ਸਹਿਕਾਰੀ ਖੰਡ ਮਿੱਲ ਵਿੱਚ ਸੈਮੀਨਾਰ ਕਰਵਾਇਆ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 9 ਅਗਸਤ
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ, ਗੰਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸੁਚੱਜੇ ਢੰਗ ਨਾਲ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਬਾਰੇ ਗੰਨਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੇ ਵੱਡੀ ਪੱਧਰ ‘ਤੇ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਗੰਨਾ ਮਾਹਿਰਾਂ ਜਿਹਨਾਂ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਕਨੀਕੀ ਮਾਹਿਰ ਅਤੇ ਰਿਸਰਚ ਸੈਂਟਰ ਕਪੂਰਥਲਾ ਦੇ ਡਾਇਰੈਕਟਰ ਡਾ ਗੁਲਜ਼ਾਰ ਸਿੰਘ ਸੰਘੇੜਾ ,ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਂਦਾ, ਪ੍ਰਬੰਧਕ ਨਿਰਦੇਸ਼ਕ ਅਰਵਿੰਦਰ ਪਾਲ ਸਿੰਘ ਸੰਧੂ, ਚੀਫ ਇੰਜਨੀਅਰ ਪੀ ਕੇ ਭੱਲਾ, ਸਹਾਇਕ ਮੁੱਖ ਇੰਜਨੀਅਰ ਮਨੋਜ ਰਾਣਾ ਅਤੇ ਪ੍ਰਾਜੈਕਟ ਅਫਸਰ ਜਲੰਧਰ ਪਰਮਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੰਨਾ ਬੀਜਣ ਦੇ ਸਮੇਂ ਗੰਨੇ ਦੀ ਕਿਸਮ ਦਾ ਖਿਆਲ ਜ਼ਰੂਰ ਰੱਖਣ ਅਤੇ ਸਮੇਂ ਸਮੇਂ ਗੰਨੇ ਨੂੰ ਲੱਗੀ ਬਿਮਾਰੀ ਬਾਰੇ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਿਫਾਰਸ਼ ਕੀਤੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਲਈ ਕਿਹਾ।
ਉਹਨਾਂ ਨੇ ਖੰਡ ਮਿੱਲ ਵਿੱਚ ਬੇਰੋਗ ਅਤੇ ਸਾਫ ਸੁਥਰਾ ਗੰਨਾ ਲਿਆਉਣ ਲਈ ਕਿਹਾ ਜਿਸ ਨਾਲ ਖੰਡ ਮਿੱਲ ਦੀ ਰਿਕਵਰੀ ਵਿੱਚ ਵੀ ਵਾਧਾ ਹੋਵੇਗਾ। ਬਾਅਦ ਵਿੱਚ ਸਮੂਹ ਸ਼ੂਗਰਫੈੱਡ ਦੇ ਅਧਿਕਾਰੀਆਂ, ਗੰਨਾ ਮਾਹਿਰਾਂ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਖੰਡ ਮਿੱਲ ਭੋਗਪੁਰ ਵਿੱਚ ਗੰਨਾ ਕਾਸ਼ਤਕਾਰਾਂ ਅਤੇ ਮੁਲਾਜ਼ਮਾਂ ਲਈ ਕੰਟੀਨ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਖੰਡ ਮਿੱਲ ਦੇ ਚੇਅਰਮੈਨ ਪਰਮਵੀਰ ਸਿੰਘ ਪੰਮਾ, ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ, ਆਪ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਵਾਇਸ ਚੇਅਰਮੈਨ ਪਰਮਿੰਦਰ ਸਿੰਘ ਮੱਲੀ, ਬੋਰਡ ਆਫ ਡਾਇਰੈਕਟਰਜ ਅਤੇ ਖੰਡ ਮਿੱਲ ਦਾ ਸਟਾਫ ਹਾਜ਼ਰ ਹੋਏ।