ਪੰਜਾਬ ਵਿੱਚ ਕਾਂਗਰਸ ਤੇ ‘ਆਪ’ ਦੇ ਰਾਹ ਵੱਖੋ-ਵੱਖਰੇ
ਆਤਿਸ਼ ਗੁਪਤਾ
ਚੰਡੀਗੜ੍ਹ, 24 ਫਰਵਰੀ
ਅਗਾਮੀ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਿੱਚ ਭਾਜਪਾ ਨੂੰ ਘੇਰਨ ਲਈ ਦੋ ਦਰਜਨ ਤੋਂ ਵੱਧ ਸਿਆਸੀ ਧਿਰਾਂ ਵੱਲੋਂ ‘ਇੰਡੀਆ’ ਗਠਜੋੜ ਬਣਾਇਆ ਗਿਆ ਹੈ, ਪਰ ‘ਇੰਡੀਆ’ ਦਾ ਅਹਿਮ ਹਿੱਸਾ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਵੱਖੋ-ਵੱਖਰੇ ਤੌਰ ’ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਗੁਜਰਾਤ ਤੇ ਚੰਡੀਗੜ੍ਹ ਵਿੱਚ ਦੋਵੇਂ ਪਾਰਟੀਆਂ ਸਾਂਝੇ ਤੌਰ ’ਤੇ ਚੋਣਾਂ ਲੜਨਗੀਆਂ। ਦੂਜੇ ਪਾਸੇ ਕਾਂਗਰਸ ਤੇ ‘ਆਪ’ ਵੱਲੋਂ ਕੀਤੀ ਗਈ ਸੀਟਾਂ ਦੀ ਵੰਡ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਤੇ ‘ਆਪ’ ਦੀ ਪੰਜਾਬ ਇਕਾਈ ਵੱਲੋਂ ਪਹਿਲੇ ਦਿਨ ਤੋਂ ਪੰਜਾਬ ਵਿੱਚ ਗੱਠਜੋੜ ਵਿੱਚ ਚੋਣਾਂ ਲੜਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੋਵੇਂ ਪਾਰਟੀਆਂ ਦੇ ਸੂਬਾਈ ਆਗੂ ਮੰਗ ਕਰ ਰਹੇ ਸਨ ਕਿ ਲੋਕ ਸਭਾ ਚੋਣਾਂ ਦੌਰਾਨ ਉਹ ਸੂਬੇ ਵਿੱਚ ਇਕ-ਦੂਜੇ ਨਾਲ ਗੱਠਜੋੜ ਨਹੀਂ ਕਰਨਗੇ। ਕਾਂਗਰਸ ਤੇ ‘ਆਪ’ ਦੀ ਕੌਮੀ ਲੀਡਰਸ਼ਿਪ ਨੇ ਸੂਬਾਈ ਆਗੂਆਂ ਦੀ ਮੰਗ ਮੰਨਦਿਆਂ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਖਡੂਰ ਸਾਹਿਬ ਰੈਲੀ ਦੌਰਾਨ ਪੰਜਾਬ ਦੀਆਂ 13 ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨ ਦਾ ਇਸ਼ਾਰਾ ਕਰ ਗਏ ਸਨ।
ਲੋਕਾਂ ਨੂੰ ਗੁਮਰਾਹ ਕਰ ਰਹੀਆਂ ਨੇ ‘ਆਪ’ ਤੇ ਕਾਂਗਰਸ: ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਤੱਕ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਚੋਰ ਦੱਸਦੇ ਰਹੇ ਹਨ, ਜਦਕਿ ਕਾਂਗਰਸੀ ਆਗੂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਆ ਰਹੇ ਹਨ ਅਤੇ ਅੱਜ ਇਹੀ ਦੋਵੇਂ ਪਾਰਟੀਆਂ ਇੱਕ-ਦੂਜੇ ਨਾਲ ਗੱਠਜੋੜ ਕਰੀ ਬੈਠੀਆਂ ਹਨ। ਸ੍ਰੀ ਮਜੀਠੀਆ ਨੇ ਕਿਹਾ ਕਿ ‘ਆਪ’ ਤੇ ਕਾਂਗਰਸ ਦਿੱਲੀ, ਹਰਿਆਣਾ, ਗੁਜਰਾਤ ਤੇ ਚੰਡੀਗੜ੍ਹ ਵਿੱਚ ਇਕੱਠਿਆਂ ਚੋਣ ਲੜਨਗੀਆਂ ਪਰ ਪੰਜਾਬ ਵਿੱਚ ਵੱਖੋ-ਵੱਖ ਚੋਣਾਂ ਲੜਨ ਦਾ ਐਲਾਨ ਲੋਕਾਂ ਨੂੰ ਗੁਮਰਾਹ ਕਰਨ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਫਰੈਂਡਲੀ ਮੈਚ ਖੇਡ ਰਹੀਆਂ ਹਨ।
ਕੇਜਰੀਵਾਲ ਨੇ ਰੰਗ ਬਦਲਣ ’ਚ ਗਿਰਗਟ ਨੂੰ ਵੀ ਹਰਾਇਆ: ਸਿਰਸਾ
ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇੱਥੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰੰਗ ਬਦਲਣ ਵਿੱਚ ਗਿਰਗਟ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ‘ਆਪ’ ਦੇ ਆਗੂ ਕਾਂਗਰਸ ’ਤੇ ਭ੍ਰਿਸ਼ਟਾਚਾਰ ਤੇ ਦੇਸ਼ ਨੂੰ ਵੇਚਣ ਵਰਗੇ ਗੰਭੀਰ ਦੋਸ਼ ਲਗਾਉਂਦੇ ਰਹੇ ਹਨ, ਪਰ ਅੱਜ ਉਹੀ ਕਾਂਗਰਸ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੇ ਕਾਂਗਰਸ ਅੱਜ ਤੱਕ ਲੋਕਾਂ ਨੂੰ ਗੁਮਰਾਹ ਕਰਦੇ ਆਏ ਹਨ, ਜਦਕਿ ਦੋਵੇਂ ਪਾਰਟੀਆਂ ਦੇ ਗੱਠਜੋੜ ਦਾ ਇੱਕੋ-ਇੱਕ ਏਜੰਡਾ ਦੇਸ਼ ਦੀ ਲੁੱਟ ਕਰਨਾ ਹੈ।