ਕਾਂਗਰਸ ਤੇ ਭਾਜਪਾ ਸੂਬੇ ਨੂੰ ਤਬਾਹ ਕਰਨ ਲੱਗੇ: ਚੌਟਾਲਾ
ਦੇਵਿੰਦਰ ਸਿੰਘ
ਯਮੁਨਾਨਗਰ, 20 ਅਗਸਤ
ਇਨੈਲੋ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਪਰਿਵਰਤਨ ਯਾਤਰਾ ਦੇ 169ਵੇਂ ਦਿਨ ਅੱਜ ਇੱਥੇ ਮੌਜੂਦ ਹਜ਼ਾਰਾਂ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਨ ਤੋਂ ਬਾਅਦ ਆਮ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਸਰਕਾਰ ਦੇ ‘ਆਪ ਕੇ ਦੁਆਰ’ ਪ੍ਰੋਗਰਾਮ ਤਹਿਤ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਘਰ ਬੈਠੇ ਹੀ ਕੀਤਾ ਜਾਵੇਗਾ। ਮੌਜੂਦਾ ਸਰਕਾਰ ਵੱਲੋਂ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਨਹੀਂ ਕੀਤਾ ਗਿਆ, ਭਾਜਪਾ-ਜੇਜੇਪੀ ਦੇ ਆਗੂਆਂ ਵੱਲੋਂ ਜਨਤਾ ਨਾਲ ਕੀਤੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ ਸੂਬੇ ਵਿੱਚ ਅਪਰਾਧੀਆਂ ਦਾ ਮਨੋਬਲ ਬੁਲੰਦ ਹੈ, ਨਸ਼ਾ ਹਰ ਪਿੰਡ ਅਤੇ ਹਰ ਗਲੀ ਤੱਕ ਪਹੁੰਚ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਹੈ। ਦੋਵੇਂ ਮਿਲ ਕੇ ਸੂਬੇ ਨੂੰ ਤਬਾਹ ਕਰਨ ਵਿੱਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੀ ਵਾਰ ਮੁੜ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਇਨੈਲੋ ਆਗੂ ਨੇ ਕਿਹਾ ਕਿ ਜਦੋਂ ਕੋਈ ਹੰਕਾਰ ਨਾਲ ਗੱਲ ਕਰਦਾ ਹੈ ਤਾਂ ਉਸ ਦਾ ਹੰਕਾਰ ਕਿਸੇ ਵੀ ਹਾਲਤ ਵਿੱਚ ਟੁੱਟ ਜਾਂਦਾ ਹੈ। ਇਹ ਦੇਸ਼ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਅਗਲੀ ਸਰਕਾਰ ਕਿਸ ਦੀ ਬਣੇਗੀ। ਅਭੈ ਚੌਟਾਲਾ ਨੇ ਦਾਅਵਾ ਕੀਤਾ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਇਸ ਪਰਿਵਰਤਨ ਯਾਤਰਾ ਨਾਲ ਕੁਝ ਨਹੀਂ ਹੋਵੇਗਾ, ਉਨ੍ਹਾਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੀ ਸਫ਼ਲਤਾ ਨਾਲ ਇਨੈਲੋ 1987 ਨੂੰ ਦੁਹਰਾ ਕੇ ਸੱਤਾ ਵਿੱਚ ਆਵੇਗੀ। ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਪਿਛਲੇ 169 ਦਿਨਾਂ ਤੋਂ ਚਲਾਈ ਜਾ ਰਹੀ ਪਰਿਵਰਤਨ ਯਾਤਰਾ ਅੱਜ ਯਮੁਨਾ ਨਗਰ ਦੀ ਵਰਕਸ਼ਾਪ ਰੋਡ ਤੋਂ ਸ਼ੁਰੂ ਹੋਈ। ਸ਼ਹਿਰ ਦੇ ਵੱਖ-ਵੱਖ ਪਿੰਡਾਂ ਅਤੇ ਕਲੋਨੀਆਂ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਰਕਰ ਸਵੇਰ ਤੋਂ ਹੀ ਯਾਤਰਾ ਦੇ ਸ਼ੁਰੂਆਤੀ ਸਥਾਨ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮੰਚ ’ਤੇ ਮੌਜੂਦ ਇਨੈਲੋ ਆਗੂ ਸੁਨੈਨਾ ਚੌਟਾਲਾ, ਅਰਜੁਨ ਚੌਟਾਲਾ ਨੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਿਆ। ਸੁਨੈਨਾ ਚੌਟਾਲਾ ਵੱਲੋਂ ਚੌਧਰੀ ਓਮਪ੍ਰਕਾਸ਼ ਚੌਟਾਲਾ ਦੀ ਸਰਕਾਰ ਵਿੱਚ ਕੀਤੇ ਗਏ ਲੋਕ ਹਿੱਤ ਕੰਮਾਂ ਬਾਰੇ ਵੀ ਆਮ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਔਰਤਾਂ ਭਾਜਪਾ, ਕਾਂਗਰਸ ਆਦਿ ਪਾਰਟੀਆਂ ਨੂੰ ਛੱਡ ਕੇ ਇੰਡੀਅਨ ਨੈਸ਼ਨਲ ਲੋਕ ਦਲ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦਾ ਚੌਧਰੀ ਅਭੈ ਸਿੰਘ ਚੌਟਾਲਾ ਵੱਲੋਂ ਸਾਰਿਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ । ਪਰਿਵਰਤਨ ਯਾਤਰਾ ਵਿੱਚ ਸਾਬਕਾ ਵਿਧਾਇਕ ਦਿਲਬਾਗ ਸਿੰਘ, ਸਾਬਕਾ ਵਿਧਾਇਕ ਸ਼ਿਆਮ ਸਿੰਘ ਰਾਣਾ, ਸੁਰੇਸ਼ ਸ਼ਰਮਾ, ਨੌਜਵਾਨ ਆਗੂ ਗੁਰਜਿੰਦਰ ਖੇੜੀ, ਕੁਲਵਿੰਦਰ ਕੌਲੀ ਸਮੇਤ ਹਜ਼ਾਰਾਂ ਇਨੈਲੋ ਵਰਕਰਾਂ, ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।