ਸਹਿਕਾਰੀ ਸਭਾ ਲਾਂਗੜੀਆਂ ਦੀ ਚੋਣ ਵਿੱਚ ਕਾਂਗਰਸ ਅਤੇ ‘ਆਪ’ ਜੇਤੂ
ਰਾਜਿੰਦਰ ਜੈਦਕਾ
ਅਮਰਗੜ੍ਹ, 26 ਜੁਲਾਈ
ਸਹਿਕਾਰੀ ਸਭਾ ਲਾਂਗੜੀਆਂ ਦੇ ਮੈਂਬਰਾਂ ਦੀ ਚੋਣ ਵਿਚ ਕਾਂਗਰਸ ਅਤੇ ‘ਆਪ’ ਨੇ ਭਾਰੀ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਅਕਾਲੀ ਦਲ ਪਛੜ ਕੇ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਇਸ ਸਹਿਕਾਰੀ ਸਭਾ ਅਧੀਨ ਲਾਂਗੜੀਆਂ, ਨਿਆਮਤਪੁਰ, ਤੌਲੇਵਾਲ ਤੇ ਦਿਆਲਪੁਰ ਛੰਨਾ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਨੰਬਰਦਾਰ ਭੁਪਿੰਦਰ ਸਿੰਘ ਲਾਂਗੜੀਆਂ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਮਲਕੀਤ ਸਿੰਘ ਖੱਟੇਵਾਲ, ਬਿੱਕਰ ਸਿੰਘ ਲਾਂਗੜੀਆਂ, ਹਰਵਿੰਦਰ ਸਿੰਘ, ਤਲਵਿੰਦਰ ਸਿੰਘ ਤੇ ਸੁਖਵਿੰਦਰ ਕੌਰ ਨਿਆਮਤਪੁਰ, ਏਕਮ ਸਿੰਘ, ਪ੍ਰੇਮ ਕੌਰ ਤੇ ਰਾਮ ਆਸਰਾ ਜੇਤੂ ਰਹੇ। ਇਨ੍ਹਾਂ ’ਚੋਂ ਏਕਮ ਸਿੰਘ, ਪ੍ਰੇਮ ਕੌਰ ਤੇ ਰਾਮ ਆਸਰਾ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ। ਇਕ ਵਿਆਕਤੀ ਦੇ ਕਾਗਜ਼ ਰੱਦ ਹੋਣ ਕਾਰਨ ਪਿੰਡ ਤੋਲੇਵਾਲ ਦੇ ਮੈਂਬਰ ਦੀ ਚੋਣ ਦੁਬਾਰਾ ਹੋਵੇਗੀ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਾਬਕਾ ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਮਲਕੀਤ ਸਿੰਘ ਆਦਿ ਨੇ ਕਿਹਾ ਕਿ ਇਹ ਚੋਣ ਕਾਂਗਰਸ ਤੇ ‘ਆਪ’ ਨੇ ਰਲ ਕੇ ਲੜੀ ਸੀ, ਜਿਸ ਵਿਚ ਦੋਵੇਂ ਪਾਰਟੀਆਂ ਦੇ ਉਮੀਦਾਵਰਾਂ ਨੇ ਹੁੰਝਾਫੇਰ ਜਿੱਤ ਹਾਸਲ ਕਰਦਿਆਂ ਸਭਾ ਦੀ ਪ੍ਰਧਾਨਗੀ ’ਤੇ ਮੋਹਰ ਲਗਾ ਦਿੱਤੀ ਹੈ।