ਪਲਾਸਟਿਕ ਇਕੱਠਾ ਕਰਨ ਦੀ ਮੁਹਿੰਮ ਚਲਾਈ
ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਕਤੂਬਰ
ਨਗਰ ਨਿਗਮ ਵੱਲੋਂ ਕਮਿਸ਼ਨਰ ਡਾ. ਰਜਤ ਓਬਰਾਏ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਅਤੇ ਮੈਡੀਕਲ ਅਫ਼ਸਰ ਡਾ. ਨਵਿੰਦਰ ਸਿੰਘ ਦੀ ਅਗਵਾਈ ਹੇਠ ਪਲਾਸਟਿਕ ਇਕੱਠਾ ਕਰਨ ਦੀ ਸਫ਼ਲ ਮੁਹਿੰਮ ਚਲਾਈ ਗਈ। ਇਸ ਪਹਿਲਕਦਮੀ ਵਿੱਚ ਕਾਰਪੋਰੇਸ਼ਨ ਦੀ ਹੈਲਥ ਟੀਮ ਅਤੇ ਜਨਹਿਤ ਸਮਿਤੀ ਪਟਿਆਲਾ, ਯੂਥ ਫੈਡਰੇਸ਼ਨ ਆਫ ਇੰਡੀਆ, ਅਤੇ ਪਾਵਰ ਹਾਊਸ ਯੂਥ ਕਲੱਬ ਸਣੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਨੇ ਹਿੱਸਾ ਲਿਆ।
ਪਾਸੀ ਰੋਡ ਅਤੇ ਬਾਰਾਂਦਰੀ ਗਾਰਡਨ ’ਤੇ ਵਾਤਾਵਰਨ ਪਾਰਕ ਵਿੱਚ ਚਲਾਈ ਗਈ ਇਸ ਮੁਹਿੰਮ ਵਿੱਚ ਕਾਫ਼ੀ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਕਮਿਸ਼ਨਰ ਡਾ. ਰਜਤ ਓਬਰਾਏ ਨੇ ਗੈਰ ਸਰਕਾਰੀ ਸੰਗਠਨਾਂ ਦੇ ਮੁੱਖ ਕੋਆਰਡੀਨੇਟਰਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਵਿਨੋਦ ਸ਼ਰਮਾ, ਐੱਚਐੱਸ ਲਾਂਬਾ ਅਤੇ ਜਤਵਿੰਦਰ ਗਰੇਵਾਲ ਸ਼ਾਮਲ ਸਨ। ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਵਾਤਾਵਰਨ ਦੀ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਸਮਾਜ ਸੇਵੀ ਸੰਸਥਾਵਾਂ ਨੇ ਪਲਾਸਟਿਕ ਚੁੱਕਣ ਦੀ ਮੁਹਿੰਮ ਨੂੰ ਇੱਕ ਨਿਯਮਤ ਮੁਹਿੰਮ ਬਣਾਉਣ ਦਾ ਸੰਕਲਪ ਲਿਆ ਹੈ, ਜੋ ਹਰ ਸ਼ਨਿਚਰਵਾਰ ਸਵੇਰੇ 6 ਤੋਂ ਸਵੇਰੇ 8 ਵਜੇ ਤੱਕ ਚਲਾਈ ਜਾਵੇਗੀ।