ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੰਡ ਕਲਾ ਨੂੰ ਸਾਂਭਣ ਵਾਲੇ ਅਵਤਾਰ ਤੇ ਇਕਬਾਲ

10:27 AM Jul 22, 2023 IST

ਡਾ. ਹਰਿੰਦਰ ਸਿੰਘ

ਪੰਜਾਬ ਦੀਆਂ ਰਵਾਇਤੀ ਲੋਕ ਕਲਾਵਾਂ ਵਿੱਚੋਂ ਭੰਡ ਅਜਿਹੀ ਕਲਾ ਹੈ ਜਿਸ ਨੂੰ ਕਲਾਕਾਰਾਂ ਨੇ ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਅਜੇ ਵੀ ਕਾਇਮ ਰੱਖਿਆ ਹੋਇਆ ਹੈ। ਇਸ ਕਲਾ ਦੇ ਪੇਸ਼ਕਰਤਾ ਮਿਰਾਸੀ ਹੁੰਦੇ ਹਨ ਜਿਹੜੇ ਖਾਸ ਅੰਦਾਜ਼ ਵਿੱਚ ਇਸ ਦੀ ਪੇਸ਼ਕਾਰੀ ਕਰਕੇ ਹਾਸ ਰਸ ਪੈਦਾ ਕਰਦੇ ਹਨ। ਇਹ ਕਲਾ ਪੰਜਾਬ ਤੇ ਪਾਕਿਸਤਾਨ ਤੋਂ ਇਲਾਵਾ ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਤੇ ਇੱਕ ਦੋ ਹੋਰ ਰਾਜਾਂ ਵਿੱਚ ਪੰਜਾਬ ਨਾਲੋਂ ਥੋੜ੍ਹੇ ਬਦਲਵੇਂ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ। ਪੰਜਾਬ ਵਿੱਚ ਅੱਜ ਵੀ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਭੰਡ ਮਿਰਾਸੀ ਆਪਣੀ ਕਲਾ ਦਿਖਾ ਕੇ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਦੇ ਹਨ।
ਨਵੀਂ ਪੀੜ੍ਹੀ ਆਪਣੇ ਰਵਾਇਤੀ ਕਿੱਤਿਆਂ ਤੋਂ ਕਨਿਾਰਾਕਸ਼ੀ ਕਰ ਰਹੀ ਹੋਣ ਕਾਰਨ ਇਸ ਕਲਾ ਨੂੰ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਰਾਹੀਂ ਸਾਂਭਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ। ਅਵਤਾਰ ਚੜਿੱੱਕ ਅਤੇ ਇਕਬਾਲ ਚੜਿੱਕ ਅਜਿਹੇ ਹੀ ਕਲਾਕਾਰ ਹਨ ਜਿਹੜੇ ਯੁਵਕ ਮੇਲਿਆਂ ਰਾਹੀਂ ਇਸ ਕਲਾ ਨਾਲ ਜੁੜੇ ਅਤੇ ਇਸ ਨੂੰ ਅੱਜ ਵੀ ਬਾਦਸਤੂਰ ਕਾਇਮ ਰੱਖਿਆ ਹੋਇਆ ਹੈ। 2016 ਵਿੱਚ ਸਰਕਾਰੀ ਕਾਲਜ ਜੀ.ਟੀ.ਬੀ. ਗੜ੍ਹ ਮੋਗਾ (ਰੋਡੇ ਕਾਲਜ) ਪੜ੍ਹਨ ਤੋਂ ਪਹਿਲਾਂ ਉਹ ਲੰਬੇ ਸਮੇਂ ਤੋਂ ਮੋਗਾ ਦੇ ਰੰਗਮੰਚ ਨਾਲ ਜੁੜੇ ਰਹੇ ਸਨ। ਇਸ ਤੋਂ ਪਹਿਲਾਂ ਭੰਡਾਂ ਦੇ ਟੋਟਕੇ ਰਵਾਇਤੀ ਕਿਸਮ ਦੇ ਸਨ ਜਨਿ੍ਹਾਂ ਵਿੱਚ ਹਲਕੀਆਂ-ਫੁਲਕੀਆਂ ਗੱਲਾਂ ਹੁੰਦੀਆਂ ਸਨ, ਪਰ ਫਿਰ ਭੰਡਾਂ ਦੀ ਸਕ੍ਰਿਪਟ ਨੂੰ ਸਮਾਜ ਦੀਆਂ ਸਮੱਸਿਆਵਾਂ ਅਤੇ ਸਿਆਸੀ ਵਿਅੰਗ ਨਾਲ ਜੋੜ ਕੇ ਲਿਖਣਾ ਸ਼ੁਰੂ ਕੀਤਾ। ਇਸ ਤਰ੍ਹਾਂ ਵੱਖਰੇ ਰੂਪ ਵਿੱਚ ਤਿਆਰੀ ਕਰਕੇ ਉਹ ਲਗਾਤਾਰ ਤਿੰਨ ਸਾਲ ਯੂਨੀਵਰਸਿਟੀ ਕਲਰ ਨਾਲ ਸਨਮਾਨਿਤ ਹੋ ਕੇ ਜੇਤੂ ਰਹੇ। ਆਪਣੇ ਕਾਲਜ ਪ੍ਰੋਫੈਸਰ ਦੁਆਰਾ ਲਾਈ ਚੇਟਕ ਨਾਲ ਉੁਹ ਇਸ ਕਲਾ ਨਾਲ ਦਿਲੋਂ ਅਜਿਹੇ ਜੁੜੇ ਕਿ ਕਾਲਜ ਵਿੱਚੋਂ ਪਾਸ ਹੋਣ ਉਪਰੰਤ ਵੀ ਉਹ ਅੱੱਜ ਤੱਕ ਇਸ ਕਲਾ ਰਾਹੀਂ ਸਿਆਸੀ ਪ੍ਰਬੰਧ ਨੂੰ ਨਿੰਦਦੇ ਭੰਡਦੇ ਆ ਰਹੇ ਹਨ।
ਅਵਤਾਰ ਤੇ ਇਕਬਾਲ ਦੋਵੇਂ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਚੜਿੱਕ ਦੇ ਗ਼ਰੀਬ ਮਜ਼ਦੂਰ ਪਰਿਵਾਰ ਵਿੱਚ ਪੈਦਾ ਹੋਏ ਹਨ। ਇਸ ਮਾਹੌਲ ਵਿੱਚ ਇਨ੍ਹਾਂ ਨੇ ਨਾ ਸਿਰਫ਼ ਇਸ ਕਲਾ ਨੂੰ ਕਾਇਮ ਰੱਖਿਆ ਹੋਇਆ ਹੈ ਬਲਕਿ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ। ਇਹ ਪੰਜਾਬ ਵਿੱਚ ਭੰਡ ਕਰਨ ਵਾਲੇ ਕਲਾਕਾਰਾਂ ਵਿੱਚੋਂ ਸਭ ਤੋਂ ਵੱਧ ਪੜ੍ਹੇ-ਲਿਖੇ ਬੇਰੁਜ਼ਗਾਰ ਭੰਡ ਹਨ। ਅਵਤਾਰ ਨੇ ਤਿੰਨ ਐੱਮ.ਏ. (ਇਤਿਹਾਸ, ਥੀਏਟਰ, ਆਰਟ ਹਿਸਟਰੀ ਤੇ ਵਿਜ਼ੂਅਲ ਆਰਟ) ਕੀਤੀਆਂ ਹੋਈਆਂ ਹਨ, ਆਈ.ਟੀ.ਆਈ. (ਫਿਟਰ), ਇਲੈੱਕਟ੍ਰੀਕਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਬੀਐਡ ਪੂਰੀ ਹੋਣ ਵਾਲੀ ਹੈ। ਇਸੇ ਤਰ੍ਹਾਂ ਇਕਬਾਲ ਨੇ ਈ.ਟੀ.ਟੀ. ਅਤੇ ਐੱਮ.ਏ. ਥੀਏਟਰ ਕੀਤੀ ਹੋਈ ਹੈ। ਬੇਸ਼ੱਕ ਉਹ ਇਸ ਕਲਾ ਰਾਹੀਂ ਆਪਣੀਆਂ ਛੋਟੀਆਂ-ਮੋਟੀਆਂ ਆਰਥਿਕ ਲੋੜਾਂ ਪੂਰੀਆਂ ਕਰ ਲੈਂਦੇ ਹਨ, ਪਰ ਕਈ ਵਾਰ ਉਨ੍ਹਾਂ ਨੂੰ ਸੰਸਥਾਵਾਂ ਵਾਲੇ ਪ੍ਰੋਗਰਾਮ ’ਤੇ ਬੁਲਾ ਕੇ ਕਿਰਾਇਆ ਦੇਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ। ਉਹ ਫਿਰ ਵੀ ਨਿਰਾਸ਼ ਨਹੀਂ ਹੁੰਦੇ। ਉਹ ਕਿਰਤੀ ਵਰਗ ਦੇ ਜਾਏ ਹਨ। ਉਹ ਸਮਾਜ ਦੇ ਹਰ ਵਰਗ ਨਾਲ ਜੁੜੇ ਹੋਏ ਹਨ। ਦਿੱਲੀ ਮੋਰਚੇ ਦੌਰਾਨ ਉਹ ਬਨਿਾਂ ਕੋਈ ਵੇਲ ਲਏ ਲਗਾਤਾਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਭੰਡਾਂ ਦੀ ਪੇਸ਼ਕਾਰੀ ਕਰਦੇ ਰਹੇ ਹਨ। ਹਰ ਵਰਗ ਦੇ ਸੰਘਰਸ਼ ਵਿੱਚ ਉਹ ਆਪਣੀ ਪੇਸ਼ਕਾਰੀ ਕਰਕੇ ਆਪਣਾ ਸਮਰਥਨ ਦਿੰਦੇ ਹਨ। ਉਹ ਸਹੀ ਅਰਥਾਂ ਵਿੱਚ ਲੋਕ ਕਲਾਕਾਰ ਹਨ। ਉਨ੍ਹਾਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੂੰ ਪ੍ਰੋਗਰਾਮ ਕਰਨ ਲਈ ਬੁਲਾਇਆ ਜਾਂਦਾ ਹੈ। ਉਨ੍ਹਾਂ ਨੂੰ ਇੱਕ ਦੋ ਵਾਰ ਵਿਦੇਸ਼ ਦੇ ਪ੍ਰੋਗਰਾਮਾਂ ਦਾ ਸੱਦਾ ਵੀ ਆਇਆ, ਪਰ ਆਰਥਿਕ ਔਕੜਾਂ ਵਿੱਚ ਘਿਰੇ ਇਹ ਕਲਾਕਾਰ ਵਿਦੇਸ਼ ਜਾਣ ਲਈ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਦਿਖਾਉਣ ਤੋਂ ਅਸਮਰੱਥ ਰਹੇ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੱਖਾਂ ਲੋਕ ਹਨ। ਭੰਡ ਦੀ ਕਲਾ ਨੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੇ ਆਲਮ ਵਿੱਚ ਮੁੱਢਲਾ ਰੁਜ਼ਗਾਰ ਦਿੱਤਾ ਹੈ। ਇਸ ਤੋਂ ਇਲਾਵਾ ਉਹ ਅੱਜਕੱਲ੍ਹ ਡਾ. ਸਾਹਿਬ ਸਿੰਘ ਦੇ ਰੰਗਮੰਚ ਨਾਲ ਵੀ ਜੁੜੇ ਹੋਏ ਹਨ। ਇਸ ਕਲਾ ਕਾਰਨ ਹੀ ਉਨ੍ਹਾਂ ਨੂੰ ਪੰਜਾਬੀ ਫਿਲਮਾਂ ਵਿੱਚ ਛੋਟੇ-ਛੋਟੇ ਰੋਲ ਮਿਲਣ ਲੱਗ ਪਏ ਹਨ। ਬੇਸ਼ੱਕ ਇਨ੍ਹਾਂ ਕਲਾਕਾਰਾਂ ਦਾ ਵਰਤਮਾਨ ਅਜੇ ਬੇਰੁਜ਼ਗਾਰੀ ਵਿੱਚ ਘਿਰਿਆ ਸੰਘਰਸ਼ਮਈ ਹੈ, ਪਰ ਭਵਿੱਖ ਵਿੱਚ ਇਹ ਕਲਾਕਾਰ ਇਸ ਕਲਾ ਨੂੰ ਅਲੋਪ ਹੋਣ ਤੋਂ ਬਚਾਉਣ ਵਾਲੇ ਕਲਾਕਾਰਾਂ ਵਿੱਚ ਮੋਹਰੀ ਗਿਣੇ ਜਾਣਗੇ। ਅਜਿਹੇ ਕਲਾਕਾਰਾਂ ਨੂੰ ਵਕਤ ਦੀ ਧੂੜ ਵਿੱਚ ਗੁਆਚਣ ਤੋਂ ਬਚਾ ਕੇ ਸਾਂਭਣ ਦੀ ਲੋੜ ਹੈ।
ਸੰਪਰਕ: 84274-98822

Advertisement

Advertisement