ਕੌਮੀ ਏਕਤਾ ਦਿਵਸ ਮੌਕੇ ‘ਰਨ ਫਾਰ ਯੂਨਿਟੀ’ ਕਰਵਾਈ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ’ਤੇ ਕੌਮੀ ਏਕਤਾ ਦਿਵਸ ਮੌਕੇ ਕੁਰੂਕਸ਼ੇਤਰ ਵਿਚ ਸੂਬਾ ਪੱਧਰੀ ‘ਰਨ ਫਾਰ ਯੂਨਿਟੀ’ ਵਿੱਚ ਹਿੱਸਾ ਲਿਆ। ਉਹ ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਉਨ੍ਹਾਂ ਵੱਲਭ ਭਾਈ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੇ ਖੁਦ ਰਨ ਫਾਰ ਯੂਨਿਟੀ ਵਿਚ ਦੌੜ ਕੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੈਣੀ ਨੇ ਕਿਹਾ ਕਿ ਵੱਲਭ ਭਾਈ ਪਟੇਲ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵੱਸਦੇ ਹਨ। ਰਨ ਫਾਰ ਯੂਨਿਟੀ ਦਾ ਉਦੇਸ਼ ਰਾਸ਼ਟਰੀ ਏਕਤਾ ਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਇਸ ਮੌਕੇ ਸਾਰਿਆਂ ਨੂੰ ਕੌਮੀ ਏਕਤਾ ਦੀ ਸਹੁੰ ਚੁਕਾਈ। ਮੁੱਖ ਮੰਤਰੀ ਨੇ ਓਲਿੰਪਕ ਤੇ ਏਸ਼ਿਆਈ ਖੇਡਾਂ ਵਿਚ ਆਪਣੀ ਪਛਾਣ ਬਣਾਉਣ ਵਾਲੇ ਖਿਡਾਰੀਆਂ ਮਨੋਜ ਕੁਮਾਰ, ਰਮਿਤਾ ਜਿੰਦਲ, ਮਨਵਿੰਦਰ ਸਿੰਘ, ਪੰਕਜ ਕੁਮਾਰ ਤੇ ਸੁਰਿੰਦਰ ਕੁਮਾਰ ਨੂੰ ਸਨਮਾਨਿਤ ਕੀਤਾ। ਰਨ ਫਾਰ ਯੂਨਿਟੀ ਦਰੋਣਾਚਾਰੀਆ ਸਟੇਡੀਅਮ ਤੋਂ ਸ਼ੁਰੂ ਹੋ ਕੇ ਮਿੰਨੀ ਸੈਕਟਰਏਟ, ਪੰਚ ਨੰਦ ਚੌਕ, ਜਿੰਦਲ ਚੌਕ ਤੋਂ ਹੁੰਦੀ ਹੋਈ ਵਾਪਸ ਦਰੋਣਾਚਾਰੀਆ ਸਟੇਡੀਅਮ ਸਮਾਪਤ ਹੋਈ। ਇਸ ਮੌਕੇ ਸਾਬਕਾ ਸ਼ਹਿਰੀ ਸਥਾਨਕ ਰਾਜ ਸਰਕਾਰਾਂ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਜ਼ਿਨ੍ਹਾ ਪ੍ਰਧਾਨ ਸੁਸ਼ੀਲ ਰਾਣਾ, ਭਾਜਪਾ ਨੇਤਾ ਜੈ ਭਗਵਾਨ ਸ਼ਰਮਾ, ਸਾਬਕਾ ਮੰਤਰੀ ਦਵਿੰਦਰ ਸ਼ਰਮਾ, ਘੁੰਮਣ ਸਿੰਘ ਕਿਰਮਚ, ਆਦਿ ਹਾਜ਼ਰ ਸਨ।