾਂ ਬਾਰੇ ਭਲਕੇ ਮਿਉਂਸਿਪਲ ਭਵਨ ਵਿਚ ਹੋਣ ਵਾਲੀ ‘ਆਪ’ ਦੀ ਬੈਠਕ ਵਿਚ ਸ਼ਾਮਲ ਹੋਣਗੇ। ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਪਹੁੰਚ ਰਹੇ ਹਨ। ਇਹ ਮੀਟਿੰਗ ਜ਼ਿਮਨੀ ਚੋਣਾਂ ਦੀ ਤਿਆਰੀ ਨੂੰ ਲੈ ਕੇ ਰੱਖੀ ਗਈ ਹੈ, ਜਿਸ ਵਿਚ ਪਾਰਟੀ ਦੇ ਸੀਨੀਅਰ ਅਤੇ ਜੂਨੀਅਰ ਆਗੂਆਂ ਤੋਂ ਇਲਾਵਾ ਪਾਰਟੀ ਵਲੰਟੀਅਰ ਵੀ ਪਹੁੰਚਣਗੇ। ਪਾਰਟੀ ਦੇ ਵਿਧਾਇਕ ਤੇ ਵਜ਼ੀਰ ਵੀ ਇਸ ਵਿਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ਜ਼ਿਮਨੀ ਚੋਣਾਂ ਵਾਲੀਆਂ ਸੀਟਾਂ ’ਤੇ ਡਿਊਟੀਆਂ ਲਗਾਈਆਂ ਜਾਣੀਆਂ ਹਨ।