ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀਆਂ 5-5 ਸੀਟਾਂ ’ਤੇ ਕਾਂਗਰਸ ਤੇ ‘ਆਪ’ ਕਾਬਜ਼
ਐਨਪੀ ਧਵਨ
ਪਠਾਨਕੋਟ, 21 ਦਸੰਬਰ
ਨਰੋਟ ਜੈਮਲ ਸਿੰਘ ਨਗਰ ਪੰਚਾਇਤ ਦੇ 11 ਵਾਰਡਾਂ ਦੀਆਂ ਚੋਣਾਂ ਵਿੱਚ 5 ਸੀਟਾਂ ਆਮ ਆਦਮੀ ਪਾਰਟੀ, 5 ਕਾਂਗਰਸ ਪਾਰਟੀ ਅਤੇ 1 ਸੀਟ ’ਤੇ ਭਾਜਪਾ ਦਾ ਉਮੀਦਵਾਰ ਜੇਤੂ ਰਿਹਾ। ਇਕ ਸੀਟ ਜਿੱਤਣ ਨਾਲ ਭਾਜਪਾ ਮਹਿਜ਼ ਆਪਣੀ ਸਾਖ ਹੀ ਬਚਾ ਸਕੀ ਹੈ। ਜ਼ਿਕਰਯੋਗ ਹੈ ਕਿ ਇੱਕ ਸੀਟ ’ਤੇ ਹੁਕਮਰਾਨ ਪਾਰਟੀ ਆਮ ਆਦਮੀ ਪਾਰਟੀ ਦਾ ਵਿਧਾਇਕ ਹੋਣ ਕਰਕੇ ‘ਆਪ’ ਦੀਆਂ ਕੁੱਲ 6 ਸੀਟਾਂ ਬਣ ਜਾਂਦੀਆਂ ਹਨ। ਇਸ ਤਰ੍ਹਾਂ ਨਾਲ ਤਕਨੀਕੀ ਤੌਰ ’ਤੇ ਪ੍ਰਧਾਨ ਆਮ ਆਦਮੀ ਪਾਰਟੀ ਦਾ ਬਣਨ ਦੀ ਸੰਭਾਵਨਾ ਹੈ। ਜਦ ਕਿ ਪਿਛਲੀ ਵਾਰ 2017 ਵਿੱਚ ਹੋਈਆਂ ਚੋਣਾਂ ਸਮੇਂ 11 ਦੀਆਂ 11 ਸੀਟਾਂ ਉਪਰ ਕਾਂਗਰਸ ਦਾ ਕਬਜ਼ਾ ਸੀ ਅਤੇ ਕਾਂਗਰਸ ਪਾਰਟੀ ਦਾ ਹੀ ਹੁਣ ਤੱਕ ਪ੍ਰਧਾਨ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਪੋਲਿੰਗ ਦਾ ਰੁਝਾਨ ਬਹੁਤ ਤੇਜ਼ੀ ਨਾਲ ਹੋਇਆ ਅਤੇ ਸਵੇਰੇ 11 ਵਜੇ ਤੱਕ 42.4 ਫ਼ੀਸਦ ਵੋਟਾਂ ਦੀ ਪੋਲਿੰਗ ਹੋਈ। ਜਦ ਕਿ ਦੁਪਹਿਰ 1 ਵਜੇ ਤੱਕ ਇਹ ਵਧ ਕੇ 67.5 ਫ਼ੀਸਦ ਤੱਕ ਪੁੱਜ ਗਈ। ਬਾਅਦ ਦੁਪਹਿਰ 3 ਵਜੇ ਤੱਕ 82.5 ਫ਼ੀਸਦ ਪੋਲਿੰਗ ਹੋ ਗਈ ਤੇ ਅਖੀਰੀ 4 ਵਜੇ ਪੋਲਿੰਗ ਬੰਦ ਕਰਕੇ ਗਿਣਤੀ ਕੀਤੀ ਗਈ।
ਪ੍ਰਾਪਤ ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-1 ਤੋਂ ਮਨੀਸ਼ਾ ਮਹਾਜਨ, ਵਾਰਡ ਨੰਬਰ-4 ਤੋਂ ਕਰਮ ਚੰਦ, ਵਾਰਡ ਨੰਬਰ-7 ਤੋਂ ਆਸ਼ਾ ਦੇਵੀ, ਵਾਰਡ ਨੰਬਰ-8 ਤੋਂ ਬਬਲੀ ਕੁਮਾਰ ਅਤੇ ਵਾਰਡ ਨੰਬਰ-9 ਤੋਂ ਅਨੂ ਸ਼ਰਮਾ ਨੇ ਜਿੱਤ ਪ੍ਰਾਪਤ ਕੀਤੀ। ਜਦ ਕਿ ਕਾਂਗਰਸ ਦੇ ਵਾਰਡ ਨੰਬਰ-2 ਤੋਂ ਦੀਪਕ ਠਾਕੁਰ, ਵਾਰਡ ਨੰਬਰ-5 ਤੋਂ ਸੁਦੇਸ਼ ਕੁਮਾਰੀ, ਵਾਰਡ ਨੰਬਰ-6 ਤੋਂ ਯਸ਼ਪਾਲ, ਵਾਰਡ ਨੰਬਰ-10 ਤੋਂ ਅਮਿਤ ਕੁਮਾਰ ਅਤੇ ਵਾਰਡ ਨੰਬਰ-11 ਤੋਂ ਰਾਜੇਸ਼ ਕੁਮਾਰ ਉਰਫ ਨਿਸ਼ੂ ਨੇ ਜਿੱਤ ਪ੍ਰਾਪਤ ਕੀਤੀ। ਭਾਜਪਾ ਦੀ ਵਾਰਡ ਨੰਬਰ-3 ਤੋਂ ਮਾਇਆ ਦੇਵੀ ਨੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਸਪੱਸ਼ਟ ਕਿਹਾ ਕਿ ਨਗਰ ਪੰਚਾਇਤ ਵਿੱਚ ਪ੍ਰਧਾਨ ਆਮ ਆਦਮੀ ਪਾਰਟੀ ਦਾ ਬਣੇਗਾ।
ਢਿੱਲਵਾਂ, ਨਡਾਲਾ ਤੇ ਬੇਗੋਵਾਲ ਨਗਰ ਪੰਚਾਇਤ ’ਤੇ ਕਾਂਗਰਸ ਕਾਬਜ਼
ਭੁਲੱਥ (ਦਲੇਰ ਸਿੰਘ ਚੀਮਾ): ਹਲਕਾ ਭੁਲੱਥ ਵਿਚ ਨਗਰ ਪੰਚਾਇਤ ਦੀਆਂ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਸਮਾਪਤ ਹੋਇਆ ਤੇ ਨਗਰ ਪੰਚਾਇਤ ਢਿੱਲਵਾਂ, ਨਡਾਲਾ ਲੌਂਗੋਵਾਲ ਵਿਚ ਕਾਂਗਰਸ ਪਾਰਟੀ, ਬੇਗੋਵਾਲ ਭੁਲੱਥ ਵਿਚ ਅੱਠ ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਪੰਜ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਐੱਸਡੀਐੱਮ ਭੁਲੱਥ ਡੈਵੀ ਗੋਇਲ ਨੇ ਦੱਸਿਆ ਕਿ ਭੁਲੱਥ ਵਿਚ 63.28 ਫ਼ੀਸਦ, ਢਿੱਲਵਾਂ ਵਿਚ 60 ਫ਼ੀਸਦ, ਬੇਗੋਵਾਲ ਵਿਚ 59.28 ਫ਼ੀਸਦ, ਨਡਾਲਾ ਵਿਚ 64.52 ਫ਼ੀਸਦ ਪੋਲਿੰਗ ਹੋਈ। ਹਲਕੇ ਦੀ ਢਿਲਵਾਂ ਨਗਰ ਪੰਚਾਇਤ ਵਿਚ ਜਿਥੇ ਕਾਂਗਰਸ ਪਾਰਟੀ ਦੇ ਨੌਂ ਕੌਂਸਲਰ ਬਣਾ ਕੇ ਨਗਰ ਕੌਂਸਲ ’ਤੇ ਕਬਜ਼ਾ ਕੀਤਾ, ਉਥੇ ਦੋ ਆਮ ਆਦਮੀ ਪਾਰਟੀ ਤੇ ਦੋ ਆਜ਼ਾਦ ਉਮੀਦਵਾਰਾਂ ਨੇ ਜਿਤ ਦਰਜ ਕੀਤੀ। ਇਸੇ ਤਰ੍ਹਾਂ ਨਡਾਲਾ ਨਗਰ ਪੰਚਾਇਤ ’ਚ ਨੌਂ ਸੀਟਾਂ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਕਬਜ਼ਾ ਕੀਤਾ। ਆਮ ਆਦਮੀ ਪਾਰਟੀ ਦੇ ਚਾਰ ਮੈਂਬਰ ਜਿੱਤੇ। ਭੁਲੱਥ ਨਗਰ ਪੰਚਾਇਤ ਵਿੱਚ ਅੱਠ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ। ਨਗਰ ਪੰਚਾਇਤ ਬੇਗੋਵਾਲ ਵਿਚ ਕਾਂਗਰਸ ਤੇ ਅਕਾਲੀ ਦਲ ਦੇ ਅੱਠ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਜਿੱਤ ਕੇ ਨਗਰ ਕੌਂਸਲ ’ਤੇ ਕਬਜ਼ੇ ਦਾ ਦਾਅਵਾ ਕੀਤਾ ਉਥੇ ਆਮ ਆਦਮੀ ਪਾਰਟੀ ਦੇ ਪੰਜ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ।
ਨਗਰ ਕੌਂਸਲ ਦੀ ਉਪ ਚੋਣ ’ਚ ਕਾਂਗਰਸੀ ਉਮੀਦਵਾਰ ਜੇਤੂ
ਗੁਰਦਾਸਪੁਰ (ਕੇਪੀ ਸਿੰਘ): ਨਗਰ ਕੌਂਸਲ ਦੇ ਵਾਰਡ ਨੰਬਰ 16 ਦੀ ਅੱਜ ਹੋਈ ਉਪ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਨ ਸ਼ਰਮਾ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 22 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਕਾਂਗਰਸੀ ਉਮੀਦਵਾਰ ਵਰੁਨ ਸ਼ਰਮਾ ਨੂੰ 519 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ 497 ਵੋਟ ਮਿਲੇ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਜੇਤੂ ਰਹੇ ਪ੍ਰਸ਼ੋਤਮ ਲਾਲ ਸ਼ਰਮਾ ਦੀ ਜੁਲਾਈ 2022 ਵਿੱਚ ਮੌਤ ਹੋ ਗਈ ਸੀ ਜਿਸ ਕਾਰਨ ਵਾਰਡ ਨੰਬਰ 16 ਦੀ ਸੀਟ ਖ਼ਾਲੀ ਹੋ ਗਈ ਸੀ।