ਨਗਰ ਨਿਗਮ ਚੋਣਾਂ ਲਈ ਕਾਂਗਰਸੀ ਸਰਗਰਮ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਨਵੰਬਰ
ਪਟਿਆਲਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਲੜਨ ਦੀ ਚਾਹਵਾਨ ਹਰੇਕ ਪਾਰਟੀ ਨੇ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਇਸ ਤਹਿਤ ਕਾਂਗਰਸ ਪਾਰਟੀ ਦੇ ਵੱਖੋ-ਵੱਖਰੇ ਗੁੱਟਾਂ ਨੇ ਆਪੋ-ਆਪਣੇ ਉਮਦੀਵਾਰਾਂ ਤੋਂ ਅਪਲਾਈ ਕਰਵਾ ਦਿੱਤਾ ਹੈ। ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 15 ਉਮੀਦਵਾਰਾਂ ਨੂੰ ਟਿਕਟ ਦੇਣ ਦੀ ਲਿਸਟ ਭੇਜੀ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਨਗਰ ਨਿਗਮ ਦੇ ਕੁੱਲ 60 ਵਾਰਡ ਹਨ, ਜਿਨ੍ਹਾਂ ’ਚੋਂ ਪਟਿਆਲਾ ਦਿਹਾਤੀ ’ਚ 26 ਵਾਰਡ ਹਨ, ਜਦ ਕਿ 2 ਵਾਰਡ ਸਨੌਰ ਹਲਕੇ ਵਿੱਚ ਪੈਂਦੇ ਹਨ ਤੇ 32 ਵਾਰਡ ਪਟਿਆਲਾ ਸ਼ਹਿਰ ਵਿੱਚ ਹਨ, ਪਟਿਆਲਾ ਕਾਂਗਰਸ ਵੱਲੋਂ ਇੱਥੇ ਪਟਿਆਲਾ ਦਿਹਾਤੀ ਤੇ ਪਟਿਆਲਾ ਸ਼ਹਿਰੀ ਲਈ ਉਮੀਦਵਾਰਾਂ ਦੀ ਵੱਡੀ ਲਿਸਟ ਭੇਜੀ ਹੈ ਜਿਸ ਤਹਿਤ ਪਟਿਆਲਾ ਦਿਹਾਤੀ ’ਚ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਤੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਦੇ ਗੁੱਟ ਨੇ ਵੀ ਪਟਿਆਲਾ ਦਿਹਾਤੀ ਵਿਚ ਆਉਂਦੇ 26 ਵਾਰਡਾਂ ਤੇ ਹੀ ਅਪਲਾਈ ਕੀਤਾ ਹੈ, ਜਿਸ ’ਤੇ ਸਿਫ਼ਾਰਸ਼ ਮੋਹਿਤ ਮਹਿੰਦਰਾ ਦੀ ਕੀਤੀ ਹੋਈ ਪਤਾ ਲੱਗੀ ਹੈ। ਦੂਜੇ ਪਾਸੇ ਮੋਹਿਤ ਮਹਿੰਦਰਾ ਦੇ ਕੱਟੜ ਵਿਰੋਧੀ ਸੰਜੀਵ ਸ਼ਰਮਾ ਕਾਲੂ ਨੇ ਵੀ ਆਪਣੀ ਸਿਫ਼ਾਰਸ਼ ਨਾਲ ਪਟਿਆਲਾ ਦਿਹਾਤੀ ਤੋਂ 15 ਟਿਕਟਾਂ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪਟਿਆਲਾ ਸ਼ਹਿਰੀ ਹਲਕੇ ਵਿਚ ਸਾਬਕਾ ਮੇਅਰ ਵਿਸ਼ਣੂ ਸ਼ਰਮਾ ਨੇ ਵੀ ਆਪਣੇ ਗੁੱਟ ਦੇ ਉਮੀਦਵਾਰਾਂ ਨੂੰ ਟਿਕਟ ਲੈਣ ਲਈ ਅਪਲਾਈ ਕਰਵਾਇਆ ਹੈ ਇਸ ਤੋਂ ਇਲਾਵਾ ਇੱਥੇ ਵੀ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਹਰਵਿੰਦਰ ਸਿੰਘ ਨਿੱਪੀ ਆਦਿ ਆਗੂਆਂ ਨੇ ਆਪਣੇ ਪੱਖੀ ਉਮੀਦਵਾਰਾਂ ਤੋਂ ਟਿਕਟਾਂ ਲੈਣ ਲਈ ਅਪਲਾਈ ਕਰਵਾਇਆ ਹੈ, ਸੰਜੀਵ ਸ਼ਰਮਾ ਕਾਲੂ ਵੱਲੋਂ ਵਾਰਡ ਨੰਬਰ 7 ਲਈ ਊਸ਼ਾ ਤਿਵਾੜੀ, ਵਾਰਡ ਨੰ. 13 ਲਈ ਜਸਵੀਰ ਕੌਰ, ਵਾਰਡ ਨੰਬਰ 4 ਲਈ ਹਰਦੀਪ ਸਿੰਘ ਖਹਿਰਾ, ਵਾਰਡ ਨੰਬਰ 11 ਲਈ ਸਰਤਾਜ ਕੌਰ, ਵਾਰਡ ਨੰਬਰ 22 ਲਈ ਨੇਹਾ ਸ਼ਰਮਾ, ਵਾਰਡ ਨੰਬਰ 30 ਲਈ ਅਭੀਨਵ ਸ਼ਰਮਾ, ਵਾਰਡ ਨੰਬਰ 8 ਲਈ ਰੋਹਿਤ ਸ਼ਰਮਾ, ਵਾਰਡ ਨੰਬਰ 16 ਲਈ ਸਾਖਸ਼ੀ, ਵਾਰਡ ਨੰਬਰ 28 ਲਈ ਹੇਮੰਤ ਪਾਠਕ, ਵਾਰਡ ਨੰਬਰ 23 ਲਈ ਨੀਤਿਕਾ ਗੋਇਲ, ਅਮਨਦੀਪ ਕੌਰ ਆਦਿ 15 ਉਮੀਦਵਾਰਾਂ ਨੇ ਟਿਕਟ ਦੀ ਮੰਗ ਕੀਤੀ ਹੈ।
ਪਟਿਆਲਾ ਵਿਚ ਵਾਰਡਬੰਦੀ ਦਾ ਕੋਈ ਰੌਲਾ ਨਹੀਂ
ਪਟਿਆਲਾ ਵਿਚ ਨਗਰ ਨਿਗਮ ਦੀਆਂ ਚੋਣਾਂ ਲਈ ਵਾਰਡ ਬੰਦੀ ਦਾ ਹੁਣ ਕੋਈ ਰੌਲਾ ਨਹੀਂ ਹੈ, ਇਹ ਵਾਰਡਬੰਦੀ ਪਿਛਲੇ ਸਾਲ ਹੀ ਮੁਕੰਮਲ ਹੋ ਗਈ ਸੀ, ਪਟਿਆਲਾ ਵਿੱਚ ਵਾਰਡਬੰਦੀ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਸਨ ਪਰ ਕੁਝ ਸ਼ਿਕਾਇਤਾਂ ਦਾ ਨਿਬੇੜਾ ਕਰਦਿਆਂ ਬਾਕੀ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ ਗਿਆ ਸੀ।