ਬਦਲੀ ’ਤੇ 300 ਵਿਦਿਆਰਥੀਆਂ ਦੀ ਸ਼ਰਤ ਗ਼ੈਰਵਾਜਬ: ਡੀਟੀਐਫ
ਪੱਤਰ ਪ੍ਰੇਰਕ
ਜਲੰਧਰ, 6 ਜੂਨ
ਪੰਜਾਬ ਸਰਕਾਰ ਵੱਲੋਂ ਬਦਲੀ ਕਰਵਾਉਣ ਵਾਲੇ ਸਥਾਨਾਂ ‘ਤੇ ਅਧਿਆਪਕਾਂ ਉੱਪਰ 300 ਵਿਦਿਆਰਥੀਆਂ ਦੀ ਲਗਾਈ ਸ਼ਰਤ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਗ਼ੈਰਵਾਜਬ ਦੱਸਿਆ ਹੈ। ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ, ਮੀਤ ਪ੍ਰਧਾਨ ਪਵਿੱਤਰ ਸਿੰਘ ਕੈਲੇ, ਸਕੱਤਰ ਅਵਤਾਰ ਲਾਲ, ਜਥੇਬੰਦਕ ਸਕੱਤਰ ਸੁਖਵਿੰਦਰਪ੍ਰੀਤ ਸਿੰਘ, ਵਿੱਤ ਸਕੱਤਰ ਗੁਰਮੁਖ ਸਿੰਘ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਕਿ ਸਰਕਾਰ ਨੇ ਬਦਲੀ ਲਈ 300 ਵਿਦਿਆਰਥੀਆਂ ਵਾਲੀ ਸ਼ਰਤ ਲਗਾ ਕੇ 3704, 2392, 53 ਡੀਪੀਈ ਨਾਲ ਬੇਇਨਸਾਫ਼ੀ ਕੀਤੀ ਹੈ। ਸਰਕਾਰ ਨੇ ਅਜਿਹਾ ਕਰ ਕੇ ਆਪਣੇ ਕੀਤੇ ਉਸ ਫ਼ੈਸਲੇ ਨੂੰ ਹੀ ਬਦਲ ਦਿੱਤਾ ਹੈ ਜਿਸ ਵਿਚ ਉਸ ਨੇ ਇਨ੍ਹਾਂ ਅਧਿਆਪਕਾਂ ਉਪਰੋਂ ਪ੍ਰੋਬੇਸ਼ਨ ਪੀਰੀਅਡ ਅਤੇ ਦੋ ਸਾਲ ਦੇ ਠਹਿਰਾਅ ਵਾਲੀ ਸ਼ਰਤ ਤੋਂ ਛੋਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹਾ ਕਰ ਕੇ ਛੋਟੇ ਤੇ ਵੱਡੇ ਪਿੰਡਾਂ ਵਿਚ ਵਿਤਕਰਾ ਖੜ੍ਹਾ ਕਰ ਕੇ ਮਿਡਲ ਤੇ ਹਾਈ ਸਕੂਲ ਬੰਦ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਪ੍ਰਾਪਤ ਕਰਨਾ ਹਰ ਵਿਦਿਆਰਥੀ ਦਾ ਜਮਹੂਰੀ ਹੱਕ ਹੈ। ਗਿਣਤੀ ਜਾਂ ਬਾਰਡਰ ਏਰੀਏ ਨਾਲ ਤਾਂ ਇਸ ਦਾ ਕੋਈ ਵੀ ਸਬੰਧ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਕੀਤੀਆਂ ਜਾਣ।