ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਟਰੋਲ ਪੰਪਾਂ ’ਤੇ ਹਾਲਾਤ ਆਮ ਵਰਗੇ

09:11 AM Jan 04, 2024 IST
ਜ਼ੀਰਕਪੁਰ ਦੇ ਇੱਕ ਪੈਟਰੋਲ ਪੰਪ ਤੋਂ ਤੇਲ ਭਰਵਾਉਂਦੇ ਹੋਏ ਵਾਹਨ ਚਾਲਕ। -ਫੋਟੋ: ਨਿਤਿਨ ਮਿੱਤਲ

ਆਤਿਸ਼ ਗੁਪਤਾ
ਚੰਡੀਗੜ੍ਹ, 3 ਜਨਵਰੀ
ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ‘ਹਿੱਟ ਐਂਡ ਰਨ’ ਵਿਰੁੱਧ ਸ਼ੁਰੂ ਹੋਇਆ ਟਰੱਕ ਅਪਰੇਟਰਾਂ ਦਾ ਧਰਨਾ ਦੇਰ ਰਾਤ ਖ਼ਤਮ ਹੋਣ ਮਗਰੋਂ ਚੰਡੀਗੜ੍ਹ ਵਿੱਚ ਪੈਟਰੋਲ ਪੰਪਾਂ ’ਤੇ ਹਾਲਾਤ ਆਮ ਵਰਗੇ ਹੋ ਗਏ ਹਨ। ਅੱਜ ਸਾਰਾ ਦਿਨ ਪੈਟਰੋਲ ਪੰਪ ਖਾਲੀ ਦਿਖਾਈ ਦਿੱਤੇ, ਜਿੱਥੇ ਲੋਕ ਆਮ ਦਿਨਾਂ ਵਾਂਗ ਪਹੁੰਚ ਕੇ ਤੇਲ ਪਵਾ ਰਹੇ ਸਨ। ਉੱਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਦੁਪਹੀਆ ਤੇ ਚੁਪਹੀਆ ਵਾਹਨਾਂ ਵਿੱਚ 200 ਤੋਂ 500 ਰੁਪਏ ਤੱਕ ਦਾ ਤੇਲ ਪਾਉਣ ਸਬੰਧੀ ਦਿੱਤੇ ਆਦੇਸ਼ ਵੀ ਵਾਪਸ ਲੈ ਲਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਚਾਲਕਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਚੰਡੀਗੜ੍ਹ ਵਿੱਚ ਸਿਟਰੋ ਦੇ ਪੈਟਰੋਲ ਪੰਪਾਂ ’ਤੇ ਮੰਗਲਵਾਰ ਰਾਤ ਨੂੰ 12 ਵਜੇ ਹੀ ਤੇਲ ਦੇ ਟੈਂਕਰ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਤਰ੍ਹਾਂ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਤੇਲ ਦੀ ਕਿਲੱਤ ਨੂੰ ਦੂਰ ਕਰਨ ਦਾ ਪ੍ਰਬੰਧ ਕਰ ਲਿਆ ਸੀ। ਉੱਧਰ ਸਿਟਕੋ ਦੇ ਅਧਿਕਾਰੀਆਂ ਵੱਲੋਂ ਵੀ ਸ਼ਹਿਰ ਵਿੱਚ ਸਿਟਕੋ ਦੇ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੇ ਸਟਾਕ ’ਤੇ ਨਜ਼ਰ ਰੱਖੀ ਜਾ ਰਹੀ ਸੀ। ਸ਼ਹਿਰ ਵਿੱਚ ਸਿਟਕੋ ਦੇ ਸੱਤ ਪੈਟਰੋਲ ਪੰਪ ਹਨ। ਇਹ ਪੰਪ ਸੈਕਟਰ-17, ਸੈਕਟਰ-9, ਸੈਕਟਰ-38, ਸੈਕਟਰ-56, ਇੰਡਸਟਰੀਅਲ ਏਰੀਆ, ਧਨਾਸ ਅਤੇ ਰਾਏਪੁਰ ਕਲਾਂ ਵਿੱਚ ਸਥਿਤ ਹਨ।
ਲੰਘੇ ਦਿਨ ਟਰੱਕ ਚਾਲਕਾਂ ਦੀ ਹੜਤਾਲ ਕਰਕੇ ਪੈਟਰੋਲ ਪੰਪਾਂ ’ਤੇ ਲੋਕਾਂ ਦੀਆਂ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਲੋਕ ਆਪਣੇ ਸਾਰੇ ਕੰਮ-ਕਾਜ ਛੱਡ ਕੇ ਪੈਟਰੋਲ ਪੰਪਾਂ ’ਤੇ ਆਪਣੇ ਵਾਹਨਾਂ ਵਿੱਚ ਤੇਲ ਭਰਵਾਉਂਦੇ ਦਿਖਾਈ ਦਿੱਤੇ। ਲੋਕਾਂ ਦੀਆਂ ਲੱਗੀਆਂ ਵੱਡੀਆਂ ਕਤਾਰਾਂ ਕਰਕੇ ਚੰਡੀਗੜ੍ਹ ਦੇ ਕਈ ਪੈਟਰੋਲ ਪੰਪਾਂ ਵਿੱਚ ਤੇਲ ਮੁੱਕ ਗਿਆ ਸੀ, ਜਿਸ ਕਰਕੇ ਪੈਟਰੋਲ ਪੰਪ ਮਾਲਕਾਂ ਨੇ ਪੈਟਰੋਲ ਖਤਮ ਦੇ ਪੋਸਟਰ ਤੱਕ ਲਗਾ ਦਿੱਤੇ ਸਨ। ਸ਼ਹਿਰ ਵਿੱਚ ਪੈਟਰੋਲ ਪੰਪਾਂ ’ਤੇ ਲੋਕਾਂ ਦੀਆਂ ਵੱਡੀਆਂ ਕਤਾਰਾਂ ਲੱਗਣ ਕਰਕੇ ਪ੍ਰਸ਼ਾਸਨ ਨੇ ਪੋਟਰੇਲ ਪੰਪਾਂ ’ਤੇ ਦੁਪਹੀਆ ਵਾਹਨ ਵਿੱਚ ਦੋ ਲਿਟਰ (200 ਰੁਪਏ ਤੱਕ) ਅਤੇ ਚੁਪਹੀਆ ਵਾਹਨ ’ਚ 5 ਲਿਟਰ (500 ਰੁਪਏ ਤੱਕ) ਦਾ ਤੇਲ ਪਾਉਣ ਦੇ ਆਦੇਸ਼ ਦਿੱਤੇ ਸਨ।
ਟਰੱਕ ਚਾਲਕਾਂ ਦੀ ਹੜਤਾਲ ਖਤਮ ਹੋਣ ਕਰਕੇ ਸਬਜ਼ੀਆਂ ਤੇ ਹੋਰਨਾਂ ਵਸਤੂਆਂ ਦੀ ਸਪਲਾਈ ’ਤੇ ਪੈਣ ਵਾਲਾ ਅਸਰ ਵੀ ਦੂਰ ਹੋ ਗਿਆ ਹੈ। ਲੰਘੇ ਦਿਨ ਟਰੱਕ ਚਾਲਕਾਂ ਦੀ ਹੜਤਾਲ ਬਾਰੇ ਜਾਣਕਾਰੀ ਮਿਲਦੇ ਹੀ ਸਬਜ਼ੀ ਵਿਕਰੇਤਾਵਾਂ ਨੇ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਲਿਆਂਦੀ ਸੀ, ਪਰ ਅੱਜ ਸਬਜ਼ੀ ਮੰਡੀ ਵਿੱਚ ਸਬਜ਼ੀ ਦੀ ਸਪਲਾਈ ਆਮ ਵਾਂਗ ਹੋਣ ਕਰਕੇ ਸਬਜ਼ੀਆਂ ਦੇ ਭਾਅ ਵੀ ਆਮ ਵਰਗੇ ਹੋ ਗਏ। ਇਸ ਤਰ੍ਹਾਂ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਹੈ।
ਮੁੱਲਾਂਪੁਰ ਗ਼ਰੀਬਦਾਸ (ਚਰਨਜੀਤ ਸਿੰਘ ਚੰਨੀ): ਹਿੱਟ ਐਂਡ ਰਨ ਸੋਧ ਕਾਨੂੰਨ ਦੇ ਮਾਮਲੇ ਵਿੱਚ ਡਰਾਈਵਰਾਂ ਤੇ ਟਰਾਂਸਪੋਰਟਰਾਂ ਦੀ ਹੜਤਾਲ ਦੇ ਮੱਦੇਨਜ਼ਰ ਅੱਜ ਨਿਊ ਚੰਡੀਗੜ੍ਹ ਇਲਾਕੇ ਵਿਚਲੇ ਕਈ ਪੈਟਰੋਲ ਪੰਪਾਂ ’ਤੇ ਤੇਲ ਮਿਲਣ ਲੱਗ ਗਿਆ ਹੈ ਅਤੇ ਕਈ ਅਜੇ ਬੰਦ ਪਏ ਹਨ। ਦੱਸਣਯੋਗ ਹੈ ਕਿ ਬੀਤੀ ਕੱਲ੍ਹ ਆਪਣੇ ਵਾਹਨਾਂ ਵਿੱਚ ਪੈਟਰੋਲ ਤੇ ਡੀਜ਼ਲ ਪਵਾਉਣ ਲਈ ਲੋਕ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਘੰਟਿਆਂਬੱਧੀ ਸਮਾਂ ਖੜ੍ਹੇ ਰਹੇ ਸਨ, ਪਰ ਅੱਜ ਪਿੰਡ ਢਕੋਰਾਂ, ਕੰਸਾਲਾ, ਬਲਾਕ ਵਿਖੇ ਪੰਪਾਂ ਵਿੱਚ ਤੇਲ ਪਾਉਣ ਵਾਲਾ ਟੈਂਕਰ ਨਹੀਂ ਆਇਆ, ਪਰ ਪਿੰਡ ਮੁੱਲਾਂਪੁਰ ਗ਼ਰੀਬਦਾਸ, ਤੋਗਾਂ, ਤੀੜਾ, ਸਲਾਮਤਪੁਰ ਵਿਚ ਪੈਟਰੋਲ ਪੰਪਾਂ ਵਿੱਚ ਪੈਟਰੋਲ ਤੇ ਡੀਜ਼ਲ ਲੋਕਾਂ ਨੂੰ ਆਮ ਵਾਂਗ ਮਿਲਣਾ ਸ਼ੁਰੂ ਹੋ ਗਿਆ ਹੈ।

Advertisement

ਹੁਣ ਕੈਬ ਚਾਲਕ ‘ਿਹੱਟ ਐਂਡ ਰਨ’ ਖ਼ਿਲਾਫ਼ ਸੜਕਾਂ ’ਤੇ ਉਤਰੇ

ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਹੁਣ ਕੈਬ ਚਾਲਕ ਵੀ ਸੜਕਾਂ ’ਤੇ ਉੱਤਰ ਆਏ ਹਨ। ਅੱਜ ਮੁਹਾਲੀ ਸਮੇਤ ਚੰਡੀਗੜ੍ਹ ਅਤੇ ਪੰਚਕੂਲਾ ਦੇ ਕੈਬ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਜਿਸ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੈਬ ਚਾਲਕਾਂ ਨੇ ਆਪਣੇ ਵਾਹਨਾਂ ਦਾ ਪਹੀਆ ਜਾਮ ਕਰਕੇ ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਗਰਾਊਂਡ ਵਿੱਚ ਖੜ੍ਹੇ ਕਰ ਦਿੱਤੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਕੈਬ ਚਾਲਕਾਂ ਨੇ ਇਸ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਟਰਾਈਸਿਟੀ ਵਿੱਚ ਵੱਖ-ਵੱਖ ਕੰਪਨੀਆਂ ਦੀਆਂ ਕਰੀਬ ਚਾਰ ਹਜ਼ਾਰ ਤੋਂ ਵੱਧ ਕੈਬ ਟੈਕਸੀਆਂ ਚੱਲਦੀਆਂ ਹਨ। ਇਸ ਦੌਰਾਨ ਜ਼ਿਆਦਾਤਰ ਕੰਮ-ਕਾਜੀ ਔਰਤਾਂ ਅਤੇ ਵਿਦਿਆਰਥੀ ਇਨ੍ਹਾਂ ਦੀ ਵਰਤੋਂ ਕਰਦੇ ਹਨ। ਮੁਹਾਲੀ ਅਤੇ ਪੰਚਕੂਲਾ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਸਿਟੀ ਬੱਸ ਸਰਵਿਸ ਨਾ-ਮਾਤਰ ਹੈ। ਇਨ੍ਹਾਂ ਖੇਤਰਾਂ ਵਿੱਚ ਲੋਕ ਕੈਬ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਕੈਬ ਚਾਲਕਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਸਾਰਾ ਦਿਨ ਖੱਜਲ-ਖੁਆਰ ਹੋਣਾ ਪਿਆ।

Advertisement
Advertisement
Advertisement