ਕਾਂਗਰਸ ਤੇ ਭਾਜਪਾ ਵੱਲੋਂ ਦਿੱਲੀ ਵਿੱਚ ਪ੍ਰਦਰਸ਼ਨ
ਮਨਧੀਰ ਦਿਓਲ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਪ੍ਰਦੇਸ਼ ਭਾਜਪਾ ਨੇ ਦਿੱਲੀ ਸਰਕਾਰ ’ਤੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦੀ ਥਾਂ ਔਸਤਨ ਬਿੱਲ ਤੇ ਫਿਕਸਡ ਚਾਰਜ ਦੇ ਨਾਂ ’ਤੇ ਦਿੱਲੀ ਵਾਸੀਆਂ ਤੋਂ ਵੱਧ ਬਿਜਲੀ ਬਿੱਲ ਵਸੂਲਣ ਦਾ ਦੋਸ਼ ਲਾਉਂਦਿਆਂ ਪ੍ਰਦਰਸ਼ਨ ਕੀਤਾ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੁੜੀ ਦੀ ਅਗਵਾਈ ਹੇਠ ਭਾਜਪਾ ਕਾਰਕੁਨਾਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੂੰ ਕੋਸਿਆ। ਉਨ੍ਹਾਂ ਸੂਬਾ ਸਰਕਾਰ ਦਾ ਪੁਤਲਾ ਵੀ ਫੂਕਿਆ। ਪ੍ਰਦਰਸ਼ਨ ਵਿੱਚ ਭਾਜਪਾ ਸੂਬਾ ਪ੍ਰਧਾਨ ਆਦੇਸ਼ ਗੁਪਤਾ ਸਮੇਤ ਹੋਰ ਪ੍ਰਦੇਸ਼ਕ ਆਗੂ ਸ਼ਾਮਲ ਸਨ। ਮੁੱਖ ਮੰਤਰੀ ਕੇਜਰੀਵਾਲ ਦੇ ਸਰਕਾਰੀ ਨਿਵਾਸ ਸਥਾਨ ਉਪਰ ਹੋਏ ਪ੍ਰਦਰਸ਼ਨ ਦੌਰਾਨ ਭਾਜਪਾ ਕਾਰਕੁਨਾਂ ਦਾ ਟਾਕਰਾ ਦਿੱਲੀ ਪੁਲੀਸ ਨਾਲ ਹੋਇਆ ਤੇ ਪੁਲੀਸ ਰੋਕਾਂ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਆਗੂਆਂ ਨੂੰ ਫੜ ਕੇ ਸਿਵਲ ਲਾਈਨਜ਼ ਥਾਣੇ ਲੈ ਗਈ ਜਿੱਥੇ ਕੁੱਝ ਸਮਾਂ ਹਿਰਾਸਤ ਵਿੱਚ ਰੱਖਣ ਮਗਰੋਂ ਰਿਹਾਅ ਕਰ ਦਿੱਤਾ ਗਿਆ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਰੋਨਾ ਸੰਕਟ ਦੌਰਾਨ ਦਿੱਲੀ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਿਜਲੀ ਖਰੀਦ ਚਾਰਜ, ਫਿਕਸਡ ਚਾਰਜ ਤੇ ਹੋਰ ਸਰਚਾਰਜ ਲਾ ਕੇ ਭਾਰੀ ਬਿੱਲ ਖਪਤਕਾਰਾਂ ਨੂੰ ਭੇਜੇ ਹਨ। ਉਮੀਦ ਸੀ ਕਿ ਕੋਵਿਡ-19 ਮਹਾਮਾਰੀ ਬਦਲੇ ਦਿੱਲੀ ਸਰਕਾਰ ਲੋਕਾਂ ਨੂੰ ਰਾਹਤ ਦੇਵੇਗੀ ਪਰ ਦਿੱਲੀ ਸਰਕਾਰ ਬਿਜਲੀ ਕੰਪਨੀਆਂ ਜ਼ਰੀਏ ਲੋਕਾਂ ਦੀਆਂ ਜੇਬਾਂ ਉਪਰ ਬੋਝ ਪਾ ਰਹੀ ਹੈ। ਘਰੇਲੂ ਖਪਤਕਾਰਾਂ ਨੂੰ ਵੀ ਬਨਿਾਂ ਸਬਸਿਡੀ ਦੇ ਬਿੱਲ ਭੇਜੇ ਜਾ ਰਹੇ ਹਨ।
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਰਾਜਸਥਾਨ ਅੰਦਰ ਕਾਂਗਰਸ ਸਰਕਾਰ ਡੇਗਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਕਸੂਰਵਾਰ ਭਾਜਪਾ ਨੂੰ ਦੱਸਦੇ ਹੋਏ ਦਿੱਲੀ ਦੇ ਰਾਜਨਿਵਾਸ ਨੇੜੇ ਮੁਜ਼ਾਹਰਾ ਕਰਕੇ ਸੰਵਿਧਾਨਕ ਤੇ ਲੋਕਤੰਤਰੀ ਮਾਪਦੰਡਾਂ ਤੇ ਕਦਰਾਂ ਕੀਮਤਾਂ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੱਤਾ ਗਿਆ। ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਵੱਲੋਂ ਹੱਥਾਂ ਵਿੱਚ ਫੜੀਆਂ ਹੋਈਆਂ ਤਖ਼ਤੀਆਂ ਉਪਰ ਭਾਜਪਾ ਨੂੰ ਜਨਮਤ ਦੀ ਇੱਜ਼ਤ ਕਰਨ ਦੀ ਨਸੀਹਤ ਦਿੰਦੇ ਹੋਏ ਨਾਅਰੇ ਲਿਖੇ ਹੋਏ ਸਨ।
ਸੂਬਾ ਪ੍ਰਧਾਨ ਸ੍ਰੀ ਕੁਮਾਰ ਨੇ ਕਿਹਾ ਕਿ ਇੱਕ ਪਾਸੇ ਦੇਸ਼ ਅੰਦਰ ਹਜ਼ਾਰਾਂ ਕਰੋਨਾ ਮਰੀਜ਼ ਪਾਏ ਜਾਂਦੇ ਹਨ ਪਰ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਰਾਜ ਸਰਕਾਰਾਂ ਨੂੰ ਡੇਗਣ ਦੇ ਮਨਸੂਬੇ ਘੜ ਰਹੀ ਹੈ। ਅਸੰਵਿਧਾਨਕ ਤਰੀਕਿਆਂ ਨਾਲ ਰਾਜਸਥਾਨ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ। ਕਾਂਗਰਸੀ ਆਗੂ ਲੁਡਲੋ ਕੇਸਲ ਸਕੂਲ, ਸਿਵਲ ਲਾਈਨਜ਼ ਵਿੱਚ ਇਕੱਠੇ ਹੋਏ ਤੇ ਜਿਉਂ ਹੀ ਉਹ ਅੱਗੇ ਵਧੇ ਤਾਂ ਪੁਲੀਸ ਨੇ ਜਬਰ ਰੋਕ ਲਿਆ। ਸੀਨੀਅਰ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਮੌਰਿਸ ਨਗਰ ਪੁਲੀਸ ਸਟੇਸ਼ਨ ਵਿੱਚ ਲੈ ਜਾਇਆ ਗਿਆ। ਇਹ ਪ੍ਰਦਰਸ਼ਨ ਕਾਂਗਰਸ ਵੱਲੋਂ ਸਾਰੇ ਰਾਜਾਂ ਵਿੱਚ ਭਾਜਪਾ ਖ਼ਿਲਾਫ਼ ‘ਦੇਸ਼ ਬਚਾਓ-ਸੰਵਿਧਾਨ ਬਚਾਓ’ ਮੁਹਿੰਮ ਤਹਿਤ ਦਿੱਲੀ ਵਿੱਚ ਵੀ ਕੀਤਾ ਗਿਆ।