For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਤੇ ਭਾਜਪਾ ਕੋਲ ਭਗਵੰਤ ਮਾਨ ਵਰਗਾ ਨਹੀਂ ਕੋਈ ਕੱਦਾਵਰ ਆਗੂ

08:25 AM Feb 02, 2025 IST
ਕਾਂਗਰਸ ਤੇ ਭਾਜਪਾ ਕੋਲ ਭਗਵੰਤ ਮਾਨ ਵਰਗਾ ਨਹੀਂ ਕੋਈ ਕੱਦਾਵਰ ਆਗੂ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਹਫਤੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਿੱਲੀ ਦੇ ਵੋਟਰਾਂ ਦੀ ਵਸੋਂ ਮੁਤਾਬਿਕ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਲਾਇਆ ਜਾ ਰਿਹਾ ਹੈ। ਦਿੱਲੀ ਵਿੱਚ ਦਰਜਨ ਭਰ ਸੀਟਾਂ ’ਤੇ ਪੰਜਾਬੀ ਵੋਟਰ ਪ੍ਰਭਾਵਸ਼ਾਲੀ ਹਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਵੋਟਾਂ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰ-ਸ਼ੋਰ ਨਾਲ ਲੱਗੇ ਹੋਏ ਹਨ। ਉਨ੍ਹਾਂ ਦੇ ਹਾਸਰਸ ਭਰੇ ਭਾਸ਼ਣ ਸਰੋਤਿਆਂ ਨੂੰ ਬੰਨ੍ਹ ਕੇ ਰੱਖਦੇ ਹਨ। ਦੂਜੇ ਪਾਸੇ ਵਿਰੋਧੀ ਧਿਰਾਂ ਭਾਜਪਾ ਅਤੇ ਕਾਂਗਰਸ ਕੋਲ ਭਗਵੰਤ ਮਾਨ ਦੇ ਕੱਦ-ਬੁੱਤ ਦੇ ਬਰਾਬਰ ਕੋਈ ਪੰਜਾਬੀ ਆਗੂ ਨਾ ਹੋਣ ਕਰਕੇ ਦੋਵਾਂ ਪਾਰਟੀਆਂ ਨੂੰ ਪੰਜਾਬੀ ਆਗੂਆਂ ਦੀ ਘਾਟ ਰੜਕਣ ਲੱਗੀ ਹੈ। ਭਾਜਪਾ ਵੱਲੋਂ ਕਿਸੇ ਵੱਡੇ ਪੰਜਾਬੀ ਆਗੂ ਵੱਲੋਂ ਦਿੱਲੀ ਵਿੱਚ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਇਥੋਂ ਤੱਕ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਬਹੁਤਾ ਅਸਰਦਾਰ ਸਾਬਤ ਨਹੀਂ ਹੋ ਰਹੇ। ਭਾਜਪਾ ਵਾਲੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਵਿਧਾਨ ਸਭਾ, ਲੋਕ ਸਭਾ ਚੋਣਾਂ ’ਚ ਉਤਾਰਦੇ ਹੁੰਦੇ ਸਨ ਪਰ ਉਹ ਕਾਂਗਰਸ ਵਿੱਚ ਜਾ ਚੁੱਕੇ ਹਨ, ਹਾਲਾਂਕਿ ਕਾਂਗਰਸ ਵੱਲੋਂ ਵੀ ਨਵਜੋਤ ਸਿੱਧੂ ਨੂੰ ਦਿੱਲੀ ਦੇ ਚੋਣ ਪ੍ਰਚਾਰ ਵਿੱਚ ਕਿਤੇ ਡਿਊਟੀ ਨਹੀਂ ਦਿੱਤੀ ਗਈ। ਮਦਨ ਲਾਲ ਖੁਰਾਣਾ ਵਰਗੇ ਕੱਦਾਵਰ ਲੀਡਰ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਦਾ ਕੋਈ ਵੱਡਾ ਪੰਜਾਬੀ ਆਗੂ ਉੱਭਰ ਨਹੀਂ ਸਕਿਆ। ਉਂਝ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਆਗੂ ਸਿੱਖ ਹਲਕਿਆਂ ਵਿੱਚ ਭਾਜਪਾ ਉਮੀਦਵਾਰ ਅਤੇ ਉਨ੍ਹਾਂ ਦੇ ਸਾਥੀ ਰਹੇ ਮਨਜਿੰਦਰ ਸਿੰਘ ਸਿਰਸਾ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਇਸ ਤਰ੍ਹਾਂ ਭਾਜਪਾ ਦਾ ਦਾਰੋਮਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੈਲੀਆਂ ’ਤੇ ਹੀ ਹੈ। ਉਧਰ, ਕਾਂਗਰਸ ਵਿੱਚ ਵੀ ਕੋਈ ਬਹੁਤਾ ਵੱਡਾ ਆਗੂ ਪੰਜਾਬੀ ਹਲਕਿਆਂ ਵਿੱਚ ਚੋਣ ਪ੍ਰਚਾਰ ਨਹੀਂ ਕਰ ਰਿਹਾ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਦਿੱਲੀ ਵਿੱਚ ਭਗਵੰਤ ਮਾਨ ਅੱਗੇ ਊਣੀ ਜਾਪ ਰਹੀ ਹੈ। ਦਿੱਲੀ ਵਿੱਚ ਵੀ ਕਾਂਗਰਸ ਕੋਲ ਕੋਈ ਵੱਡਾ ਪੰਜਾਬੀ ਆਗੂ ਨਹੀਂ ਹੈ। ਕਾਂਗਰਸ ਕੋਲ ਪਹਿਲਾਂ ਅਰਵਿੰਦਰ ਸਿੰਘ ਲਵਲੀ ਅਤੇ ਤਰਵਿੰਦਰ ਸਿੰਘ ਮਾਰਵਾਹ ਵਰਗੇ ਸਿੱਖ ਆਗੂ ਸਨ ਜੋ ਹੁਣ ਭਾਜਪਾ ਦੀਆਂ ਟਿਕਟਾਂ ’ਤੇ ਚੋਣਾਂ ਲੜ ਰਹੇ ਹਨ। ਕਾਂਗਰਸ ਵਾਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਨੂੰ ਵੀ ਚੋਣਾਂ ਦੌਰਾਨ ਪੰਜਾਬੀ ਹਲਕਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਉਤਾਰਦੇ ਹੁੰਦੇ ਸਨ ਪਰ ਉਹ ਵੀ ਹੁਣ ਭਾਜਪਾ ਵਿੱਚ ਜਾ ਚੁੱਕੇ ਹਨ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਵਰਗੇ ਆਗੂਆਂ ਦੀ ਦਿੱਲੀ ਵਿੱਚ ਬਹੁਤੀ ਪਛਾਣ ਨਹੀਂ ਹੈ। ਆਪਣਾ ਸੀਮਤ ਅਸਰ ਰੱਖਣ ਵਾਲੇ ਸਰਨਾ ਭਰਾ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਜਾਣ ਕਰ ਕੇ ਕਾਂਗਰਸ ਤੋਂ ਦੂਰ ਹੋ ਚੁੱਕੇ ਹਨ, ਜੋ ਪਹਿਲੀਆਂ ਵਿੱਚ ਕਦੇ-ਕਦੇ ਕਾਂਗਰਸੀ ਸਟੇਜਾਂ ਉਪਰ ਦਿਖਾਈ ਦਿੰਦੇ ਹੁੰਦੇ ਸਨ।

Advertisement

Advertisement
Advertisement
Author Image

sukhwinder singh

View all posts

Advertisement