For the best experience, open
https://m.punjabitribuneonline.com
on your mobile browser.
Advertisement

ਨਵਾਜ਼ ਸ਼ਰੀਫ ਦਾ ਇਕਬਾਲ

06:15 AM May 30, 2024 IST
ਨਵਾਜ਼ ਸ਼ਰੀਫ ਦਾ ਇਕਬਾਲ
Advertisement

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ 1999 ਦੇ ਲਾਹੌਰ ਸਮਝੌਤੇ ਦੀ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਉਲੰਘਣਾ ਨੂੰ ਨਿਰਪੱਖ ਢੰਗ ਨਾਲ ਸਵੀਕਾਰ ਕਰਨਾ ਹਿੰਦ-ਪਾਕਿ ਰਿਸ਼ਤਿਆਂ ਦੇ ਇਤਿਹਾਸ ’ਚ ਇੱਕ ਮਹੱਤਵਪੂਰਨ ਘਟਨਾ ਵਰਗਾ ਹੈ। ਸ਼ਰੀਫ ਵੱਲੋਂ ਦਿੱਤਾ ਕਾਰਗਿਲ ਜੰਗ ਦਾ ਹਵਾਲਾ, ਦੋਵਾਂ ਮੁਲਕਾਂ ਦੇ ਇਤਿਹਾਸ ਵਿਚ ਇੱਕ ਵਿਵਾਦਤ ਤੇ ਗੰਭੀਰ ਅਧਿਆਏ ਨੂੰ ਉਭਾਰ ਕੇ ਪੇਸ਼ ਕਰਦਾ ਹੈ। ਮੰਗਲਵਾਰ ਨੂੰ ਪਾਰਟੀ ਪ੍ਰਧਾਨ ਵਜੋਂ ਸਹੁੰ ਚੁੱਕਣ ਤੋਂ ਬਾਅਦ ਪੀਐੱਮਐੱਲ-ਐੱਨ ਦੀ ਜਨਰਲ ਕੌਂਸਲ ਮੀਟਿੰਗ ਵਿਚ ਬੋਲਦਿਆਂ ਸ਼ਰੀਫ ਨੇ ਉਨ੍ਹਾਂ ਅਤੇ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਵੱਲੋਂ ਆਰੰਭੇ ਸ਼ਾਂਤੀ ਯਤਨਾਂ ਨੂੰ ਕਮਜ਼ੋਰ ਕਰਨ ’ਚ ਪਾਕਿਸਤਾਨ ਦੇ ਕਸੂਰ ਨੂੰ ਸਵੀਕਾਰ ਕੀਤਾ। ਲਾਹੌਰ ਸਮਝੌਤਾ ਜੋ ਕਿ 21 ਫਰਵਰੀ 1999 ਨੂੰ ਕੀਤਾ ਗਿਆ ਸੀ, ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ਾਂਤੀ-ਸਥਿਰਤਾ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ’ਚ ਇੱਕ ਮੀਲ ਦਾ ਪੱਥਰ ਸੀ। ਹਾਲਾਂਕਿ ਉਮੀਦ ਦੇ ਇਹ ਪਲ ਜ਼ਿਆਦਾ ਸਮਾਂ ਕਾਇਮ ਨਹੀਂ ਰਹਿ ਸਕੇ। ਕੁਝ ਮਹੀਨਿਆਂ ਬਾਅਦ ਭਾਰਤੀ ਖੇਤਰ ’ਚ ਪਾਕਿਸਤਾਨੀ ਫ਼ੌਜ ਦੀ ਘੁਸਪੈਠ ਤੋਂ ਬਾਅਦ ਸ਼ੁਰੂ ਹੋਈ ਕਾਰਗਿਲ ਜੰਗ ਨੇ ਇਸ ਭਰੋਸੇ ਨੂੰ ਤੋੜ ਦਿੱਤਾ।
ਹਾਲਾਂਕਿ ਸਿਆਸੀ ਮੋਰਚੇ ’ਤੇ ਸ਼ਰੀਫ ਦਾ ਪ੍ਰਮੁੱਖਤਾ ਨਾਲ ਉੱਭਰਨਾ ਤੇ ਅਤੀਤ ਦੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਉਨ੍ਹਾਂ ਵੱਲੋਂ ਜਨਤਕ ਤੌਰ ’ਤੇ ਜਤਾਈ ਇੱਛਾ, ਆਸ ਦੀ ਕਿਰਨ ਜਗਾਉਂਦੀ ਹੈ। ਪਾਕਿਸਤਾਨ ਲਈ ਇਹ ਇੱਕ ਚੁਣੌਤੀ ਹੈ ਕਿ ਉਹ ਭਾਰਤ ਪ੍ਰਤੀ ਆਪਣੀ ਪਹੁੰਚ ਦਾ ਮੁੜ ਮੁਲਾਂਕਣ ਕਰੇ। ਇੱਥੇ ਵਿਸ਼ੇਸ਼ ਤੌਰ ’ਤੇ ਇੱਕ ਵਿਆਪਕ ਸਵਾਲ ਉੱਠਦਾ ਹੈ ਕਿ ਕੀ ਸ਼ਰੀਫ ਲੀਡਰਸ਼ਿਪ ਆਤਮ ਚਿੰਤਨ ਦੇ ਇਸ ਪਲ ਨੂੰ ਸ਼ਾਂਤੀ ਦੇ ਯਤਨ ਨਵਿਆਉਣ ’ਚ ਤਬਦੀਲ ਕਰ ਸਕਦੀ ਹੈ।
ਹਿੰਦ-ਪਾਕਿਸਤਾਨ ਸਬੰਧਾਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਵਿਆਪਕ ਭੂ-ਰਾਜਨੀਤਕ ਸੰਦਰਭ ’ਚ ਵੀ ਇਹ ਇਕਬਾਲ ਮਹੱਤਵਪੂਰਨ ਹੈ। ਸਾਲ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਕੂਟਨੀਤਕ ਸਬੰਧ ਬੁਰੀ ਤਰ੍ਹਾਂ ਵਿਗੜੇ ਹੋਏ ਹਨ। ਦੋਵੇਂ ਮੁਲਕ ਆਪੋ-ਆਪਣੇ ਸਫ਼ਾਰਤੀ ਅਮਲੇ ਦੇ ਪੱਧਰ ਨੂੰ ਘੱਟ ਕਰ ਚੁੱਕੇ ਹਨ। ਅਸਥਿਰਤਾ ਦੇ ਸ਼ਿਕਾਰ ਖੇਤਰ ਲਈ ਸ਼ਰੀਫ ਦੀਆਂ ਟਿੱਪਣੀਆਂ ਸੁਲ੍ਹਾ ਤੇ ਚਿੰਤਨ ਦੀ ਇੱਕ ਨਵੀਂ ਖਿੜਕੀ ਖੋਲ੍ਹਦੀਆਂ ਹਨ। ਇਹ ਘਟਨਾਕ੍ਰਮ ਦੋਵਾਂ ਦੇਸ਼ਾਂ ਲਈ ਇਤਿਹਾਸਕ ਵੈਰ-ਵਿਰੋਧ ਨੂੰ ਭੁਲਾਉਣ ਅਤੇ ਆਪਣੀਆਂ ਕੂਟਨੀਤਕ ਰਣਨੀਤੀਆਂ ’ਤੇ ਮੁੜ ਝਾਤ ਮਾਰਨ ਦਾ ਜ਼ਰੀਆ ਬਣਨਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਇਸ ਸਮੇਂ ਦਾ ਲਾਹਾ ਲੈਣ, ਜੋ ਭਾਵੇਂ ਨਾਜ਼ੁਕ ਹੈ ਪਰ ਦੋਵਾਂ ਮੁਲਕਾਂ ਨੂੰ ਸੰਵਾਦ ਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਰਾਹ ਤਲਾਸ਼ਣੇ ਚਾਹੀਦੇ ਹਨ। ਅਤੀਤ ਦੇ ਗ਼ਲਤ ਕਦਮਾਂ ਨੂੰ ਪਿੱਛੇ ਛੱਡ ਕੇ ਅਤੇ ਵਧੇਰੇ ਸਥਿਰ ਅਤੇ ਸ਼ਾਂਤੀਪੂਰਨ ਭਵਿੱਖ ਦੀ ਸੰਭਾਵਨਾ ਤਲਾਸ਼ ਕੇ ਇਹ ਇਨ੍ਹਾਂ ਲਈ ਆਪਣੇ ਰਿਸ਼ਤਿਆਂ ਦੀ ਨਵੇਂ ਸਿਰਿਓਂ ਵਿਆਖਿਆ ਕਰਨ ਦਾ ਮੌਕਾ ਹੈ।

Advertisement

Advertisement
Author Image

joginder kumar

View all posts

Advertisement
Advertisement
×