ਕਾਂਗਰਸ ਅਤੇ ਭਾਜਪਾ ਇੱਕੋ ਸਿੱਕੇ ਦੇ ਦੋ ਪਾਸੇ: ਕੇਸੀਆਰ
ਆਦਿਲਾਬਾਦ, 16 ਨਵੰਬਰ
ਕਾਂਗਰਸ ਅਤੇ ਭਾਜਪਾ ਨੂੰ ਇੱਕੋ ਸਿੱਕੇ ਦੇ ਦੋ ਪਾਸੇ ਕਰਾਰ ਦਿੰਦਿਆਂ ਬੀਆਰਐੱਸ ਮੁਖੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਇੱਥੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਵੋਟ ਪਾਉਣਾ ‘ਫਜ਼ੂਲ’ ਹੈ। ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਸੀਆਰ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਵਿੱਚ ਮੁੜ ਸਰਕਾਰ ਨਹੀਂ ਬਣਾ ਸਕਣਗੇ ਅਤੇ ਆਉਣ ਵਾਲੇ ਦਿਨ ਖੇਤਰੀ ਪਾਰਟੀਆਂ ਦੇ ਹਨ। ਕੇਸੀਆਰ ਨੇ ਦੋਵਾਂ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਫਿਰਕੂ ਕੱਟੜਤਾ ਨੂੰ ਭੜਕਾਉਣ ਵਾਲੀ ਭਾਜਪਾ ਨੂੰ ਕੂੜੇਦਾਨ ਵਿੱਚ ਸੁੱਟ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਇੱਕ ਵੋਟ ਵੀ ਭਾਜਪਾ ਨੂੰ ਦਿੰਦੇ ਹੋ ਤਾਂ ਇਹ ਵਿਅਰਥ ਹੈ। ਜੇਕਰ ਤੁਸੀਂ ਕਾਂਗਰਸ ਨੂੰ ਵੋਟ ਪਾਉਂਦੇ ਹੋ ਤਾਂ ਇਹ ਹੋਰ ਵੀ ਬਰਬਾਦੀ ਹੋਵੇਗੀ।’’
ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਕੋਈ ਇਸ ਪਾਰਟੀ ਨੂੰ ਵੋਟ ਕਿਉਂ ਦੇਵੇ ਜਦੋਂ ਇਸ ਨੇ ਤਿਲੰਗਾਨਾ ਵਿੱਚ ਇੱਕ ਵੀ ਮੈਡੀਕਲ ਕਾਲਜ ਜਾਂ ਨਵੋਦਿਆ ਸਕੂਲ ਨਹੀਂ ਖੋਲ੍ਹਿਆ। ਕੇਸੀਆਰ ਨੇ ਕਿਹਾ ਕਿ ਤਿਲੰਗਾਨਾ ਇੱਕ ਧਰਮ-ਨਿਰਪੱਖ ਸੂਬਾ ਹੈ ਅਤੇ ਜਦੋਂ ਤੱਕ ਕੇਸੀਆਰ ਜਿਊਂਦਾ ਹੈ ਤਾਂ ਇਹ ਧਰਮ ਨਿਰਪੱਖ ਹੀ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ, ਜਿਸ ਨੇ 2014 ਵਿੱਚ ਰਾਜ ਦੇ ਗਠਨ ਤੋਂ ਪਹਿਲਾਂ 10 ਸਾਲ ਰਾਜ ਕੀਤਾ ਸੀ, ਨੇ ਘੱਟ ਗਿਣਤੀਆਂ ਦੇ ਵਿਕਾਸ ਲਈ ਸਿਰਫ 2,000 ਕਰੋੜ ਰੁਪਏ ਖਰਚ ਕੀਤੇ ਸਨ, ਜਦੋਂ ਕਿ ਬੀਆਰਐੱਸ ਸਰਕਾਰ ਨੇ ਪਿਛਲੇ ਦਹਾਕੇ ਵਿੱਚ 12,000 ਕਰੋੜ ਰੁਪਏ ਖਰਚ ਕੀਤੇ ਹਨ। ਕੇਸੀਆਰ ਨੇ ਲੋਕਾਂ ਨੂੰ ਬੀਆਰਐੱਸ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। -ਪੀਟੀਆਈ
ਤਿਲੰਗਾਨਾ: ਵਿਧਾਨ ਸਭਾ ਚੋਣਾਂ ਲਈ 2290 ਉਮੀਦਵਾਰ ਮੈਦਾਨ ਵਿੱਚ
ਹੈਦਰਾਬਾਦ: ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ 2290 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ 608 ਉਮੀਦਵਾਰਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।ਮੁੱਖ ਚੋਣ ਕਮਿਸ਼ਨ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਗਜਵੇਲ ਤੋਂ 44 ਅਤੇ ਕਾਮਾਰੈੱਡੀ ਵਿਧਾਨ ਸਭਾ ਹਲਕੇ ਤੋਂ 39 ਉਮੀਦਵਾਰ ਮੈਦਾਨ ਵਿੱਚ ਹਨ। ਤਿਲੰਗਾਨਾ ਦੇ ਮੁੱਖ ਮੰਤਰੀ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਓ ਵੀ ਇਨ੍ਹਾਂ ਦੋਵਾਂ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇ ਰਹੇ ਹਨ। ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਐੱਲਬੀ ਨਗਰ ਵਿਧਾਨ ਸਭਾ ਸੀਟ ਤੋਂ ਸਭ ਤੋਂ ਵੱਧ 48 ਅਤੇ ਬਾਂਸਵਾੜਾ ਤੇ ਨਾਰਾਇਣਪੇਟ ਵਿਧਾਨ ਸਭਾ ਹਲਕੇ ਤੋਂ ਸਭ ਤੋਂ ਘੱਟ 7-7 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਕਾਂਗਰਸ ਤੇ ਹੋਰ ਵੱਡੀਆਂ ਪਾਰਟੀਆਂ ਦੇ ਕੁਝ ਆਗੂਆਂ ਨੇ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਪਰ ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਬੁੱਧਵਾਰ ਨੂੰ ਉਨ੍ਹਾਂ ਅਧਿਕਾਰਤ ਉਮੀਦਵਾਰਾਂ ਦੀ ਹਮਾਇਤ ’ਚ ਆਪਣਾ ਨਾਂ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਗਰੋਂ 2898 ਉਮੀਦਵਾਰਾਂ ਦੇ ਕਾਗਜ਼ਾਂ ਨੂੰ ਪ੍ਰਵਾਨਗੀ ਦਿੱਤੀ ਸੀ। ਪ੍ਰਾਪਤ ਅੰਕੜਿਆਂ ਅਨੁਸਾਰ ਤਿਲੰਗਾਨਾ ’ਚ ਕੁੱਲ 3.26 ਕਰੋੜ ਤੋਂ ਵੱਧ ਵੋਟਰ ਹਨ। ਸੂਬੇ ਦੀ 119 ਮੈਂਬਰੀ ਵਿਧਾਨ ਸਭਾ ਲਈ 30 ਨਵੰਬਰ ਨੂੰ ਵੋਟਾਂ ਪੈਣਗੀਆਂ। -ਪੀਟੀਆਈ