ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਗਸਤ
ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਦੀ ਲੜੀ ਤਹਿਤ ਪੱਛਮੀ ਵਿਹਾਰ ਬੀ-3 ਦੇ ਸਰਵੋਦਿਆ ਸਹਿ-ਸਿੱਖਿਆ ਵਿਦਿਆਲਿਆ ਵਿੱਚ ਜ਼ੋਨ-17 ਦੇ ਮੁੰਡਿਆਂ ਅਤੇ ਕੁੜੀਆਂ ਦੇ ਜੂਨੀਅਰ ਤੇ ਸੀਨੀਅਰ ਸ਼੍ਰੋਣੀ ਦੇ ਜ਼ੋਨ ਪੱਧਰੀ ਕਵਿਤਾ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਵੱਡੀ ਗਿਣਤੀ ’ਚ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕਵਿਤਾ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਦਿਖਾਉਂਦੇ ਹੋਏ ਅਵਤਾਰ ਪਾਸ਼ ਦੀ ਕਵਿਤਾ ‘ਸਭ ਤੋਂ ਖਤਰਨਾਕ’, ਸੁਰਜੀਤ ਪਾਤਰ ਦੀ ’ਹਨੇਰਾ ਜਰੇਗਾ ਕਿਵੇਂ’ ਅਤੇ ਬਾਬਾ ਨਜ਼ਮੀ ਦੀ ‘ਮੰਦਰ-ਮਸਜਿਦ’ ਜਿਹੀਆਂ ਕਵਿਤਾਵਾਂ ਸੁਣਾਈਆਂ। ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਜ਼ਿੰਮੇਵਾਰੀ ਪੰਜਾਬੀ ਦੇ ਸੀਨੀਅਰ ਲੈਕਚਰਾਰ ਸੁਨੀਲ ਕੁਮਾਰ ਬੇਦੀ ਅਤੇ ਪੰਜਾਬੀ ਅਧਿਆਪਕ ਗੁਰਦਿੱਤ ਸਿੰਘ ਨੇ ਨਿਭਾਈ। ਆਰੰਭ ਵਿੱਚ ਸਕੂਲ ਦੇ ਪ੍ਰਿੰਸੀਪਲ ਅਜੀਤ ਸਿੰਘ ਕਟਾਰੀਆ ਨੇ ਪ੍ਰਤੀਯੋਗੀਆਂ ਅਤੇ ਨਿਰਣਾਇਕ ਮੰਡਲ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਸ਼ੁਭ ਇਛਾਵਾਂ ਦਿੱਤੀਆਂ। ਕਲਚਰਲ ਇੰਚਾਰਜ ਨੀਸ਼ੀ ਛਿਕਾਰਾਂ ਨੇ ਵਿਦਿਆਰਥੀਆਂ ਨੂੰ ਕਵਿਤਾ ਮੁਕਾਬਲੇ ਦੇ ਦਿਸ਼ਾ ਨਿਰਦੇਸ਼ ਦਿੱਤੇ। ਟਾਈਮ ਕੀਪਰ ਦੀ ਜ਼ਿੰਮੇਵਾਰੀ ਅਧਿਆਪਕਾ ਪੂਨੀ ਮੀਨਾ ਨੇ ਨਿਭਾਈ ਅਤੇ ਆਏ ਹੋਏ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਦਾ ਕਾਰਜ ਅਧਿਆਪਕਾ ਨੀਲਮ ਸਿਵਾਚ ਨੇ ਬਾਖੂਬੀ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸੁਨੀਲ ਕੁਮਾਰ ਬੇਦੀ ਨੇ ਵਿਦਿਆਰਥੀਆਂ ਦੀ ਹੌਂਸਲਾ-ਅਫਜ਼ਾਈ ਕਰਦਿਆਂ ਵਧੀਆ ਕਵਿਤਾ ਪਾਠ ਦੇ ਨੁਕਤੇ ਵੀ ਦੱਸੇ। ਇਹ ਸਾਰਾ ਪ੍ਰੋਗਰਾਮ ਜ਼ਿਲ੍ਹੇ ਦੇ ਕੋਆਰਡੀਨੇਟਰ ਸ੍ਰੀ ਗਿਰਧਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਗੌਰਤਲਬ ਹੈ ਕਿ ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਸਬੰਧਤ ਸਕੂਲਾਂ ਨੂੰ ਈ-ਮੇਲ ਰਾਹੀਂ ਭੇਜੇ ਜਾਣਗੇ।