ਵਿਦਿਆਰਥੀਆਂ ਦਾ ਵਿਦਿਅਕ ਟੂਰ ਲਵਾਇਆ
ਮੁਕੰਦ ਸਿੰਘ ਚੀਮਾ
ਸੰਦੌੜ, 18 ਨਵੰਬਰ
ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਵੱਲੋਂ ਪ੍ਰਿੰਸੀਪਲ ਊਸ਼ਾ ਰਾਣੀ ਦੀ ਅਗਵਾਈ ਅਧੀਨ ਇੱਕ ਰੋਜ਼ਾ ਵਿੱਦਿਅਕ ਟੂਰ ਲਵਾਇਆ ਗਿਆ। ਇਸ ਯਾਤਰਾ ਲਈ ਵਿਦਿਆਰਥੀ ਅਤੇ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ। ਰਸਤੇ ਵਿੱਚ ਸ੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਕੱਚੀ ਗੜ੍ਹੀ, ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ। ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਵਿੱਚ ਸਿੱਖੀ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇੱਥੇ ਉਨ੍ਹਾਂ ਨੇ ਕੌਮੀ ਇਤਿਹਾਸ ਨੂੰ ਪੇਸ਼ ਕਰਨ ਲਈ ਪੂਰਬ ਵੱਲ ਫੁੱਲ ਇਮਾਰਤ ਅਤੇ ਕਿਸ਼ਤੀ ਇਮਾਰਤ,ਪੰਜ ਪਾਣੀ ਅਤੇ ਪੰਜ ਪੱਤੀਆਂ ਦੇ ਮਨੋਰਥ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਉਥੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਦੇ ਹੋਏ ਖ਼ਾਲਸੇ ਦੀ ਸਿਰਜਣਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਸ੍ਰੀ ਕੀਰਤਪੁਰ ਸਾਹਿਬ, ਟਿੱਬੀ ਸਾਹਿਬ ਦੇ ਦਰਸ਼ਨ ਵੀ ਕੀਤੇ।