For the best experience, open
https://m.punjabitribuneonline.com
on your mobile browser.
Advertisement

ਪਾਰਕਿੰਗ ਪਰਚੀ ਨੂੰ ਲੈ ਕੇ ਠੇਕੇਦਾਰ ਤੇ ਕਿਸਾਨਾਂ ਦਰਮਿਆਨ ਤਕਰਾਰ

07:13 AM Mar 07, 2024 IST
ਪਾਰਕਿੰਗ ਪਰਚੀ ਨੂੰ ਲੈ ਕੇ ਠੇਕੇਦਾਰ ਤੇ ਕਿਸਾਨਾਂ ਦਰਮਿਆਨ ਤਕਰਾਰ
ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਬੁੱਧਵਾਰ ਨੂੰ ਠੇਕੇਦਾਰ ਖ਼ਿਲਾਫ਼ ਧਰਨਾ ਦਿੰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਾਰਚ
ਸਥਾਨਕ ਸਿਵਲ ਹਸਪਤਾਲ ਵਿਚ ਪਾਰਕਿੰਗ ਪਰਚੀ ਨੂੰ ਲੈ ਕੇ ਹੋਏ ਤਕਰਾਰ ਮਗਰੋਂ ਪਾਰਕਿੰਗ ਠੇਕੇਦਾਰਾਂ ਤੇ ਉਨ੍ਹਾਂ ਦੇ ਕਰਿੰਦਿਆਂ ਵਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਤਿੰਨ ਆਗੂਆਂ ਉਪਰ ਕਥਿਤ ਤੌਰ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਸੂਚਨਾ ਮਿਲਦਿਆਂ ਹੀ ਵੱਡੀ ਤਾਦਾਦ ’ਚ ਕਿਸਾਨ ਸਿਵਲ ਹਸਪਤਾਲ ਪੁੱਜ ਗਏ ਜਿਸ ਕਾਰਨ ਹਮਲਾਵਰ ਫ਼ਰਾਰ ਹੋ ਗਏ। ਹਮਲੇ ’ਚ ਬਲਾਕ ਆਗੂ ਰਛਪਾਲ ਸਿੰਘ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੇ ਵੀ ਹੱਥ ਉਪਰ ਸੱਟ ਲੱਗੀ ਹੈ। ਮੌਕੇ ’ਤੇ ਡੀਐਸਪੀ ਮਨੋਜ ਗੋਰਸੀ ਅਤੇ ਥਾਣਾ ਸਿਟੀ ਇੰਚਾਰਜ ਕੁਲਵਿੰਦਰ ਸਿੰਘ ਵੀ ਪੁੱਜੇ। ਜ਼ਖਮੀ ਕਿਸਾਨ ਰਛਪਾਲ ਸਿੰਘ ਦੌਲੇਵਾਲ ਨੇ ਦੱਸਿਆ ਕਿ ਉਹ, ਜਸਵੰਤ ਸਿੰਘ ਤੋਲਾਵਾਲ ਅਤੇ ਲਾਲੀ ਸਿੰਘ ਦੌਲੇਵਾਲ ਦੀ ਗੱਡੀ ’ਚ ਸਵਾਰ ਹੋ ਕੇ ਸਵੇਰੇ ਸਿਵਲ ਹਸਪਤਾਲ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਪੁੱਜੇ ਸਨ। ਹਸਪਤਾਲ ’ਚ ਦਾਖਲ ਹੁੰਦਿਆਂ ਹੀ ਪਾਰਕਿੰਗ ਠੇਕੇਦਾਰ ਤੇ ਕਰਿੰਦਿਆਂ ਵਲੋਂ ਗੱਡੀ ਰੋਕ ਲਈ ਗਈ। ਕਿਸਾਨ ਆਗੂਆਂ ਅਨੁਸਾਰ ਉਨ੍ਹਾਂ ਕਿਹਾ ਕਿ ਗੱਡੀ ਸਾਈਡ ’ਤੇ ਲਾ ਕੇ ਗੱਲ ਕਰਦੇ ਹਾਂ ਪਰ ਠੇਕੇਦਾਰ ਤੇ ਕਰਿੰਦੇ ਤਕਰਾਰਬਾਜ਼ੀ ਕਰਨ ਲੱਗੇ। ਜਦੋਂ ਉਹ ਗੱਡੀ ’ਚੋਂ ਹੇਠਾਂ ਉਤਰੇ ਤਾਂ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਗੋਬਿੰਦਰ ਸਿੰਘ ਮੰਗਵਾਲ, ਮਨਜੀਤ ਸਿੰਘ ਘਰਾਚੋਂ, ਰਣਜੀਤ ਸਿੰਘ ਲੌਂਗੋਵਾਲ ਆਦਿ ਬਲਾਕਾਂ ’ਚੋਂ ਆਗੂ ਕਿਸਾਨਾਂ ਸਮੇਤ ਪੁੱਜ ਗਏ ਅਤੇ ਸਿਵਲ ਹਸਪਤਾਲ ’ਚ ਰੋਸ ਧਰਨਾ ਲਗਾ ਦਿੱਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਠੇਕੇਦਾਰ ਤੇ ਕਰਿੰਦਿਆਂ ਵਲੋਂ ਹਮਲਾ ਕਰਨਾ ਸ਼ਰੇਆਮ ਗੁੰਡਾਗਰਦੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀ ਕਿਸਾਨਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਘਟਨਾ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

ਠੇਕੇਦਾਰ ਤੇ ਕਰਿੰਦਿਆਂ ਵੱਲੋਂ ਗਲਤੀ ਮੰਨਣ ’ਤੇ ਰਾਜ਼ੀਨਾਮਾ

ਕਿਸਾਨ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਸ਼ਾਮ ਕਰੀਬ ਚਾਰ ਵਜੇ ਠੇਕੇਦਾਰ ਤੇ ਕਰਿੰਦਿਆਂ ਵਲੋਂ ਕਿਸਾਨਾਂ ਦੇ ਰੋਸ ਧਰਨੇ ’ਚ ਪੁੱਜ ਕੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ ਜਿਸ ਮਗਰੋਂ ਮਾਮਲਾ ਨਬਿੜ ਗਿਆ। ਥਾਣਾ ਸਿਟੀ ਇੰਚਾਰਜ ਕੁਲਵਿੰਦਰ ਸਿੰਘ ਨੇ ਵੀ ਦੋਵੇਂ ਧਿਰਾਂ ਵਿਚਕਾਰ ਰਾਜ਼ੀਨਾਮਾ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਜਗਤਾਰ ਸਿੰਘ ਲੱਡੀ, ਜਸਵੀਰ ਸਿੰਘ ਗੱਗੜਪੁਰ ਸ਼ਾਮਲ ਸਨ।

Advertisement
Author Image

sukhwinder singh

View all posts

Advertisement
Advertisement
×