ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਨਿਖੇਧੀ
ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਨਵੰਬਰ
ਭਾਰਤ ਮਾਲਾ ਪ੍ਰਾਜੈਕਟ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਯੋਗ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ’ਤੇ ਦੂਨੇਵਾਲਾ ਵਿੱਚ ਪੁਲੀਸ ਵੱਲੋਂ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲੇ ਦਾਗਣ, ਝੂਠੇ ਕੇਸ ਦਰਜ ਕੀਤੇ ਜਾਣ ਅਤੇ ਔਰਤਾਂ ਸਮੇਤ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕਰਨ ਦੀ ਜਮਹੂਰੀ ਅਧਿਕਾਰ ਸਭਾ ਨੇ ਨਿਖੇਧੀ ਕੀਤੀ ਹੈ। ਡਾ. ਪਰਮਿੰਦਰ ਸਿੰਘ, ਅਮਰਜੀਤ ਬਾਈ ਤੇ ਸੁਮੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੱਲ੍ਹ ਦੂਨੇਵਾਲਾ ਵਿੱਚ ਵੱਡੇ ਤੜਕੇ ਭਾਰੀ ਪੁਲੀਸ ਫੋਰਸ ਨੇ ਆ ਕੇ ਧਰਨਾਕਾਰੀ ਕਿਸਾਨਾਂ ਦੇ ਟੈਂਟ ਉਖਾੜ ਦਿੱਤੇ ਸਨ। ਜਮਹੂਰੀ ਅਧਿਕਾਰ ਸਭਾ ਇਕਾਈ ਅੰਮ੍ਰਿਤਸਰ ਨੇ ਸਰਕਾਰ ਦੇ ਇਸ ਕਾਰੇ ਦੀ ਨਿਖੇਧੀ ਕੀਤੀ ਹੈ। ਅੰਮ੍ਰਿਤਸਰ ਸੂਬਾ ਕਮੇਟੀ ਆਗੂਆਂ ਪ੍ਰਧਾਨ ਅਮਰਜੀਤ ਭੱਲਾ, ਸਕੱਤਰ ਯਸ਼ਪਾਲ ਚੌਹਾਨ ਤੇ ਗੁਰਬਚਨ ਸਿੰਘ ਨੇ ਕਿਹਾ ਕਿ ਮੁਆਵਜ਼ੇ ਦੀ ਵਾਜਿਬ ਮੰਗ ’ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਗਿਆ ਹੈ। ਸਰਕਾਰ ਵੱਲੋਂ ਮਸਲੇ ਸੁਲਝਾਉਣ ਦੀ ਬਜਾਇ ਜਬਰ ਦਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਜ਼ਮੀਨ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ, ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ’ਤੇ ਕਾਰਵਾਈ ਹੋਵੇ ਅਤੇ ਕਿਸਾਨਾਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ।