ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦੀ ਨਿਖੇਧੀ
ਪੱਤਰ ਪ੍ਰੇਰਕ
ਕੁਰੂਕਸ਼ੇਤਰ, 13 ਨਵੰਬਰ
ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀਸੀਏਐੱਸ) ਵੱਲੋਂ ਹਵਾਈ ਅੱਡਿਆਂ ’ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ’ਤੇ ਰੋਕ ਲਾਉਣ ਦੇ ਫੈਸਲੇ ’ਤੇ ਸਿੱਖ ਸੰਗਤ ਨੇ ਇਕੱਠੇ ਹੋ ਕੇ ਇਸ ਦੀ ਨਿੰਦਾ ਕੀਤੀ ਹੈ। ਸੰਗਤ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿੱਚ ਇਸ ਸਬੰਧੀ ਮੀਟਿੰਗ ਕੀਤੀ ਅਤੇ ਇਸ ਫੈਸਲੇ ’ਤੇ ਸਖਤ ਇਤਰਾਜ਼ ਪ੍ਰਗਟਾਉਂਦੇ ਹੋਏ ਯੋਗ ਪੈਰਵੀ ਲਈ 21 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ, ਹਰਿਆਣਾ ਦੇ ਮੁੱਖ ਮੰਤਰੀ, ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐੱਚਐੱਸ ਭੱਲਾ ਅਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਬੇਨਤੀ ਕਰੇਗੀ ਅਤੇ ਜੇ ਲੋੜ ਪਈ, ਤਾਂ ਇਹ ਕਮੇਟੀ ਹਾਈ ਕੋਰਟ ਵਿੱਚ ਵੀ ਅਪੀਲ ਦਾਇਰ ਕਰੇਗੀ। ਇਹ ਮੀਟਿੰਗ ਮਨਜੀਤ ਸਿੰਘ ਅਤੇ ਭਗਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸ਼ਾਹਬਾਦ ਦੇ ਸਿੱਖ ਵਿਦਵਾਨ ਗਿਆਨੀ ਸਾਹਿਬ ਸਿੰਘ ਨੇ ਇਸ ਫੈਸਲੇ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ ਹੈ। ਸਿੱਖ ਕਵੀ ਕੁਲਵੰਤ ਸਿੰਘ ਚਾਵਲਾ ਅਤੇੇ ਐਡਵੋਕੇਟ ਇੰਦਰਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਵਿਭਾਗ ਨੂੰ ਇਹ ਹੁਕਮ ਵਾਪਸ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਵਿਭਾਗ ਨੂੰ ਸੰਵਿਧਾਨ ਪੜ੍ਹਨਾ ਹੋਵੇਗਾ, ਜਿਸ ਵਿੱਚ ਸਿੱਖਾਂ ਨੂੰ 5 ਕਕਾਰ ਪਹਿਨਣ ਦੀ ਪੂਰੀ ਆਜ਼ਾਦੀ ਹੈ। ਇਸ ਮੌਕੇ ਰਵਿੰਦਰ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ ਭਿੰਡਰ, ਹਰਜੀਤ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ ਸੇਠੀ, ਜਗਜੀਤ ਸਿੰਘ ਮੱਕੜ ਹਾਜ਼ਰ ਸਨ।