ਪਟਾਕੇ ਚਲਾਉਣ ਤੋਂ ਝਗੜਾ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 1 ਨਵੰਬਰ
ਇੱਥੋਂ ਦੇ ਗਾਜ਼ੀਪੁਰ ਖੇਤਰ ਵਿੱਚ ਪੈਂਦੀ ਟ੍ਰਿਬਿਊਨ ਕਲੋਨੀ ਵਿੱਚ ਲੰਘੀ ਰਾਤ ਇਕ ਘਰ ’ਤੇ ਅਣਪਛਾਤਿਆਂ ਵੱਲੋਂ ਹਮਲਾ ਕਰ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਦੋ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਟਾਕੇ ਚਲਾਉਣ ਤੋਂ ਇਕ ਰਾਹਗੀਰ ਨਾਲ ਇਸ ਪਰਿਵਾਰ ਦਾ ਝਗੜਾ ਹੋ ਗਿਆ ਸੀ ਜਿਸ ਨੇ ਆਪਣੇ ਸਾਥੀ ਬੁਲਾ ਕੇ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਟ੍ਰਿਬਿਊਨ ਪਰਿਵਾਰ ਸੁਸਾਇਟੀ ਦੇ ਮਕਾਨ ਨੰਬਰ-102 ਵਿੱਚ ਰਹਿੰਦਾ ਬਲਵਿੰਦਰ ਸਿੰਘ ਆਪਣੇ ਪਰਿਵਾਰ ਨਾਲ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਉਥੋਂ ਨਗਲਾ ਬਾਜ਼ੀਗਰ ਬਸਤੀ ਦਾ ਵਸਨੀਕ ਸਕੂਟਰ ’ਤੇ ਘਰ ਜਾ ਰਿਹਾ ਸੀ ਜਿਸ ’ਤੇ ਪਟਾਕਾ ਜਾ ਵੱਜਿਆ। ਇਸ ਤੋਂ ਉਸ ਦੀ ਪਰਿਵਾਰ ਦੇ ਮੈਂਬਰਾਂ ਨਾਲ ਤਕਰਾਰ ਹੋ ਗਈ। ਉਸ ਨੇ ਆਪਣੇ ਪਿੰਡ ਨਗਲਾ ਬਾਜ਼ੀਗਰ ਬਸਤੀ ਤੋਂ ਕੁਝ ਸਾਥੀ ਬੁਲਾ ਲਏ ਤੇ ਡੰਡੇ ਅਤੇ ਲੋਹੇ ਦੀ ਰਾਡਾਂ ਨਾਲ ਕਰੀਬ ਪੰਦਰਾਂ ਹਮਲਾਵਰਾਂ ਨੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਦਰਵਾਜ਼ੇ ਬੰਦ ਕਰ ਕੇ ਆਪਣੀ ਜਾਨ ਬਚਾਈ। ਹਮਲੇ ਵਿੱਚ ਬਲਵਿੰਦਰ ਸਿੰਘ ਦਾ ਛੋਟਾ ਭਰਾ ਸੰਜੀਵ ਅਤੇ ਉਸ ਦੇ ਦੋ ਲੜਕੇ ਗੌਰਵ ਅਤੇ ਕਰਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਬਲਵਿੰਦਰ ਸਿੰਘ ਅਤੇ ਸੁਸਾਇਟੀ ਦੇ ਹੋਰਨਾਂ ਵਸਨੀਕਾਂ ਨੇ ਦੱਸਿਆ ਜਦੋਂ ਅਣਪਛਾਤਿਆਂ ਨੇ ਹਮਲਾ ਕੀਤਾ ਤਾਂ ਉਨ੍ਹਾਂ ਵੱਲੋਂ ਕਈ ਵਾਰ ਪੁਲੀਸ ਨੂੰ ਫੋਨ ਕੀਤਾ ਗਿਆ ਪਰ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਪੁਲੀਸ ਇਕ ਘੰਟਾ ਦੇਰੀ ਨਾਲ ਪਹੁੰਚੀ। ਸੁਸਾਇਟੀ ਵਾਸੀਆਂ ਨੇ ਪੁਲੀਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਥਾਣਾ ਮੁਖੀ ਜਸਕੰਵਲ ਸਿੰਘ ਨੇ ਕਿਹਾ ਕਿ ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।