ਮਜ਼ਦੂਰ ਆਗੂਆਂ ਤੇ ਕਾਰਕੁਨਾਂ ਨੂੰ ਜਬਰੀ ਗ੍ਰਿਫ਼ਤਾਰ ਕਰਨ ਅਤੇ ਜੇਲ੍ਹ ਭੇਜਣ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 18 ਮਈ
ਪੰਚਾਇਤੀ ਜ਼ਮੀਨ ‘ਚੋਂ ਰਾਖਵੇਂ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਲੈਣ, ਮਕਾਨਾਂ ਲਈ ਪਲਾਟ, ਕਰਜ਼ਾ ਮੁਆਫ਼ੀ ਅਤੇ ਦਿਹਾੜੀ ਦੇ ਮਸਲਿਆਂ ਨੂੰ ਲੈ ਕੇ ਮਿਨੀ ਸਕੱਤਰੇਤ ਵਿਖੇ ਚੱਲ ਰਹੇ ਪੱਕੇ ਮੋਰਚੇ ਨੂੰ ਜਬਰੀ ਉਠਾਉਣਾ ਅਤੇ ਮਜ਼ਦੂਰ ਆਗੂਆਂ ਤੇ ਪੁਲੀਸ ਕੇਸ ਦਰਜ ਕਰਕੇ ਜੇਲ੍ਹ ਭੇਜਣਾ ਪਟਿਆਲਾ ਪ੍ਰਸ਼ਾਸਨ ਦੀ ਕਾਰਵਾਈ ਨਿੰਦਣਯੋਗ ਹੈ, ਜਿਸ ਦੀ ਡੈਮੋਕਰੇਟਿਕ ਟੀਚਰਜ਼ ਫਰੰਟ ਸਖਤ ਨਿਖੇਧੀ ਕਰਦਾ ਹੈ।
ਡੀਟੀਐੱਫ ਦੇ ਆਗੂਆਂ ਵਿਕਰਮ ਦੇਵ, ਅਤਿੰਦਰ ਪਾਲ ਸਿੰਘ ਅਤੇ ਹਰਵਿੰਦਰ ਰੱਖੜਾ ਨੇ ਕਿਹਾ ਕਿ ਪੇਂਡੂ ਮਜ਼ਦੂਰ ਵਰਗ ਲੰਮੇ ਸਮੇਂ ਤੋਂ ਰਿਹਾਇਸ਼ੀ ਪਲਾਟਾਂ, ਪੱਕੇ ਦਿਹਾੜੀ ਰੇਟਾਂ ਅਤੇ ਪੰਚਾਇਤੀ ਜ਼ਮੀਨ ਚੋਂ ਬਣਦੇ ਹਿੱਸੇ ਨੂੰ ਘੱਟ ਰੇਟ ਤੇ ਲੈਣ ਲਈ ਸੰਘਰਸ਼ ਕਰ ਰਹੇ ਹਨ। ਧਿਆਪਕ ਆਗੂ ਹਰਦੀਪ ਟੋਡਰਪੁਰ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗ੍ਰਿਫ਼ਤਾਰ ਆਗੂ ਧਰਮਵੀਰ ਹਰੀਗੜ, ਗੁਰਵਿੰਦਰ ਬੌੜਾਂ ਸਮੇਤ ਜੇਲ੍ਹ ਭੇਜੇ ਮਜ਼ਦੂਰ ਕਾਰਕੁਨਾਂ ਨੂੰ ਫ਼ੌਰੀ ਰਿਹਾਅ ਕੀਤਾ ਜਾਵੇ ਅਤੇ ਪੁਲੀਸ ਕੇਸਾਂ ਨੂੰ ਰੱਦ ਕਰਕੇ ਉਹਨਾਂ ਦੀਆਂ ਮੰਗਾਂ ਦਾ ਸਮਾਂਬੱਧ ਹੱਲ ਕੀਤਾ ਜਾਵੇ।
ਜੈ ਇੰਦਰ ਕੌਰ ਵੱਲੋਂ ਕਿਸਾਨਾਂ ਦੀ ਕੁੱਟਮਾਰ ਦੀ ਨਿੰਦਾ
ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਭਾਜਪਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ, ਜੈ ਇੰਦਰ ਕੌਰ ਨੇ ਗੁਰਦਾਸਪੁਰ ਵਿਖੇ ਪ੍ਰਦਰਸ਼ਨ ਕਰ ਰਹੀ ਔਰਤਾਂ ਅਤੇ ਕਿਸਾਨਾਂ ਨਾਲ ਮਾਰਕੁੱਟ ਕਰਨ ਲਈ ਪੰਜਾਬ ਪੁਲhਸ ਅਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇੱਥੇ ਜਾਰੀ ਇੱਕ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ, ਕੱਲ੍ਹ ਗੁਰਦਾਸਪੁਰ ਦੇ ਭਾਂਬਰੀ ਪਿੰਡ ਵਿਖੇ ਆਪਣੀ ਜ਼ਮੀਨ ਦੇ ਸਰਕਾਰ ਵੱਲੋਂ ਵਾਜਬ ਮੁੱਲ ਨਾ ਮਿਲਣ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਪੰਜਾਬ ਪੁਲੀਸ ਵੱਲੋਂ ਕੀਤੀ ਮਾਰਕੁੱਟ ਅਤਿ ਨਿੰਦਣਯੋਗ ਹੈ। ਇਹ ਸਾਡੇ ਅੰਨਦਾਤਾ ਹਨ ਜੋਕਿ ਪੂਰੇ ਦੇਸ਼ ਦਾ ਢਿੱਡ ਭਰਦੇ ਹਨ ਅਤੇ ਭਗਵੰਤ ਮਾਨ ਸਰਕਾਰ ਦਾ ਇਨ੍ਹਾਂ ਵੱਲ ਵਤੀਰਾ ਬਹੁਤ ਹੀ ਮਾੜਾ ਹੈ।ਨਿਹੱਥੇ ਬਜ਼ੁਰਗਾਂ ਉੱਤੇ ਡਾਂਗਾਂ ਚਲਾਉਣੀਆਂ ਅਤੇ ਉਨ੍ਹਾਂ ਦੀਆਂ ਪੱਗਾਂ ਲਾਹੁਣ ਦੇ ਨਾਲ ਨਾਲ ਭਗਵੰਤ ਮਾਨ ਦੀ ਪੰਜਾਬ ਪੁਲੀਸ ਨੇ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ, ਉਨ੍ਹਾਂ ਦੇ ਵੀ ਥੱਪੜ ਜੜ ਦਿੱਤੇ। ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ ਔਰਤਾਂ ਅਤੇ ਕਿਸਾਨਾਂ ਨਾਲ ਅਜਿਹਾ ਵਤੀਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।