ਕਾਂਗੋ: ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ 129 ਕੈਦੀਆਂ ਦੀ ਮੌਤ
ਕਿੰਸ਼ਾਸਾ (ਕਾਂਗੋ), 3 ਸਤੰਬਰ
ਕਾਂਗੋ ਦੀ ਰਾਜਧਾਨੀ ਵਿੱਚ ਮੁੱਖ ਜੇਲ੍ਹ ਤੋੜ ਕੇ ਭੱਜਣ ਦੀ ਕੋਸ਼ਿਸ਼ ਦੌਰਾਨ 129 ਕੈਦੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੈਦੀਆਂ ਦੀ ਜਾਨ ਭਗਦੜ ਕਾਰਨ ਗਈ ਹੈ। ਕਾਂਗੋ ਦੇ ਗ੍ਰਹਿ ਮੰਤਰੀ ਜੈਕਮਿਨ ਸ਼ਬਾਨੀ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਕਿਹਾ ਕਿ ਸ਼ੁਰੂਆਤੀ ਅੰਦਾਜ਼ਿਆਂ ਮੁਤਾਬਕ ਸਵੇਰੇ ਕਿੰਸ਼ਾਸਾ ਵਿੱਚ ਸਮਰਥਾ ਤੋਂ ਵੱਧ ਕੈਦੀਆਂ ਵਾਲੀ ਮਕਾਲਾ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀਆਂ ਨੂੰ ਚਿਤਾਵਨੀ ਦੇਣ ਲਈ ਸੁਰੱਖਿਆ ਬਲਾਂ ਵੱਲੋਂ ਚਲਾਈਆਂ ਗੋਲੀਆਂ ਦੌਰਾਨ 24 ਕੈਦੀਆਂ ਦੀ ਮੌਤ ਹੋਈ ਹੈ।
ਮਨੁੱਖੀ ਅਧਿਕਾਰ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਮਕਾਲਾ ਜੇਲ੍ਹ ਕਾਂਗੋ ਦੀ ਮੁੱਖ ਜੇਲ੍ਹ ਹੈ। ਇਸ ਵਿੱਚ 1,500 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪਰ ਇਸ ਵਿੱਚ 12,000 ਕੈਦੀ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਣਵਾਈ ਪੂਰੀ ਹੋਣ ਦੀ ਉਡੀਕ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਦੀਆਂ ਦੇ ਜੇਲ੍ਹ ਤੋੜ ਕੇ ਫ਼ਰਾਰ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 2017 ਦੀ ਉਹ ਘਟਨਾ ਵੀ ਸ਼ਾਮਲ ਹੈ, ਜਿਸ ਵਿੱਚ ਇੱਕ ਧਾਰਮਿਕ ਫ਼ਿਰਕੇ ਨੇ ਸੈਂਕੜੇ ਕੈਦੀਆਂ ਨੂੰ ਮੁਕਤ ਕਰਵਾਇਆ ਸੀ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਐਤਵਾਰ ਅੱਧੀ ਰਾਤ ਨੂੰ ਗੋਲੀਬਾਰੀ ਸ਼ੁਰੂ ਹੋਈ, ਜੋ ਸਵੇਰ ਤੱਕ ਜਾਰੀ ਰਹੀ। ਅਧਿਕਾਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਘਟਨਾ ਵਿੱਚ ਸਿਰਫ਼ ਦੋ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਵਿਵਾਦਤ ਅੰਕੜਾ ਕਰਾਰ ਦਿੱਤਾ ਸੀ। -ਏਪੀ