ਹੜ੍ਹਾਂ ਨੂੰ ਰੋਕਣ ਲਈ ਘੱਗਰ ਨਦੀ ਨੂੰ ਨੱਥ ਚੂੜਾ ਚੜ੍ਹਾਉਣ ਦੀ ਨਿਖੇਧੀ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਹੜ੍ਹਾਂ ਨੂੰ ਰੋਕਣ ਵਾਸਤੇ ਘੱਗਰ ਨਦੀ ਨੂੰ ਨੱਥ ਚੂੜਾ ਚੜ੍ਹਾਉਣ ਦੀ ਕਾਰਵਾਈ ਦਾ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਵਿਰੋਧ ਕਰਦਿਆਂ ਇਸ ਨੂੰ ਅੰਧਵਿਸ਼ਵਾਸੀ ਰਵਾਇਤ ਕਰਾਰ ਦਿੱਤਾ ਹੈ। ਸੁਸਾਇਟੀ ਦੇ ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਬਲਬੀਰ ਲੌਂਗੋਵਾਲ, ਹੇਮ ਰਾਜ ਸਟੈਨੋ, ਰਾਮ ਸਵਰਨ ਲੱਖੇਵਾਲੀ, ਰਾਜਪਾਲ ਸਿੰਘ, ਜੋਗਿੰਦਰ ਕੁੱਲੇਵਾਲ ਅਤੇ ਸੁਮੀਤ ਸਿੰਘ ਨੇ ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਉਸ ਦੀ ਪੁੱਤਰੀ ਜੈ ਇੰਦਰ ਕੌਰ ਵਲੋਂ ਘੱਗਰ ਨਦੀ ਨੂੰ ਨੱਥ- ਚੂੜਾ ਚੜ੍ਹਾਉਣ ਦੀ ਰਵਾਇਤ ਨੂੰ ਰੂੜ੍ਹੀਵਾਦੀ ਆਖਦਿਆਂ ਇਸ ਦੀ ਨਿਖੇਧੀ ਕੀਤੀ ਹੈ। ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਰਾਜ ਭਾਗ ਉਤੇ ਲੰਬਾ ਸਮਾਂ ਕਾਬਜ਼ ਰਹੇ ਪਟਿਆਲੇ ਦੇ ਇਸ ਸ਼ਾਹੀ ਘਰਾਣੇ ਵਲੋਂ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਕਦੇ ਕੋਈ ਠੋਸ ਯੋਜਨਾਬੰਦੀ ਅਮਲ ਵਿਚ ਨਹੀਂ ਲਿਆਂਦੀ ਗਈ । ਹੁਣ ਉਲਟਾ ਨੱਥ ਚੂੜੇ ਸੁੱਟਣ ਅਤੇ ਅਰਦਾਸਾਂ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਤਰਕਸ਼ੀਲ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੀ ਤਬਾਹੀ ਨਾਲ ਬਰਬਾਦ ਹੋਏ ਘਰਾਂ, ਫਸਲਾਂ, ਕਿਸਾਨਾਂ,ਮਜ਼ਦੂਰਾਂ ਸਣੇ ਹਰ ਵਰਗ ਦੇ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।