ਮਹਿੰਗਾਈ ਭੱਤੇ ਦੀ ਅਦਾਇਗੀ ਨਾ ਕਰਨ ਦੀ ਨਿਖੇਧੀ
ਪੱਤਰ ਪ੍ਰੇਰਕ
ਤਰਨ ਤਾਰਨ, 3 ਫਰਵਰੀ
ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਸਥਾਨਕ ਜ਼ਿਲ੍ਹਾ ਇਕਾਈ ਦੀ ਅੱਜ ਇੱਥੇ ਮੀਟਿੰਗ ਹੋਈ ਜਿਸ ਵਿੱਚ ਜਥੇਬੰਦੀ ਨੇ ਆਪਣੀਆਂ ਮੰਗਾਂ ਸਰਕਾਰ ਦੇ ਧਿਆਨ ਵਿੱਚ ਲਿਆਂਦੀਆਂ| ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਪਨਗੋਟਾ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਗੁਰਨਾਮ ਸਿੰਘ ਪਨਗੋਟਾ ਤੋਂ ਇਲਾਵਾ ਜਨਰਲ ਸਕੱਤਰ ਅਜਮੇਰ ਸਿੰਘ, ਇੰਸਪੈਕਟਰ ਰੇਸ਼ਮ ਸਿੰਘ, ਜਸਬੀਰ ਸਿੰਘ ਗਿੱਲ ਤੇ ਹਰਜੀਤ ਸਿੰਘ ਕਲੰਜਰ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਸਰਕਾਰ ਵੱਲੋਂ ਉਨ੍ਹਾਂ ਨੂੰ ਛੇਵੇ ਤਨਖਾਹ ਕਮਿਸ਼ਨ ਦਾ ਜਨਵਰੀ, 2016 ਤੋਂ ਲੈ ਕੇ ਜੂਨ, 2021 ਤੱਕ ਦੇ ਬਕਾਏ ਦਾ ਅੱਜ ਤੱਕ ਵੀ ਭੁਗਤਾਨ ਨਾ ਕਰਨ ਅਤੇ 11% ਮਹਿੰਗਾਈ ਭੱਤੇ ਦੀ ਅਦਾਇਗੀ ਨਾ ਕਰਨ ਦੀ ਨਿਖੇਧੀ ਕੀਤੀ| ਆਗੂਆਂ ਇਹ ਰਾਸ਼ੀ ਤੁਰੰਤ ਦੇਣ ਦੀ ਮੰਗ ਕੀਤੀ|
ਮੀਟਿੰਗ ਵਿੱਚ ਬੀਤੇ ਦਿਨਾਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਜਥੇਬੰਦੀ ਦੇ ਆਗੂ ਏਐੱਸਆਈ ਸੁਰਤਾ ਸਿੰਘ ਅਤੇ ਡੀਐੱਸਪੀ ਦਲਬੀਰ ਸਿੰਘ ਦੇ ਪਰਿਵਾਰਾਂ ਨੂੰ ਜਥੇਬੰਦੀ ਦੀ ਰਵਾਇਤ ਅਨੁਸਾਰ 10-10 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ।