ਇਜ਼ਰਾਈਲ ਤੇ ਹਿਜ਼ਬੁੱਲ੍ਹਾ ਵਿਚਾਲੇ ਟਕਰਾਅ
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਵਜੋਂ ਪਿਛਲੇ ਹਫ਼ਤੇ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਵਿੱਚ ਪ੍ਰਵਾਨਗੀ ਭਾਸ਼ਣ ਦਿੰਦਿਆਂ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਨਾਲ ਹਮੇਸ਼ਾ ਖੜ੍ਹੇ ਰਹਿਣ ਦਾ ਅਹਿਦ ਲਿਆ ਸੀ। ਇਜ਼ਰਾਈਲ ਨੇ ਆਪਣੇ ਇਸ ਅਧਿਕਾਰ ਦੀ ਵਾਰ-ਵਾਰ ਦੁਰਵਰਤੋਂ ਕੀਤੀ ਹੈ ਜਿਸ ਕਰ ਕੇ ਮੱਧ ਏਸ਼ੀਆ ਖੇਤਰੀ ਜੰਗ ਦੇ ਕੰਢੇ ’ਤੇ ਪਹੁੰਚ ਗਿਆ ਹੈ। ਇਜ਼ਰਾਇਲ ਨੇ ਦਾਅਵਾ ਕੀਤਾ ਸੀ ਕਿ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਇਲੀ ਖੇਤਰ ਵਿੱਚ ਮਿਸਾਈਲਾਂ ਅਤੇ ਰਾਕੇਟਾਂ ਨਾਲ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਜ਼ਰਾਇਲੀ ਫ਼ੌਜ ਨੇ ਲਿਬਨਾਨ ਵਿੱਚ ਕਥਿਤ ਦਹਿਸ਼ਤਗਰਦ ਟਿਕਾਣਿਆਂ ਉੱਪਰ ਹਮਲੇ ਕੀਤੇ ਹਨ। ਹਿਜ਼ਬੁੱਲ੍ਹਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਪਰ ਜਵਾਬੀ ਕਾਰਵਾਈ ਵੀ ਕੀਤੀ ਹੈ। ਇਜ਼ਰਾਈਲ ਨੇ ਪਿਛਲੇ ਮਹੀਨੇ ਲਿਬਨਾਨ ਦੀ ਰਾਜਧਾਨੀ ਵਿੱਚ ਹਮਲਾ ਕਰ ਕੇ ਹਿਜ਼ਬੁੱਲ੍ਹਾ ਦੇ ਸੀਨੀਅਰ ਕਮਾਂਡਰ ਫੌਦ ਸ਼ੁਕਰ ਨੂੰ ਮਾਰ ਦਿੱਤਾ ਸੀ। ਤਲ ਅਵੀਵ ਨੂੰ ਤਹਿਰਾਨ ਵਿੱਚ ਹਮਾਸ ਆਗੂ ਇਸਮਾਈਲ ਹਨੀਯੇਹ ਦੀ ਹੱਤਿਆ ਲਈ ਵੀ ਕਸੂਰਵਾਰ ਠਹਿਰਾਇਆ ਜਾਂਦਾ ਹੈ ਜਦੋਂਕਿ ਇਰਾਨ ਨੇ ਇਸ ਹਮਲੇ ਦਾ ਬਦਲਾ ਲੈਣ ਦੀ ਧਮਕੀ ਦੇ ਰੱਖੀ ਹੈ। ਇਜ਼ਰਾਈਲ ਦੀਆਂ ਧੱਕੜ ਕਾਰਵਾਈਆਂ ਦੀ ਕੌਮਾਂਤਰੀ ਭਾਈਚਾਰੇ ਵੱਲੋਂ ਪੁਰਜ਼ੋਰ ਨਿਖੇਧੀ ਨਹੀਂ ਕੀਤੀ ਜਾ ਰਹੀ ਅਤੇ ਇਸ ਦੇ ਖ਼ਿਲਾਫ਼ ਕੋਈ ਠੋਸ ਚਾਰਾਜੋਈ ਵੀ ਨਹੀਂ ਹੋ ਰਹੀ। ਸੰਯੁਕਤ ਰਾਸ਼ਟਰ ਵੱਲੋਂ ਵੀ ਇਜ਼ਰਾਈਲ ਦੀਆਂ ਕਾਰਵਾਈਆਂ ਦਾ ਢੁਕਵਾਂ ਵਿਰੋਧ ਨਹੀਂ ਕੀਤਾ ਜਾ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਸਾਰੇ ਨਿਸ਼ਾਨੇ ਰਾਸ਼ਟਰਪਤੀ ਜੋਅ ਬਾਇਡਨ ’ਤੇ ਸੇਧ ਰਹੇ ਹਨ ਅਤੇ ਨਾਲ ਹੀ ਚਿਤਾਵਨੀ ਦੇ ਰਹੇ ਹਨ ਕਿ ਤੀਜੀ ਆਲਮੀ ਜੰਗ ਬਹੁਤੀ ਦੂਰ ਨਹੀਂ ਹੈ। ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ ਇੱਕ ਤੋਂ ਬਾਅਦ ਇੱਕ ਭੜਕਾਊ ਕਦਮ ਚੁੱਕਣ ਦੀ ਖੁੱਲ੍ਹ ਦਿੱਤੀ ਤੇ ਮਸਲਾ ਸੁਲਝਾਉਣ ਵਿੱਚ ਕੋਈ ਮਦਦ ਨਹੀਂ ਕੀਤੀ।
ਇਜ਼ਰਾਈਲ ਦੀਆਂ ਕਾਰਵਾਈਆਂ ਨੇ ਵਾਰਤਾ ਮੁੜ ਸ਼ੁਰੂ ਕਰਨ ਦੇ ਯਤਨਾਂ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਇਸ ਵਾਰਤਾ ਦਾ ਮੰਤਵ ਬੰਧਕਾਂ ਦੀ ਰਿਹਾਈ ਦੇ ਸੰਕਟ ਨੂੰ ਨਿਬੇੜਨਾ ਤੇ ਗਾਜ਼ਾ ਵਿੱਚ ਗੋਲੀਬੰਦੀ ਕਰਾਉਣਾ ਹੈ। ਲਿਬਨਾਨ, ਜੋ ਕਿ 2006 ਵਿੱਚ ਇਜ਼ਰਾਈਲ ਨਾਲ ਮਹੀਨਾ ਭਰ ਚੱਲੀ ਲੜਾਈ ’ਚ ਟਿਕਿਆ ਰਿਹਾ ਹੈ, ਇਸ ਵਾਰ ਸ਼ਾਇਦ ਅਜਿਹਾ ਨਹੀਂ ਕਰ ਸਕੇਗਾ ਕਿਉਂਕਿ ਮੁਲਕ ਪਹਿਲਾਂ ਹੀ ਕਈ ਚਿਰ ਤੋਂ ਸਿਆਸੀ ਅਤੇ ਆਰਥਿਕ ਅਸਥਿਰਤਾ ਨਾਲ ਜੂਝ ਰਿਹਾ ਹੈ। ਇਜ਼ਰਾਈਲ, ਜਿਸ ਨੂੰ ਚੁਫ਼ੇਰੇ ਸਿਰਫ਼ ਦੁਸ਼ਮਣ ਹੀ ਨਜ਼ਰ ਆ ਰਹੇ ਹਨ, ਦੀ ਹੋਸ਼ ਟਿਕਾਣੇ ਲਿਆਉਣ ਦੀ ਲੋੜ ਹੈ ਕਿ ਉਹ ਆਪਣੇ ਫ਼ੌਜੀ ਅਤਿ ਉਤਸ਼ਾਹ ਵਿੱਚ ਵਿਸ਼ਵ ਸੁਰੱਖਿਆ ਅਤੇ ਸਥਿਰਤਾ ਲਈ ਖ਼ਤਰਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਪਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਬਿੱਲੀ ਦੇ ਗਲ਼ ਟੱਲੀ ਕੌਣ ਬੰਨ੍ਹੇਗਾ?