ਲਵਾਰਸ ਕੁੱਤਿਆਂ ਵੱਲੋਂ ਬੱਚਿਆਂ ਨੂੰ ਮਾਰ ਦੇਣ ਦੀਆਂ ਘਟਨਾਵਾਂ ਦੀ ਨਿਖੇਧੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜਨਵਰੀ
ਪਿੰਡ ਹਸਨਪੁਰ (ਲੁਧਿਆਣਾ) ਵਿੱਚ ਲਵਾਰਸ ਕੁੱਤਿਆਂ ਵੱਲੋਂ ਦੋ ਮਾਸੂਮ ਬੱਚਿਆਂ ਨੂੰ ਨੋਚ ਨੋਚ ਕੇ ਮਾਰ ਮੁਕਾਉਣ ਦੀਆਂ ਦਰਦਨਾਕ ਘਟਨਾਵਾਂ ਦੀਆਂ ਜਨਤਕ-ਜਮਹੂਰੀ ਅਤੇ ਤਰਕਸ਼ੀਲ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜ਼ੀਰਖ, ਸਕੱਤਰ ਅਜਮੇਰ ਦਾਖਾ, ਡਾ. ਹਰਬੰਸ ਗਰੇਵਾਲ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਲੁਧਿਆਣਾ ਦੇ ਪ੍ਰਧਾਨ ਪ੍ਰੋ. ਏ ਕੇ ਮਲੇਰੀ ਤੇ ਮਾ. ਭਜਨ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਦੇ ਪ੍ਰਧਾਨ ਸੁਰਿੰਦਰ ਸਿੰਘ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਹਰਪ੍ਰੀਤ ਜ਼ੀਰਖ ਅਤੇ ਰਾਕੇਸ਼ ਆਜ਼ਾਦ ਨੇ ਕਿਹਾ ਕਿ ਲਵਾਰਸ ਕੁੱਤਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ ਜਿਸ ਨਾਲ ਹਰ ਰੋਜ਼ ਪੰਜਾਬ ਵਿੱਚ ਕਿਤੇ ਨਾ ਕਿਤੇ ਅਜਿਹੀਆਂ ਜਾਨ ਲੇਵਾ ਘਟਨਾਵਾਂ ਵਾਪਰ ਰਹੀਆਂ ਹਨ। ਸਰਕਾਰ ਵੱਲੋਂ ਗਊ ਸੈਸ ਵਰਗੇ ਟੈਕਸ ਤਾਂ ਲੋਕਾਂ ਤੋਂ ਵਸੂਲੇ ਜਾ ਰਹੇ ਹਨ, ਪਰ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਸੂਬਾ ਭਰ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਲਈ ਤੁਰੰਤ ਸਖ਼ਤ ਕਦਮ ਉਠਾਏ ਜਾਣ ਦੇ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ। ਲੁਧਿਆਣਾ ਦੀਆਂ ਇਨਸਾਫ਼ਪਸੰਦ ਜਨਤਕ ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਇਸ ਸਮੱਸਿਆ ਦਾ ਗੰਭੀਰ ਨੋਟਿਸ ਲੈਂਦਿਆਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।