For the best experience, open
https://m.punjabitribuneonline.com
on your mobile browser.
Advertisement

ਰੇਲਵੇ ਲਾਂਘਾ ਬੰਦ ਕਰਨ ’ਤੇ ਬਣੀ ਟਕਰਾਅ ਵਾਲੀ ਸਥਿਤੀ

06:52 AM Apr 11, 2024 IST
ਰੇਲਵੇ ਲਾਂਘਾ ਬੰਦ ਕਰਨ ’ਤੇ ਬਣੀ ਟਕਰਾਅ ਵਾਲੀ ਸਥਿਤੀ
ਧਰਨਾ ਦਿੰਦੇ ਹੋਏ ਦੁਕਾਨਦਾਰ ਅਤੇ ਫਲਾਈਓਵਰ ਸੰਘਰਸ਼ ਕਮੇਟੀ ਦੇ ਨੁਮਾਇੰਦੇ।
Advertisement

ਸਰਬਜੀਤ ਸਾਗਰ
ਦੀਨਾਨਗਰ, 10 ਅਪਰੈਲ
ਇੱਥੇ ਦੀਨਾਨਗਰ-ਬਹਿਰਾਮਪੁਰ ਰੋਡ ’ਤੇ ਬਣ ਰਹੇ ਰੇਲਵੇ ਓਵਰਬ੍ਰਿਜ ਦੇ ਮਾਮਲੇ ’ਚ ਅੱਜ ਸਵੇਰੇ ਸਥਿਤੀ ਉਸ ਵੇਲੇ ਟਕਰਾਅ ਵਾਲੀ ਬਣ ਗਈ ਜਦੋਂ ਰੇਲਵੇ ਵਿਭਾਗ ਵੱਲੋਂ 25-30 ਬੰਦਿਆਂ ਦੀ ਮਦਦ ਨਾਲ ਇੱਟਾਂ (ਟਾਈਲਾਂ) ਸੁੱਟ ਕੇ ਆਮ ਲੋਕਾਂ ਲਈ ਲਾਂਘਾ ਬੰਦ ਕਰ ਦਿੱਤਾ ਗਿਆ। ਇਸਦੇ ਵਿਰੋਧ ਵਿੱਚ ਆਸ-ਪਾਸ ਦੇ ਦੁਕਾਨਦਾਰ ਫਲਾਈਓਵਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਰੇਲਵੇ ਲਾਈਨਾਂ ਦੇ ਵਿਚਕਾਰ ਹੀ ਦਰੀਆਂ ਵਿਛਾ ਕੇ ਬੈਠ ਗਏ ਅਤੇ ਕਰੀਬ ਤਿੰਨ ਘੰਟੇ ਤੱਕ ਧਰਨਾ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਜਦੋਂ ਤੱਕ ਲਾਂਘਾ ਨਹੀਂ ਖੋਲ੍ਹਿਆ ਜਾਂਦਾ, ਉਹ ਰੇਲਵੇ ਲਾਈਨਾਂ ਵਿੱਚੋਂ ਨਹੀਂ ਉੱਠਣਗੇ ਅਤੇ ਧਰਨਾ ਜਾਰੀ ਰਹੇਗਾ।
ਇਸ ਦੌਰਾਨ ਵਿਭਾਗ ਨੂੰ ਮਜਬੂਰੀਵੱਸ 11 ਵਜੇ ਦੇ ਕਰੀਬ ਆਉਂਦੀ ਰਾਵੀ ਐਕਸਪ੍ਰੈਸ ਗੱਡੀ ਨੂੰ ਪਿਛਲੇ ਸਟੇਸ਼ਨ ’ਤੇ ਕਰੀਬ ਦੋ ਘੰਟਿਆਂ ਤੱਕ ਰੋਕਣਾ ਪਿਆ। ਜਾਣਕਾਰੀ ਅਨੁਸਾਰ ਰੇਲਵੇ ਓਵਰਬ੍ਰਿਜ ਦਾ ਕੰਮ ਅੰਤਿਮ ਪੜਾਅ ’ਤੇ ਹੈ ਅਤੇ ਸਿਰਫ਼ ਰੇਲਵੇ ਲਾਈਨਾਂ ਵਾਲੇ ਹਿੱਸੇ ’ਤੇ ਹੀ ਲੈਂਟਰ ਪਾਇਆ ਜਾਣਾ ਬਾਕੀ ਹੈ। ਵਿਭਾਗ ਵੱਲੋਂ ਅੱਜ ਸਵੇਰੇ ਵੱਡੀ ਗਿਣਤੀ ਬੰਦਿਆਂ ਦੀ ਮਦਦ ਨਾਲ ਲਾਈਨਾਂ ’ਚ ਲੱਗੀਆਂ ਟਾਈਲਾਂ ਪੁੱਟ ਦਿੱਤੀਆਂ ਗਈਆਂ ਅਤੇ ਇਨ੍ਹਾਂ ਟਾਈਲਾਂ ਨੂੰ ਦੋਨਾਂ ਸਾਈਡਾਂ ’ਤੇ ਰੱਖ ਕੇ ਲਾਂਘਾ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਜਿਸਦਾ ਵਿਰੋਧ ਦੁਕਾਨਦਾਰਾਂ ਨੇ ਕੀਤਾ।
ਫਲਾਈਓਵਰ ਸੰਘਰਸ਼ ਕਮੇਟੀ ਦੀਨਾਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਅਤੇ ਡਾ. ਹਰੀਦੇਵ ਅਗਨੀਹੋਤਰੀ ਨੇ ਕਿਹਾ ਕਿ ਪੁਲ ਮੁਕੰਮਲ ਨਾ ਹੋਣ ਕਾਰਨ ਲੋਕ ਪੁਲ ਦੇ ਉਪਰੋਂ ਨਹੀਂ ਲੰਘ ਸਕਦੇ ਅਤੇ ਹੁਣ ਪੁਲ ਦੇ ਹੇਠੋਂ ਲੰਘਣਾ ਵੀ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਖ਼ੀਰ ਉਨ੍ਹਾਂ ਦੀ ਗੱਲ ਰੇਲਵੇ ਵਿਭਾਗ ਦੇ ਐਸਐਸਸੀ ਧਾਰੀਵਾਲ ਮਨਿੰਦਰ ਸਿੰਘ ਨਾਲ ਕਰਵਾਈ ਗਈ ਜਿਨ੍ਹਾਂ ਨੇ ਹਾਲਾਤ ਨੂੰ ਸਮਝਦਿਆਂ ਬੰਦ ਕੀਤਾ ਲਾਂਘਾ ਤੁਰੰਤ ਖੁੱਲ੍ਹਵਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਜਦੋਂ ਤੱਕ ਫਲਾਈਓਰ ਮੁਕੰਮਲ ਹੋ ਕੇ ਚਾਲੂ ਨਹੀਂ ਹੋ ਜਾਵੇਗਾ, ਉਹ ਫਾਟਕ ਵਾਲਾ ਲਾਂਘਾ ਬੰਦ ਨਹੀਂ ਕਰਨਗੇ। ਰੇਲਵੇ ਅਧਿਕਾਰੀ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਅੱਗੇ ਇਹ ਮੰਗ ਵੀ ਰੱਖੀ ਗਈ ਕਿ ਰੇਲਵੇ ਲਾਈਨ ਦੇ ਹੇਠੋਂ ਸਥਾਨਕ ਲੋਕਾਂ ਨੂੰ ਲੰਘਣ ਲਈ ਰੇਲਵੇ ਅੰਡਰ ਪਾਸ ਬਣਾਇਆ ਜਾਵੇ ਜਿਸਦੇ ਬਾਰੇ ਉਨ੍ਹਾਂ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਧਰਨਾਕਾਰੀਆਂ ’ਚ ਕੌਂਸਲਰ ਡਾ. ਪ੍ਰਦੀਪ ਤੁਲੀ, ਜਿੰਮੀ ਬਰਾੜ, ਕੌਂਸਲਰ ਗਿਰਧਾਰੀ ਲਾਲ, ਵਿਜੇ ਕੁਮਾਰ, ਸਾਹਿਲ ਮਹਾਜਨ, ਹਰਪ੍ਰੀਤ ਸਿੰਘ, ਨਿਰਮਲ ਸਿੰਘ ਨਿੰਮਾ, ਸੌਦਾਗਰ ਸਿੰਘ, ਕਰਨਪਾਲ ਸਿੰਘ ਫ਼ੌਜੀ, ਮਹਿੰਦਰ ਪਾਲ, ਗੁਰਨਾਮ ਸਿੰਘ ਗਾਮਾ, ਗੁਰਚਰਨ ਮਹਾਜਨ, ਗੁਲਸ਼ਨ ਕੁਮਾਰ, ਪਵਨ ਕੁਮਾਰ, ਕਮਲਜੀਤ ਰੋਮੀ ਅਤੇ ਓਮ ਪ੍ਰਕਾਸ਼ ਭਗਤ ਤੋਂ ਇਲਾਵਾ ਹੋਰ ਦੁਕਾਨਦਾਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×