ਕਾਂਗਰਸ ਅਤੇ ਜੇਐੱਮਐੱਮ 70 ਸੀਟਾਂ ’ਤੇ ਲੜਨਗੇ ਚੋਣ: ਸੋਰੇਨ
ਰਾਂਚੀ, 19 ਅਕਤੂਬਰ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਅਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜੇਗਾ ਅਤੇ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਵੱਲੋਂ 81 ’ਚੋਂ 70 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਜਾਣਗੇ। ਬਾਕੀ 11 ਸੀਟਾਂ ਲਈ ਗੱਠਜੋੜ ਸਹਿਯੋਗੀਆਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਤੇ ਖੱਬੇਪੱਖੀ ਪਾਰਟੀਆਂ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਜਾਰੀ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ 66 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਝਾਰਖੰਡ ਵਿਧਾਨ ਸਭਾ ਚੋਣਾਂ 13 ਤੇ 20 ਨਵੰਬਰ ਨੂੰ ਦੋ ਗੇੜਾਂ ’ਚ ਹੋਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਸੋਰੇਨ ਨੇ ਗੱਠਜੋੜ ਦੇ ਭਾਈਵਾਲਾਂ ਨਾਲ ਮੀਟਿੰਗ ਮਗਰੋਂ ਕਿਹਾ, ‘ਵਿਰੋਧੀ ਗੱਠਜੋੜ ‘ਇੰਡੀਆ’ ਝਾਰਖੰਡ ਵਿਧਾਨ ਸਭਾ ਚੋਣਾਂ ਮਿਲ ਕੇ ਲੜੇਗਾ। ਸਹਿਯੋਗੀ ਪਾਰਟੀਆਂ ਨਾਲ ਸੀਟ ਵੰਡ ਬਾਰੇ ਗੱਲਬਾਤ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਰਾਜ ਵਿਧਾਨ ਸਭਾ ਦੀਆਂ 81 ’ਚੋਂ 70 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨਗੇ।’ ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਹੇਠ ਗੱਠਜੋੜ ਮੁੜ ਸੱਤਾ ਹਾਸਲ ਕਰੇਗਾ। -ਪੀਟੀਆਈ
ਸੀਟ ਵੰਡ ਦੇ ਫ਼ੈਸਲੇ ਤੋਂ ਆਰਜੇਡੀ ਨਿਰਾਸ਼
ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਵੱਲੋਂ 81 ’ਚੋਂ 70 ਸੀਟਾਂ ’ਤੇ ਚੋਣ ਲੜਨ ਦੇ ਫ਼ੈਸਲੇ ਤੋਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਨਾਖ਼ੁਸ਼ ਹੈ। ਆਰਜੇਡੀ ਦੇ ਬੁਲਾਰੇ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਉਨ੍ਹਾਂ ਨੂੰ ਸੀਟਾਂ ਦੀ ਕੀਤੀ ਪੇਸ਼ਕਸ਼ ਤੋਂ ਪਾਰਟੀ ਨਾਰਾਜ਼ ਹੈ। ਇਹ ਪੂਰੀ ਤਰ੍ਹਾਂ ਇੱਕਪਾਸੜ ਫ਼ੈਸਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਲਈ ਸਾਰੇ ਰਾਹ ਖੁੱਲ੍ਹੇ ਹਨ।