ਕਈ ਪਿੰਡਾਂ ਦੀ ਰਿਜ਼ਰਵੇਸ਼ਨ ਸੂਚੀ ਜਾਰੀ ਨਾ ਹੋਣ ਕਾਰਨ ਭੰਬਲਭੂਸਾ
ਪੱਤਰ ਪ੍ਰੇਰਕ
ਤਰਨ ਤਾਰਨ, 27 ਸਤੰਬਰ
ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਅੱਜ ਮੀਟਿੰਗ ਤਰਨ ਤਾਰਨ ਨੇੜੇ ਰਸੂਲਪੁਰ ਨਹਿਰਾਂ ਵਿੱਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਉਨ੍ਹਾਂ ਪੰਚਾਇਤ ਚੋਣਾਂ ਦੌਰਾਨ ਪਾਰਟੀ ਵਰਕਰਾਂ ਨੂੰ ਏਕਤਾ ਕਾਇਮ ਰੱਖਣ ’ਤੇ ਜ਼ੋਰ ਦਿੱਤਾ| ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਪੰਚਾਇਤਾਂ ਦੀਆਂ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਹੁਣ ਤੱਕ ਪਿੰਡਾਂ ਦੀ ਰਿਜ਼ਰਵੇਸ਼ਨ ਦਾ ਭੰਬਲਭੂਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਵਿੱਚ ਪੰਚਾਇਤੀ ਚੋਣ ਪ੍ਰਕਿਰਿਆ ਲਈ ਪਹਿਲਾਂ 19 ਸਤੰਬਰ ਨੂੰ ਆਰਓ ਤੇ ਏਆਰਓ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਜਦੋਂ ਸਰਕਾਰੀ ਧਿਰ ਨੂੰ ਉਹ ਰਾਸ ਨਾ ਆਇਆ ਤਾਂ ਡੀਸੀ ਦੀ ਬਦਲੀ ਕਰਕੇ 25 ਸਤੰਬਰ ਨੂੰ ਆਰਓ ਤੇ ਏਆਰਓ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਗੈਰਸੰਵਿਧਾਨਕ ਹੈ। ਉਨ੍ਹਾਂ ਡੀਸੀ ਨੂੰ ਅਪੀਲ ਕੀਤੀ ਕਿ ਵਿਰੋਧੀ ਉਮੀਦਵਾਰਾਂ ਨੂੰ ਵੋਟਰ ਸੂਚੀਆਂ ਤੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਦਿੱਤੀਆਂ ਜਾਣ।