ਰਾਹੁਲ ਦੀ ਸਜ਼ਾ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕਾਂਗਰਸ ਬਾਗ਼ੋਬਾਗ਼
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਅਗਸਤ
ਮੋਦੀ ਉਪਨਾਮ ਮਾਮਲੇ ’ਚ ਹੇਠਲੀ ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ ਸੁਣਾਈ ਸਜ਼ਾ ’ਤੇ ਸੁਪਰੀਮ ਕੋਰਟ ਵੱਲੋਂ ਅੱਜ ਰੋਕ ਲਾਏ ਜਾਣ ’ਤੇ ਕਾਂਗਰਸੀਆਂ ਨੇ ਲੱਡੂ ਵੰਡ ਕੇ ਜਸ਼ਨ ਮਨਾਏ। ਜ਼ਿਲ੍ਹਾ ਕਾਂਗਰਸ ਭਵਨ ਵਿੱਚ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ’ਚ ਕਾਂਗਰਸੀਆਂ ਨੇ ਅਦਾਲਤ ਦੇ ਤਾਜ਼ਾ ਫੈਸਲੇ ’ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਗਾਂਧੀ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂਆਂ ਰਾਜਨ ਗਰਗ, ਕੇਕੇ ਅਗਰਵਾਲ, ਅਸ਼ੋਕ ਕੁਮਾਰ ਅਤੇ ਬਲਜਿੰਦਰ ਠੇਕੇਦਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਸੱਚਮੁੱਚ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਉਹ ਫ਼ੈਸਲੇ ਦਾ ਸਵਾਗਤ ਕਰਦੇ ਹਨ। ਹਰਵਿੰਦਰ ਲੱਡੂ, ਬਲਰਾਜ ਪੱਕਾ, ਸੁਰਿੰਦਰਜੀਤ ਸਾਹਨੀ ਅਤੇ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਇਸ ਫੈਸਲੇ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਮਜ਼ਬੂਤ ਕੀਤੇ ਹਨ ਅਤੇ ਉਹ ਹੋਰ ਮਜ਼ਬੂਤੀ ਨਾਲ ਮੋਦੀ ਦੀ ਤਾਨਸ਼ਾਹ ਹਕੂਮਤ ਨਾਲ ਟੱਕਰ ਲੈਣਗੇ। ਕਿਰਨਜੀਤ ਸਿੰਘ ਗਹਿਰੀ, ਹਰਿ ਓਮ ਠਾਕੁਰ, ਬਲਵੰਤ ਰਾਏ ਨਾਥ, ਰਮੇਸ਼ ਰਾਣੀ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਮੋਦੀ ਸਰਕਾਰ ਵੱਲੋਂ ਹਰ ਵਿਰੋਧੀ ਆਵਾਜ਼ ਨੂੰ ਦਬਾਉਣ ਦੇ ਹੱਥਕੰਡਿਆਂ ਖ਼ਿਲਾਫ਼ ਤਕੜਾ ਜੁਆਬ ਹੈ।