ਦੁੱਨੇਵਾਲਾ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਨਵੰਬਰ
ਦੁੱਨੇਵਾਲਾ ਪਿੰਡ ਵਿੱਚ ਬੀਤੀ ਸ਼ਾਮ ਪੁਲੀਸ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਲਈ ਅਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੀ ਯੋਗ ਕੀਮਤ ਦੀ ਮੰਗ ਰਹੇ ਲੋਕਾਂ ’ਤੇ ਲਾਠੀਚਾਰਜ ਕਰਨ ਅਤੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣ ਸਮੇਤ ਝੂਠੇ ਕੇਸ ਦਰਜ ਕਰਨ ਦੀ ਜਨਤਕ ਜਥੇਬੰਦੀਆਂ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਜਮਹੂਰੀ ਅਧਿਕਾਰ ਸਭਾ (ਜ਼ਿਲ੍ਹਾ ਲੁਧਿਆਣਾ), ਤਰਕਸ਼ੀਲ ਸੁਸਾਇਟੀ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂਆਂ ਜਸਵੰਤ ਜ਼ੀਰਖ, ਅਜਮੇਰ ਦਾਖਾ, ਬਲਵਿੰਦਰ ਸਿੰਘ, ਕਾ ਸੁਰਿੰਦਰ ਸਿੰਘ, ਪ੍ਰੋ. ਏਕੇ ਮਲੇਰੀ, ਮਾਸਟਰ ਭਜਨ ਸਿੰਘ, ਡਾ. ਹਰਬੰਸ ਗਰੇਵਾਲ ਨੇ ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ ਅਤੇ ਜਨਰਲ ਸਕਤੱਰ ਅਜਮੇਰ ਦਾਖਾ ਨੇ ਕਿਹਾ ਕਿ ਦੂਨੇਵਾਲਾ, ਸ਼ੇਰਗੜ੍ਹ ਤੇ ਭੁੱਖਿਆਂਵਾਲੀ ਪਿੰਡਾਂ ਦੇ ਕਿਸਾਨ ਭਾਰਤ ਮਾਲਾ ਸੜਕ ਪ੍ਰਾਜੈਕਟ ਤਹਿਤ ਐਕੂਆਇਰ ਜ਼ਮੀਨਾਂ ਦੇ ਵਾਜਬ ਮੁਆਵਜ਼ੇ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਲੋਕਾਂ ਨੂੰ ਆਲੇ-ਦੁਆਲੇ ਦੇ ਪਿੰਡਾਂ ਨਾਲੋਂ ਕਿਤੇ ਘੱਟ ਰਕਮ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਦੌਰਾਨ ਕਿਸਾਨਾਂ ’ਤੇ ਇਹ ਦੂਸਰਾ ਲਾਠੀਚਾਰਜ ਹੈ। ਇਸ ਤੋਂ ਪਹਿਲਾਂ ਝੋਨੇ ਦੀ ਖਰੀਦ ਦਾ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਰਾਇਕੇ ਕਲਾਂ ਵਿਖੇ ਲਾਠੀਚਾਰਜ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਤੋਂ ਹੱਥ ਪਿੱਛੇ ਖਿੱਚ ਕੇ ਅਡਾਨੀਆਂ-ਅੰਬਾਨੀਆਂ ਦੇ ਹੱਥਾਂ ’ਚ ਖੇਡ ਕੇ ਉਨ੍ਹਾਂ ਦੀਆਂ ਤਿਜ਼ੋਰੀਆਂ ਭਰਨ ਲਈ ਕਿਸਾਨਾਂ ਨੂੰ ਸੰਘਰਸ਼ਾਂ ਦੇ ਰਾਹ ਤੁਰਨ ਲਈ ਮਜਬੂਰ ਕਰ ਰਹੀ ਹੈ।