ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾਈ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਸਤੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬਾ ਪੱਧਰੀ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਇਹ ਪ੍ਰੀਖਿਆ ਸੰਸਾਰ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਸਮਰਪਿਤ ਪੰਜਾਬ ਦੀਆਂ ਸਾਰੀਆਂ ਤਰਕਸ਼ੀਲ ਇਕਾਈਆਂ ਵੱਲੋਂ ਕਰਵਾਈ ਗਈ। ਜ਼ੋਨ ਸੰਗਰੂਰ-ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਅਤੇ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਇਸ ਜ਼ੋਨ ਦੇ 55 ਪ੍ਰੀਖਿਆ ਕੇਂਦਰਾਂ ਵਿੱਚ ਕੁੱਲ 6505 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ’ਚ ਮਿਡਲ ਦੇ 2925 ਅਤੇ ਸੈਕੰਡਰੀ ਦੇ 3552 ਵਿਦਿਆਰਥੀ ਸ਼ਾਮਲ ਸਨ। ਇਕਾਈ ਸੰਗਰੂਰ ਦੇ ਮੁਖੀ ਸੁਰਿੰਦਰ ਪਾਲ ਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਸੰਗਰੂਰ ਇਕਾਈ ਦੇ 12 ਪ੍ਰੀਖਿਆ ਕੇਂਦਰਾਂ ਵਿੱਚ 38 ਸਕੂਲਾਂ ਦੇ ਕੁੱਲ 1874 ਵਿਦਿਆਰਥੀਆਂ ਨੇ ਪ੍ਰੀਖਿਆ ’ਚ ਭਾਗ ਲਿਆ ਜਿਸ ਵਿੱਚ ਮਿਡਲ ਦੇ 802 ਅਤੇ ਸੈਕੰਡਰੀ ਦੇ 1072 ਵਿਦਿਆਰਥੀ ਸ਼ਾਮਲ ਸਨ। ਮਾਸਟਰ ਪਰਮਵੇਦ ਨੇ ਕਿਹਾ ਕਿ ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨਾ, ਉਨ੍ਹਾਂ ਨੂੰ ਵਹਿਮਾਂ ਭਰਮਾਂ ਤੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਤੋਂ ਮੁਕਤ ਕਰਨਾ ਅਤੇ ਫਿਲਮੀ ਹੀਰੋਆਂ ਦੀ ਥਾਂ ਮਹਾਨ ਵਿਗਿਆਨੀਆਂ,ਇਨਕਲਾਬੀ ਸ਼ਹੀਦਾਂ ਅਤੇ ਚਿੰਤਕਾਂ ਦੇ ਅਸਲ ਨਾਇਕਾਂ ਦੇ ਰੂ-ਬ-ਰੂ ਕਰਵਾਉਣਾ ਹੈ।