For the best experience, open
https://m.punjabitribuneonline.com
on your mobile browser.
Advertisement

ਭਰੋਸਾ

07:46 AM Jul 15, 2024 IST
ਭਰੋਸਾ
Advertisement

ਪ੍ਰੀਤਮਾ ਦੋਮੇਲ

ਕਈ ਸਾਲ ਪਹਿਲਾਂ ਦੀ ਗੱਲ ਹੈ, ਅਸੀਂ ਅੰਬਾਲਾ ਛਾਉਣੀ ਦੀ ਸਰਹਿੰਦ ਕਲੱਬ ਵਿੱਚ ਰਹਿੰਦੇ ਸੀ। ਕਲੱਬ ਦੇ ਪਿਛਲੇ ਪਾਸੇ ਅੰਗਰੇਜ਼ਾਂ ਦੇ ਸਮੇਂ ਦੇ 10 ਕੁਆਰਟਰ ਬਣੇ ਹੋਏ ਸੀ ਜਿਹੜੇ ਉਹ ਬੜੀ ਸਿਫਾਰਿਸ਼ ਨਾਲ ਫ਼ੌਜੀ ਅਫਸਰਾਂ ਨੂੰ ਰਹਿਣ ਲਈ ਦਿੰਦੇ ਸੀ। ਸਾਨੂੰ ਵੀ ਇਕ ਕੁਆਰਟਰ ਮਿਲ ਗਿਆ ਸੀ ਜਿਸ ਵਿਚ ਅੱਗੜ-ਪਿੱਛੜ 4 ਕਮਰੇ ਸਨ ਤੇ ਕਮਰਿਆਂ ਦੀ ਸਾਂਝੀ ਕੰਧ ਨਾਲ ਬਿਲਿਆਰਡ ਤੇ ਟੇਬਲ ਟੈਨਿਸ ਦੇ ਮੇਜ਼ ਲੱਗੇ ਹੋਏ ਸਨ। ਅਗਲੀ ਕੰਧ ਨਾਲ ਕਿਚਨ ਤੇ ਸਟੋਰ ਸੀ। ਬਾਹਰ ਦਾ ਰੌਲਾ ਰੱਪਾ ਸਾਡੇ ਘਰ ਸੁਣਾਈ ਦਿੰਦਾ ਰਹਿੰਦਾ ਸੀ।
ਘਰ ਬੜਾ ਸੋਹਣਾ ਸੀ। ਕਮਰੇ ਲੋੜ ਜਿੰਨੇ ਵੱਡੇ ਸਨ, ਹਵਾਦਾਰ ਤੇ ਬਾਹਰੋਂ ਆਉਂਦੀਆਂ ਰੌਸ਼ਨੀਆਂ ਨਾਲ ਜਗਮਗ ਕਰਦੇ ਰਹਿੰਦੇ। ਵਿਹੜੇ ਵਿਚ ਅਸੀਂ ਛੋਟੀਆਂ-ਛੋਟੀਆਂ ਕਿਆਰੀਆਂ ਵਿਚ ਮੇਥੀ, ਪਾਲਕ, ਧਨੀਆ, ਪੁਦੀਨਾ ਤੇ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਲਾਈਆਂ ਹੋਈਆਂ ਸਨ। ਵੱਡਾ ਸਾਰਾ ਪੀਲੇ ਫੁੱਲਾਂ ਵਾਲਾ ਇੱਕ ਦਰੱਖਤ ਵੀ ਸੀ। ਬਾਹਰਲੇ ਗੇਟ ਦੇ ਨਾਲ ਕਰ ਕੇ ਗੁਲਾਬ ਅਤੇ ਚਮੇਲੀ ਦੇ ਬੂਟੇ ਸਨ। ਬਾਕੀ ਖਾਲੀ ਥਾਂ ਵਿਚ ਅਸੀਂ ਗਰਮੀ ਸਰਦੀ ਦੇ ਹਿਸਾਬ ਨਾਲ ਕੁਰਸੀਆਂ ਡਾਹ ਕੇ ਬੈਠੇ ਰਹਿੰਦੇ।
ਐਤਵਾਰ ਦਾ ਦਿਨ ਸੀ ਤੇ ਬਾਹਰਲੇ ਵਿਹੜੇ ਵਿਚ ਖਿੜੀ ਹੋਈ ਧੁੱਪ ਵਿਚ ਅਸੀਂ ਬੈਠੇ ਚਾਹ ਪੀ ਰਹੇ ਸਾਂ। ਅੰਦਰ ਵਿਦਿਆ (ਕੰਮ ਵਾਲੀ) ਆਪਣੇ ਆਹਰ ਲੱਗੀ ਹੋਈ ਸੀ। ਇਹ ਸਾਡੇ ਪਾਸ ਦੋ ਕੁ ਸਾਲ ਤੋਂ ਕੰਮ ਕਰ ਰਹੀ ਸੀ। ਮਜਾਲ ਹੈ ਕੋਈ ਚੀਜ਼ ਇੱਧਰ ਤੋਂ ਉੱਧਰ ਹੋਈ ਹੋਵੇ। ਸਾਡੇ ਰੁਪਏ ਪੈਸੇ ਵੀ ਕਈ ਵਾਰੀ ਬਾਹਰ ਹੀ ਪਏ ਰਹਿੰਦੇ ਸਨ।... ਅਚਾਨਕ ਬਾਹਰਲੇ ਖੁੱਲ੍ਹੇ ਗੇਟ ਤੋਂ ਬੜੀ ਕਮਜ਼ੋਰ ਤੇ ਕੁੱਬੀ ਜਿਹੀ ਦਿਸਦੀ ਔਰਤ 10-12 ਸਾਲ ਦੇ ਮੁੰਡੇ ਦਾ ਹੱਥ ਫੜੀ ਅੰਦਰ ਲੰਘ ਆਈ। ਸਾਧਾਰਨ ਜਿਹੇ ਕੱਪੜੇ ਪਾਈ ਉਹ ਔਰਤ ਮੈਨੂੰ ਕੋਈ ਮੰਗਤੀ ਲੱਗੀ। ਮੈਂ ਝੱਟ ਵਿਦਿਆ ਨੂੰ ਆਵਾਜ਼ ਮਾਰੀ, “ਵਿਦਿਆ, ਅਲਮਾਰੀ ਖੋਲ੍ਹ ਕੇ 20 ਰੁਪਏ ਲਿਆ ਦੇ ਸਾਨੂੰ।” ਤੇ ਉਸ ਔਰਤ ਨੂੰ ਮੈਂ ਕੋਲ ਪਏ ਮੂਹੜੇ ’ਤੇ ਬੈਠਣ ਲਈ ਕਿਹਾ ਤੇ ਉਹਨੂੰ ਨਾਲ ਚਾਹ ਦਾ ਕੱਪ ਅਤੇ ਬੱਚੇ ਨੂੰ ਬਿਸਕਿਟ ਦਿੱਤੇ। ਵਿਦਿਆ ਨੇ ਪੈਸੇ ਮੈਨੂੰ ਫੜਾ ਕੇ ਕਿਹਾ, “ਪੈਸੇ ਕੀ ਕਰਨੇ?” ਮੈਂ ਕਿਹਾ, “ਇਸ ਮਾਈ ਨੂੰ ਦੇਣੇ” ਪਰ ਜਦੋਂ ਵਿਦਿਆ ਨੇ ਪੈਸੇ ਮੈਨੂੰ ਫੜਾਏ ਤਾਂ ਉਹ ਬੋਲੀ, “ਮੈਂ ਮੰਗਤੀ ਨਹੀਂ, ਮੈਂ ਤਾਂ ਸਗੋਂ ਤੁਹਾਨੂੰ ਕੁਝ ਦੇਣ ਲਈ ਆਈ ਹਾਂ।”
ਹੈਂਅ!... ਮੈਂ ਸ਼ਰਮਿੰਦਾ ਜਿਹੀ ਹੋ ਕੇ ਚੁੱਪ ਕਰ ਕੇ ਬੈਠੀ ਰਹਿ ਗਈ। ਫਿਰ ਉਹਨੇ ਆਪਣੇ ਝੋਲੇ ਵਿਚੋਂ ਲਿਫਾਫਾ ਮੈਨੂੰ ਫੜਾ ਕੇ ਕਿਹਾ, “ਮੇਮ ਸਾਹਿਬ, ਇਹ ਸਾਂਭੋ ਆਪਣੀ ਅਮਾਨਤ ਤੇ ਮੈਨੂੰ ਸੁਰਖਰੂ ਕਰੋ।” ਮੈਂ ਹੈਰਾਨ! “ਬੀਬੀ, ਮੈਨੂੰ ਤੂੰ ਕਿਹੜੇ ਪੈਸੇ ਦੇ ਰਹੀ ਹੈਂ? ਮੈਂ ਤਾਂ ਤੈਨੂੰ ਜਾਣਦੀ ਵੀ ਨਹੀਂ।”
“ਤੁਸੀਂ ਭੁੱਲ ਗਏ ਪਰ ਮੈਂ ਨਹੀਂ ਭੁੱਲੀ। ਯਾਦ ਕਰੋ, 5 ਸਾਲ ਪਹਿਲਾਂ ਤੁਹਾਡੇ 5 ਹਜ਼ਾਰ ਰੁਪਏ ਚੋਰੀ ਹੋ ਗਏ ਸੀ... ਉਹ ਮੈਂ ਚੋਰੀ ਕੀਤੇ ਸੀ... ਉਦੋਂ ਅਸੀਂ ਇਹ ਸ਼ਹਿਰ ਛੱਡ ਕੇ ਚਲੇ ਗਏ ਸੀ ਪਰ ਮੇਮ ਸਾਹਿਬ! ਬੜੀ ਮਜਬੂਰੀ ’ਚ ਇਹ ਕੰਮ ਕੀਤਾ ਸੀ। ਮੇਰਾ ਪੁੱਤਰ ਬਹੁਤ ਬਿਮਾਰ ਸੀ, ਉਹਦੇ ਅਪਰੇਸ਼ਨ ਲਈ 5 ਹਜ਼ਾਰ ਚਾਹੀਦੇ ਸੀ। ਵੱਡੀ ਰਕਮ ਸੀ, ਮੰਗਣ ’ਤੇ ਕਿਸੇ ਨੇ ਦੇਣੀ ਨਹੀਂ ਸੀ... ਤੁਸੀਂ ਮੇਰੇ ’ਤੇ ਬਹੁਤ ਭਰੋਸਾ ਕਰਦੇ ਸੀ, ਕਦੀ ਕਿਸੇ ਬਕਸੇ ਅਲਮਾਰੀ ਨੂੰ ਤਾਲਾ ਨਹੀਂ ਸੀ ਲਾਉਂਦੇ। ਬੱਸ ਮੈਂ ਤੁਹਾਡੇ ਭਰੋਸੇ ਦਾ ਫਾਇਦਾ ਉਠਾ ਕੇ ਪੈਸੇ ਚੁੱਕ ਲਏ।”
ਮੈਂ ਬੜੀ ਦਿਲਚਸਪੀ ਨਾਲ ਉਸ ਦੀ ਗੱਲ ਸੁਣ ਰਹੀ ਸੀ।
“ਲੜਕਾ ਮੇਰਾ ਤਾਂ ਅਪਰੇਸ਼ਨ ਤੋਂ ਬਾਅਦ ਠੀਕ ਹੋ ਗਿਆ ਪਰ ਮੇਰੀ ਆਤਮਾ ਮੈਨੂੰ ਲਾਹਨਤਾਂ ਪਾਉਂਦੀ ਰਹੀ। ਮੈਂ ਸੋਚ ਲਿਆ ਕਿ ਮਿਹਨਤ ਮਜੂਰੀ ਕਰ ਕੇ ਪੈਸੇ ’ਕੱਠੇ ਕਰ ਕੇ ਤੁਹਾਨੂੰ ਮੋੜ ਆਵਾਂਗੀ। ਬਹੁਤ ਕੰਮ ਕੀਤਾ। ਭੁੱਖਣ ਭਾਣੇ ਰਹਿ-ਰਹਿ ਕੇ ਪੈਸੇ ਇਕੱਠੇ ਕੀਤੇ। ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਮੱਧਮ ਪੈ ਗਈ... ਹੁਣ ਇਹ ਸਾਂਭੋ ਆਪਣੇ 5 ਹਜ਼ਾਰ ਤੇ ਇਸ ਗ਼ਲਤੀ ਲਈ ਮੈਨੂੰ ਮੁਆਫ਼ ਕਰ ਦਿਉ।” ਇਹ ਕਹਿ ਕੇ ਉਹ ਆਪਣੀਆਂ ਅੱਖਾਂ ਪੂੰਝਣ ਲੱਗ ਪਈ।
ਮੈਂ ਉਹਨੂੰ ਕਲਾਵੇ ਵਿਚ ਲੈ ਲਿਆ, “ਬੀਬੀ, ਮੈਂ ਉਹ ਮੇਮ ਸਾਹਿਬ ਨਹੀਂ, ਅਸੀਂ ਤਾਂ ਇੱਥੇ 2 ਸਾਲ ਪਹਿਲਾਂ ਹੀ ਆਏ ਹਾਂ। ਬਾਕੀ ਇਨ੍ਹਾਂ ਪੈਸਿਆਂ ਨਾਲ ਤੂੰ ਆਪਣੀਆਂ ਅੱਖਾਂ ਦਾ ਇਲਾਜ ਕਰਵਾ। ਉਹ ਪਹਿਲੇ ਵਾਲੇ ਲੋਕ ਇਥੋਂ ਚਲੇ ਗਏ...ਕਿੱਥੇ ਗਏ, ਇਹ ਵੀ ਕਿਸੇ ਨੂੰ ਪਤਾ ਨਹੀਂ।”
“ਪਰ ਮੈਨੂੰ ਗੇਟ ਵਾਲੇ ਬੰਦੇ ਨੇ ਕਿਹਾ ਕਿ ਪੜ੍ਹਾਉਣ ਵਾਲੇ ਮੈਡਮ ਇੱਥੇ ਹੀ ਰਹਿੰਦੇ।”
“ਮੈਂ ਵੀ ਪੜ੍ਹਾਉਂਦੀ ਹਾਂ ਪਰ ਉਹ ਕੋਈ ਹੋਰ ਮੈਡਮ ਸੀ।”
‘ਅੱਛਾ’ ਕਹਿ ਕੇ ਉਹ ਉਦਾਸ ਹੋ ਗਈ ਤੇ ਬੋਲੀ, “ਚਲੋ ਠੀਕ ਐ... ਪਰ ਮੈਂ ਤੁਹਾਨੂੰ ਇਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਕਿਸੇ ’ਤੇ ਇੰਨਾ ਭਰੋਸਾ ਨਾ ਕਰਨਾ ਬੰਦਿਆਂ ਦਾ ਇਮਾਨ ਹੀ ਖ਼ਰਾਬ ਹੋ ਜਾਏ, ਬੇਸ਼ੱਕ ਉਸ ਦੇ ਪਿੱਛੇ ਉਸ ਦੀ ਕੋਈ ਮਜਬੂਰੀ ਹੀ ਕਿਉਂ ਨਾ ਹੋਵੇ... ਹੁਣ ਦੇਖੋ, ਮੈਂ ਇਹ ਪੈਸੇ ਇਕੱਠੇ ਕਰਨ ਲਈ ਆਪਣੇ ਸਰੀਰ ਦਾ ਸੱਤਿਆਨਾਸ ਕਰ ਲਿਆ, ਅੱਖਾਂ ਖ਼ਰਾਬ ਕਰ ਲਈਆਂ ਤੇ ਉਸ ਨੇਕ ਔਰਤ ਦਾ ਭਰੋਸਾ ਵੀ ਤੋਡਿ਼ਆ। ਜੇ ਤੁਹਾਨੂੰ ਉਨ੍ਹਾਂ ਦਾ ਪਤਾ ਮਿਲ ਜਾਏ...।”
ਮੈਂ ਉਹਨੂੰ ਪਿਆਰ ਨਾਲ ਕਿਹਾ, “ਬੱਸ ਤੂੰ ਸਮਝ ਲੈ, ਤੇਰੇ ਪੈਸੇ ਉਸ ਨੂੰ ਮਿਲ ਗਏ ਜੋ ਤੂੰ ਸਭ ਕੁਝ ਕਬੂਲ ਕਰ ਲਿਆ ਹੈ।” ਮੈਂ ਉਹਦੇ ਨਾਲ ਤੁਰਦੀ-ਤੁਰਦੀ ਕਲੱਬ ਦੇ ਬਾਹਰ ਤੱਕ ਆ ਗਈ।

Advertisement

ਸੰਪਰਕ: 62841-55025

Advertisement

Advertisement
Author Image

sukhwinder singh

View all posts

Advertisement