Congress activist shot dead: ਝਾਰਖੰਡ ਵਿੱਚ ਕਾਂਗਰਸੀ ਕਾਰਕੁਨ ਦੀ ਗੋਲੀ ਮਾਰ ਕੇ ਹੱਤਿਆ
ਜਮਸ਼ੇਦਪੁਰ, 18 ਦਸੰਬਰ
ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ਵਿੱਚ ਅੱਜ ਦੋ ਹਮਲਾਵਰਾਂ ਨੇ ਕਾਂਗਰਸ ਦੇ ਇਕ ਕਾਰਕੁਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 28 ਸਾਲਾ ਆਲੋਕ ਕੁਮਾਰ ਭਗਤ ਉਰਫ਼ ਮੁੰਨਾ ਵਜੋਂ ਹੋਈ ਹੈ। ਉਹ ਕਦਮਾ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਆਪਣੇ ਘਰ ਕੋਲ ਖੜ੍ਹਾ ਸੀ, ਤਾਂ ਮੋਟਰਸਾਈਕਲ ਸਵਾਰ ਦੋ ਹਮਲਾਵਰ ਉਸ ਕੋਲ ਆਏ ਅਤੇ ਗੋਲੀਆਂ ਚਲਾ ਦਿੱਤੀਆਂ।
ਅਧਿਕਾਰੀ ਨੇ ਦੱਸਿਆ ਕਿ ਕੁਮਾਰ ਨੂੰ ਚਾਰ ਗੋਲੀਆਂ ਲੱਗੀਆਂ ਅਤੇ ਉਸ ਨੂੰ ਸਥਾਨਕ ਟਾਟਾ ਮੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਇਕ ਭਗਤ ਦਾ ਗੁਆਂਢੀ ਹੈ ਅਤੇ ਉਨ੍ਹਾਂ ਵਿਚਾਲੇ ਪਹਿਲਾਂ ਤੋਂ ਦੁਸ਼ਮਣੀ ਸੀ। ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ।
ਉਨ੍ਹਾਂ ਦੱਸਿਆ ਕਿ ਆਲੋਕ ਕੁਮਾਰ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਭਗਤ ਦਾ ਨਾਮ ਝਾਰਖੰਡ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਸਤਰੀਨਗਰ ਵਿੱਚ ਵਿਰੋਧੀ ਪਾਰਟੀ ਦੇ ਇਕ ਕਾਰਕੁਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਦਰਜ ਇਕ ਐੱਫਆਈਆਰ ’ਚ ਸ਼ਾਮਲ ਸੀ। -ਪੀਟੀਆਈ