ਕਾਂਗਰਸ ਤੇ ਅਕਾਲੀ ਕੌਂਸਲਰਾਂ ਨੇ ਰਮਨ ਗੋਇਲ ਨੂੰ ਮੇਅਰ ਦੀ ਕੁਰਸੀ ਤੋਂ ਲਾਂਭੇ ਕੀਤਾ
ਮਨੋਜ ਸ਼ਰਮਾ/ਸ਼ਗਨ ਕਟਾਰੀਆ
ਬਠਿੰਡਾ, 15 ਨਵੰਬਰ
ਇੱਥੇ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਦੀ ਕੁਰਸੀ ਆਖਿਰ ਖੁੱਸ ਗਈ ਹੈ। ਜਨਰਲ ਹਾਊਸ ਵਿੱਚ ਅੱਜ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਬੇਭਰੋੋੋਸਗੀ ਦਾ ਮਤਾ ਪਾਸ ਕੀਤਾ। ਮੀਟਿੰਗ ਦੌਰਾਨ ਹਲਕਾ ਬਠਿੰਡਾ ਤੋਂ ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਆਪਣੇ ਕੌਂਸਲਰ ਭਾਣਜੇ ਸਣੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਪਰ ਉਹ ਵੋਟਿੰਗ ਤੋਂ ਦੂਰ ਰਹੇ। ਮੇਅਰ ਰਮਨ ਗੋਇਲ ਆਪਣੇ ਸਾਥੀ ਕੌਂਸਲਰਾਂ ਸਣੇ ਜਨਰਲ ਹਾਊਸ ਵਿੱਚ ਸ਼ਾਮਿਲ ਨਹੀਂ ਹੋਏ। ਮੀਟਿੰਗ ਲਈ ਕਾਂਗਰਸੀ ਕੌਂਸਲਰ ਬੱਸ ਰਾਹੀਂ ਦਫ਼ਤਰ ਪੁੱਜੇ।
ਜ਼ਿਕਰਯੋਗ ਹੈ ਕਿ 50 ਵਾਰਡਾਂ ਵਾਲੀ ਕਾਰਪੋਰੇਸ਼ਨ ਦੇ 31 ਦੇ ਕਰੀਬ ਕੌਂਸਲਰਾਂ ਨੇ 17 ਅਕਤੂਬਰ ਨੂੰ ਮੇਅਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਦੇ ਹੋਏ ਡੀਸੀ ਸ਼ੌਕਤ ਅਹਿਮਦ ਪਰੇ ਨੂੰ ਸੌਂਪ ਦਿੱਤਾ ਸੀ। ਇਸ ਮਤੇ ਤੋਂ ਬਾਅਦ ਡੀਸੀ ਵੱਲੋਂ 15 ਨਵੰਬਰ ਨੂੰ ਮੀਟਿੰਗ ਤੈਅ ਕੀਤੀ ਗਈ ਸੀ। ਅੱਜ ਡੀਸੀ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਦੌਰਾਨ ਕਾਂਗਰਸ ਦੇ 26, ਅਕਾਲੀ ਦਲ ਦੇ 4 ਕੌਂਸਲਰਾਂ ਵੱਲੋਂ ਮੇਅਰ ਖ਼ਿਲਾਫ਼ ਹੱਥ ਖੜ੍ਹੇ ਕਰਕੇ ਬੇਭਰੋਸਗੀ ਦਾ ਮਤਾ ਪਾਸ ਕੀਤਾ ਗਿਆ। ਗੌਰਤਲਬ ਹੈ ਕਿ ਬਠਿੰਡਾ ਵਿੱਚ ਆਪਣਾ ਸਿਆਸੀ ਕੱਦ ਮਾਪਣ ਲਈ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਸੀ, ਉੱਥੇ ਭਾਜਪਾ ਆਗੂ ਮਨਪ੍ਰੀਤ ਬਾਦਲ ਬਠਿੰਡਾ ਵਿੱਚ ਆਪਣੀ ਪਕੜ ਮਜ਼ਬੂਤ ਰੱਖਣ ਲਈ ਜ਼ੋਰ ਲਗਾ ਰਹੇ ਸਨ। ਅੱਜ ਮੀਟਿੰਗ ਮਗਰੋਂ ਬਠਿੰਡਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਨਿਗਮ ਦੇ ਨਵੇਂ ਮੇਅਰ ਅਤੇ ਹੋਰ ਅਹੁਦੇਦਾਰੀਆਂ ਲਈ ਉਹ ਰਾਜਾ ਵੜਿੰਗ ਨਾਲ ਸਲਾਹ ਕਰਨਗੇ। ਉਧਰ, ‘ਆਪ’ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਰਲ ਕੇ ਖੇਡੀ ਜਾ ਰਹੀ ਖੇਡ ਦਾ ਪਰਦਾਫਾਸ਼ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਨੇ ਭਾਜਪਾ ਨਾਲ ਮਿਲ ਕੇ ਡਰਾਮਾ ਖੇਡਿਆ ਹੈ। ਅੱਜ ਦੇ ਘਟਨਾਕ੍ਰਮ,ਜਿਸ ਵਿੱਚ ਅਕਾਲੀ ਕੌਂਸਲਰਾਂ ਨੇ ਕਾਂਗਰਸੀਆਂ ਦਾ ਸਾਥ ਦਿੱਤਾ, ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ।
ਅਦਾਲਤ ਦਾ ਰੁਖ਼ ਕਰਾਂਗੀ: ਰਮਨ ਗੋਇਲ
ਸਾਬਕਾ ਮੇਅਰ ਰਮਨ ਗੋਇਲ ਨੇ ਅੱਜ ਦੀ ਮੀਟਿੰਗ ਦੇ ਫੈਸਲੇ ਨੂੰ ਗ਼ਲਤ ਕਹਿ ਕੇ ਨਕਾਰਦਿਆਂ ਇਸ ਵਿਰੁੱਧ ਅਦਾਲਤ ਦਾ ਦਰ ਖੜਕਾਉਣ ਦੀ ਗੱਲ ਆਖੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ 34 ਕੌਂਸਲਰਾਂ ਦੀ ਜ਼ਰੂਰਤ ਸੀ। ਇਸ ਬਾਰੇ ਉਹ ਕਮਿਸ਼ਨਰ ਕੋਲ ਲਿਖ਼ਤੀ ਸ਼ਿਕਾਇਤ ਵੀ ਕਰਨਗੇ।
ਅੱਜ ਦੀ ਕਾਰਵਾਈ ਨਿਯਮਾਂ ਅਨੁਸਾਰ: ਕਮਿਸ਼ਨਰ
ਨਿਗਮ ਦੇ ਕਮਿਸ਼ਨਰ-ਕਮ-ਡੀਸੀ ਸ਼ੌਕਤ ਅਹਿਮਦ ਪਰੇ ਨੇ ਕਾਰਵਾਈ ਨੂੰ ਨਿਯਮਤ ਕਰਾਰ ਦਿੰਦਿਆਂ ਕਿਹਾ ਕਿ ਬੇਭਰੋਸਗੀ ਮਤੇ ਨੂੰ ਪਾਸ ਕਰਨ ਲਈ ਹਾਜ਼ਰ ਕੌਂਸਲਰਾਂ ਦਾ ਦੋ ਤਿਹਾਈ ਅਤੇ ਰੱਦ ਕਰਨ ਲਈ ਇਕ ਤਿਹਾਈ ਬਹੁਮੱਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਸਰਕਾਰ ਤੱਕ ਪਹੁੰਚਾਈ ਜਾਵੇਗੀ।
ਝੂਠ ਦਾ ਸਿੰਘਾਸਣ ਡੋਲਿਆ: ਰਾਜਾ ਵੜਿੰਗ
ਬਠਿੰਡਾ ਨਗਰ ਨਿਗਮ ਲੰਮਾ ਸਮਾਂ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਰੱਸਾਕਸ਼ੀ ਦਾ ਮੈਦਾਨ ਬਣਿਆ ਹੋਇਆ ਸੀ। ਅੱਜ ਰਾਜਾ ਵੜਿੰਗ ਨੇ ਮਨਪ੍ਰੀਤ ਦੀ ਹਮਾਇਤੀ ਨਿਗਮ ਦੀ ਮੇਅਰ ਦੀ ਕੁਰਸੀ ਖੁੱਸਣ ਬਾਰੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਚ ਰਚਾਇਆ ਝੂਠ ਦਾ ਸਿੰਘਾਸਣ ਡੋਲ ਗਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਕਾਂਗਰਸ ਦਾ ਕਿਲਾ ਪਹਿਲਾਂ ਹੀ ਮਜ਼ਬੂਤ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਲੋਕ ਸਭਾ ਚੋਣ ਦੌਰਾਨ ਉਸ ਦੀ ਵੋਟ ਇਸ ਲਈ ਬਠਿੰਡਾ ਤੋਂ ਘੱਟ ਗਈ ਸੀ ਕਿਉਂਕਿ ਉਸ ਵੇਲੇ ਮਨਪ੍ਰੀਤ ਬਾਦਲ ਨੇ ਉਸ ਦਾ ਸਾਥ ਨਹੀਂ ਸੀ ਦਿੱਤਾ। ਉਹ ਵਾਰ-ਵਾਰ ਕਹਿੰਦਾ ਸੀ ਕਿ ਬਾਦਲ ਰਲੇ ਹੋਏ ਹਨ।