ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ
ਪੱਤਰ ਪ੍ਰੇਰਕ
ਚੰਡੀਗੜ੍ਹ, 24 ਨਵੰਬਰ
ਭਾਰਤ ਮਾਲਾ ਪ੍ਰਾਜੈਕਟ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਲਈ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਯੋਗ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ’ਤੇ ਪਿੰਡ ਦੁੱਨੇਵਾਲਾ ਵਿੱਚ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਜਮਹੂਰੀ ਅਧਿਕਾਰ ਸਭਾ ਦੀ ਚੰਡੀਗੜ੍ਹ ਅਤੇ ਮੁਹਾਲੀ ਇਕਾਈ ਵੱਲੋਂ ਨਿਖੇਧੀ ਕੀਤੀ ਗਈ ਹੈ।
ਸਭਾ ਦੇ ਇਕਾਈ ਪ੍ਰਧਾਨ ਐਡਵੋਕੇਟ ਮਨਦੀਪ ਤੇ ਜਨਰਲ ਸਕਤੱਰ ਮਨਪ੍ਰੀਤ ਜੱਸ ਨੇ ਕਿਹਾ ਕਿ ਦੁੱਨੇਵਾਲਾ, ਸ਼ੇਰਗੜ੍ਹ ਅਤੇ ਭੁੱਖਿਆਂਵਾਲੀ ਪਿੰਡਾਂ ਦੇ ਕਿਸਾਨ ਭਾਰਤ ਮਾਲਾ ਸੜਕ ਪ੍ਰਾਜੈਕਟ ਤਹਿਤ ਐਕੁਆਇਰ ਜ਼ਮੀਨਾਂ ਦੇ ਵਾਜ਼ਬ ਮੁਆਵਜ਼ੇ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਪਿੰਡਾਂ ਦੇ ਭੌਂ ਮਾਲਕਾਂ ਨੂੰ ਨੇੜਲੇ ਪਿੰਡਾਂ ਤੋਂ ਲਗਪਗ ਅੱਧਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦੋਂਕਿ ਕਿਸਾਨ ਬਰਾਬਰ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਅੰਦਰ ਕਿਸਾਨਾਂ ’ਤੇ ਇਹ ਦੂਜਾ ਲਾਠੀਚਾਰਜ ਹੈ। ਇਸ ਤੋਂ ਪਹਿਲਾਂ ਝੋਨੇ ਦੀ ਖ਼ਰੀਦ ਦਾ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਰਾਇਕੇ ਕਲਾਂ ਵਿੱਚ ਲਾਠੀਚਾਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸੰਘਰਸ਼ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਅਤੇ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਇ ਸੰਘਰਸ਼ ਕੁਚਲਣ ਦੇ ਰਾਹ ਪਈ ਹੈ ਜੋ ਸਰਾਸਰ ਲੋਕਾਂ ਦੇ ਸੰਘਰਸ਼ ਦੇ ਹੱਕ ’ਤੇ ਡਾਕੇ ਮਾਰਨ ਦੀ ਕਾਰਵਾਈ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀ ਜ਼ਮੀਨ ਦਾ ਢੁੱਕਵਾਂ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਤਸੱਲੀ ਕਰਵਾਈ ਜਾਵੇ, ਲਾਠੀਚਾਰਜ ਦੇ ਦੋਸ਼ੀ ਪੁਲੀਸ ਅਧਿਕਾਰੀਆਂ ’ਤੇ ਕਾਰਵਾਈ ਹੋਵੇ, ਕਿਸਾਨਾਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।