For the best experience, open
https://m.punjabitribuneonline.com
on your mobile browser.
Advertisement

ਬਾਜਰੇ ਦਾ ਸਿੱਟਾ

06:07 AM Jul 11, 2024 IST
ਬਾਜਰੇ ਦਾ ਸਿੱਟਾ
Advertisement

ਅਪਮਿੰਦਰ ਬਰਾੜ

Advertisement

ਦੂਰ-ਦੂਰ ਜਿੱਥੋਂ ਤੱਕ ਨਜ਼ਰ ਜਾਂਦੀ, ਝੋਨੇ ਦੀ ਫਸਲ ਜੋਬਨ ’ਤੇ ਆਈ ਹੋਈ ਸੀ। ਪਤਾ ਨਹੀਂ ਕਟਾਈ ਦਾ ਸਮਾਂ ਨੇੜੇ ਆਉਣ ਕਾਰਨ ਜਾਂ ਕਿਸੇ ਹੋਰ ਗੱਲੋਂ, ਸੁਨਹਿਰੀ ਰੰਗ ਦੀਆਂ ਮੁੰਜਰਾਂ ਨੀਵੀਂ ਪਾਈ ਆਪਣੀ ਨਿਗ੍ਹਾ ਜ਼ਮੀਨ ਵੱਲ ਗੱਡੀ ਬੈਠੀਆਂ ਸਨ। ਸੂਰਜ ਦੇ ਪੱਛਮ ਵੱਲ ਉਲਾਰ ਹੋਣ ਕਾਰਨ ਦਰਖਤਾਂ ਦੇ ਪਰਛਾਵੇਂ ਲੰਮੇ ਹੋ ਰਹੇ ਸਨ। ਹਲਕੀ ਪੱਛੋਂ ਦੀ ਹਵਾ ਝੋਨੇ ਦੀਆਂ ਮੁੰਜਰਾਂ ਨਾਲ ਖਹਿ-ਖਹਿ ਸਰਸਰਾਹਟ ਪੈਦਾ ਕਰ ਰਹੀ ਸੀ।
ਮੈਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਖੇਤਾਂ ਨੂੰ ਜਾਂਦੀ ਸੜਕ ਦੇ ਖੱਬੇ ਹੱਥ ਜਾ ਰਿਹਾ ਸੀ। ਦੋ ਤਿੰਨ ਕਿਲੋਮੀਟਰ ਬਾਅਦ ਦੂਰੋਂ ਹੀ ਸੜਕ ਦੇ ਦੂਜੇ ਪਾਸੇ ਇਕ ਜਗ੍ਹਾ ਬਾਜਰੇ ਦੇ ਖੇਤ ’ਤੇ ਨਜ਼ਰ ਪਈ ਤਾਂ ਮੇਰੀ ਚਾਲ ਤਿੱਖੀ ਹੋ ਗਈ। ਬਰਾਬਰ ਜਾ ਕੇ ਸੜਕ ਪਾਰ ਕੀਤੀ ਤੇ ਖੇਤ ’ਚ ਉੱਤਰ ਗਿਆ। ਅੱਠ-ਅੱਠ ਫੁੱਟ ਲੰਮੇ ਟਾਂਡਿਆਂ ਉੱਤੇ ਸਿੱਟੇ ਅਸਮਾਨ ਵੱਲ ਟਿਕ-ਟਿਕੀ ਲਾਈ ਖੜੋਤੇ ਸਨ। ਢਾਕਾਂ ’ਤੇ ਹੱਥ ਰੱਖ ਕੇ ਮੂੰਹ ਉੱਪਰ ਨੂੰ ਚੁੱਕੀ ਉਨ੍ਹਾਂ ਨੂੰ ਨਿਹਾਰ ਰਿਹਾ ਸੀ।... ਯਾਦ ਆਇਆ, ਨਿੱਕੇ ਹੁੰਦਿਆਂ ਇਕ ਦਿਨ ਮੇਰੇ ਦਾਦੇ ਨੇ ਮੱਝਾਂ ਨੂੰ ਪੱਠੇ ਪਾਉਂਦਿਆਂ ਕਿਹਾ ਸੀ, “ਉਏ ਕੋਹੜੀਆ, ਬਾਜਰੇ ਨੂੰ ਬੂਰ ਪਏ ਨੂੰ ਕਿੰਨੇ ਦਿਨ ਹੋਗੇ, ਤੂੰ ਸਕੂਲ ਮਗਰੋਂ ਬਾਜਰੇ ਦੀ ਰਾਖੀ ਨੂੰ ਜਾ ਵੜਿਆ ਕਰ, ਜਨੌਰ ਬਾਜਰੇ ਦਾ ਕੁਝ ਨੀ ਛਡਦੇ।” ਉਹਨੇ ਜਿਵੇਂ ਬਾਜਰੇ ਦੀ ਰੋਟੀ ਦਾ ਵਾਸਤਾ ਪਾਇਆ ਹੋਵੇ! ਤੇ ਮੈਂ ਬੇਲੀਆਂ ਨਾਲ ਰਲ ਕੇ ਰੱਸੀ ਅਤੇ ਛੋਟਾ ਜਿਹਾ ਪੁਰਾਣਾ ਕੱਪੜਾ ਲੈ ਗੋਪੀਆ ਬਣਾ ਲਿਆ। ਚੀਕਣੀ ਮਿੱਟੀ ਭਿਉਂ, ਗਲੇਲੇ ਵੱਟ ਕੇ ਚੁੱਲ੍ਹੇ ਦੀ ਭੁੱਬਲ ’ਚ ਪਕਾ ਲਿਆ। ਸਕੂਲੋਂ ਆ ਕੇ ਖੇਤ ਜਾਂਦਿਆਂ ਦੇਖਦਾ ਕਈ ਬੇਲੀ ਪਹਿਲਾਂ ਹੀ ਆਪਣੇ ਖੇਤਾਂ ’ਚ ਗੋਪੀਆ ਸਿਰ ਤੋਂ ਘੁਮਾਉਂਦੇ ਪੰਛੀਆਂ ਮਗਰ ਗਲੇਲੇ ਛਡਦੇ ਚਾਂਗਰਾਂ ਮਾਰਦੇ ਫਿਰਦੇ ਹੁੰਦੇ।
ਪਿੰਡ ਦੀ ਲਗਭਗ ਸਾਰੀ ਜ਼ਮੀਨ ਬਰਾਨੀ ਸੀ। ਛੋਲੇ, ਜੌਂ, ਬਾਜਰਾ, ਗਵਾਰਾ ਤੇ ਕਪਾਹ ਹੀ ਹੁੰਦੇ ਸੀ ਮਾੜੇ-ਮੋਟੇ, ਗੁਜ਼ਾਰੇ ਜੋਗੇ। ਪੱਕੀ ਫਸਲ ’ਚ ਜਾਨ ਅਟਕੀ ਰਹਿੰਦੀ। ਸਾਲ ਦਰ ਸਾਲ ਦੇਖਦੇ ਰਹਿਣ ਕਾਰਨ ਬਾਜਰੇ ਦੇ ਸਿੱਟੇ ਬੜੇ ਪਿਆਰੇ ਲਗਦੇ। ਇਹ ਬਾਜਰੇ ਦੇ ਪੱਤਿਆਂ ਦੀ ਵੱਖੀ ਵਿੱਚੋਂ ਮਲਕੜੇ ਜਿਹੇ ਸਿਰ ਕੱਢ ਲੈਂਦੇ ਤੇ ਫਿਰ ਕੁਝ ਦਿਨਾਂ ’ਚ ਹੀ ਲੰਮ-ਸਲੰਮੇ ਹੋ ਜਾਂਦੇ। ਫਿਰ ਹਰੇ ਰੰਗ ਦੇ ਬੂਰ ਨਾਲ ਭਰ ਜਾਂਦੇ ਜਿਹਦੇ ਅੰਦਰ ਕੁਝ ਦਿਨਾ ਬਾਅਦ ਦਾਣੇ ਦੁਧੀਆ ਭਾਅ ਮਾਰਨ ਲਗਦੇ। ਹਰੇ ਰੰਗ ਦਾ ਬੂਰ ਪੱਕਦੇ ਦਾਣੇ ਢਕ ਲੈਂਦਾ ਤੇ ਹੌਲੀ ਹੌਲੀ ਉਸਦਾ ਰੰਗ ਨਸਵਾਰੀ ਹੋ ਜਾਂਦਾ। ਜਿੱਥੋਂ ਕਿਤੇ ਬੂਰ ਉਤਰਦਾ, ਵਿੱਚੋਂ ਪੱਕ ਚੁੱਕੇ ਦਾਣੇ ਚਾਂਦੀ ਰੰਗਾ ਹਾਸਾ ਹੱਸਦੇ ਤੇ ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ’ਤੇ ਹਲਕੀ ਪਿਲੱਤਣ ਛਾ ਜਾਂਦੀ।
ਜਾਨਵਰ ਪੱਕਦੇ ਸਿੱਟਿਆਂ ’ਤੇ ਆ ਬੈਠਦੇ ਤੇ ਬੂਰ ਹਟਾ ਕੇ ਬਾਜਰੇ ਦੇ ਦਾਣਿਆਂ ’ਤੇ ਠੂੰਗਗਾਂ ਮਾਰਦੇ। ਅਸੀਂ ਕਿਸੇ ਉੱਚੀ ਥਾਂ ਤੋਂ ਗੋਪੀਏ ਘਮਾਉਂਦੇ ਉਨ੍ਹਾਂ ’ਤੇ ਗਲੇਲਿਆਂ ਨਾਲ ਵਾਰ ਕਰਦੇ ਤੇ ਉਹ ਕਿਸੇ ਹੋਰ ਖੇਤ ਵੱਲ ਉਡਾਰੀ ਮਾਰ ਜਾਂਦੇ; ਇਉਂ ਅਸੀਂ ਬਾਜਰੇ ਦੇ ਸਿੱਟੇ ਵੱਧ ਤੋਂ ਵੱਧ ਦਾਣਿਆਂ ਨਾਲ ਭਰੇ ਰੱਖਣ ਦਾ ਯਤਨ ਕਰਦੇ। ਇਸ ਦੇ ਬਾਵਜੂਦ ਤੋਤੇ ਅਤੇ ਹੋਰ ਪੰਛੀ ਵੇਲੇ-ਕੁਵੇਲੇ ਕਈ ਸਿੱਟੇ ਖਾਲੀ ਕਰ ਦਿੰਦੇ। ਉਨ੍ਹਾਂ ’ਤੇ ਬਚਿਆ ਨਸਵਾਰੀ ਬੂਰ ਹਲਕੀ ਜਿਹੀ ਹਵਾ ਨਾਲ ਵੀ ਸਿੱਟਿਆਂ ਨਾਲੋਂ ਉਖੜਦਾ ਡਿਗੂੰ-ਡਿਗੂੰ ਕਰਦਾ ਰਹਿੰਦਾ। ਇਹ ਨਸਵਾਰੀ ਸਿੱਟੇ ਵਿਚਾਰਗੀ ਨਾਲ ਦਾਣਿਆਂ ਨਾਲ ਲੱਦੇ ਸਿੱਟਿਆਂ ਵਿਚਕਾਰ ਉਦਾਸ ਖੜ੍ਹੇ ਰਹਿੰਦੇ।
40 ਸਾਲਾਂ ਤੋਂ ਵੱਧ ਸਮੇਂ ਬਾਅਦ ਅੱਜ ਫਿਰ ਬਾਜਰੇ ਦੇ ਸਿੱਟੇ ਨਿਹਾਰ ਰਿਹਾ ਸੀ। ਸੂਰਜ ਛਿਪਣ ਕਿਨਾਰੇ ਹੋਣ ਕਾਰਨ ਉੱਥੋਂ ਹੀ ਵਾਪਸ ਮੁੜਨ ਦੀ ਕੀਤੀ। ਮੁੜਦਾ ਹੋਇਆ ਸੋਚ ਰਿਹਾ ਸੀ, ਇਨ੍ਹਾਂ 4 ਦਹਾਕਿਆਂ ’ਚ ਅਸੀਂ ਕਿੱਥੋਂ ਕਿੱਥੇ ਪੁੱਜ ਗਏ। ਪੰਜਾਬ ਦੀ ਲਗਭਗ ਸਾਰੀ ਜ਼ਮੀਨ ਨੂੰ ਪਾਣੀ ਲੱਗ ਰਿਹਾ, ਕਿੰਨੇ ਗੁਣਾ ਫਸਲ ਪੈਦਾ ਹੋ ਰਹੀ, ਖੇਤੀ ਮਸ਼ੀਨੀ ਹੋ ਗਈ ਜਿਸ ਨਾਲ ਸਰੀਰਕ ਮਿਹਨਤ ਘਟ ਗਈ।... ਖ਼ੁਸ਼ਹਾਲੀ ਦਿਨ-ਬਦਿਨ ਪੈਰ ਪਸਾਰ ਰਹੀ ਹੈ। ਮੈਨੂੰ ਚੰਗਾ-ਚੰਗਾ ਲੱਗ ਰਿਹਾ ਸੀ।...
“ਸਾਸਰੀ ਕਾਲ ਡਾਕਟਰ ਸਾਹਬ।” ਪਿੱਛੋਂ ਬਰਾਬਰ ਆ ਕੇ ਕੋਈ ਸਾਇਕਲ ਤੋਂ ਉੱਤਰਿਆ। ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਉਸ ਨੇ ਥੋੜ੍ਹਾ ਅੱਗੇ ਲੰਘ ਕੇ ਖੱਬੇ ਪਾਸੇ ਸਾਇਕਲ, ਸਟੈਂਡ ’ਤੇ ਲਾ ਦਿੱਤਾ। “ਪਛਾਣਿਆਂ ਨੀ ਡਾਕਟਰ ਸਾਹਬ... ਮੈਂ ਸੇਮਾ, ਤੁਸੀਂ ਮੈਨੂੰ...।”
“ਹਾਂ ਬਈ ਤਰਸੇਮ, ਕੀ ਹਾਲ ਐ।” ਮੈਂ ਪਛਾਣ ਕੇ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੁੱਛਿਆ। “ਕਿੱਥੇ ਰਹਿੰਨਾ? ਕਿੰਨੇ ਸਾਲ ਹੋਗੇ ਤੈਨੂੰ ਦੇਖਿਆਂ।”
“ਡਾਕਟਰ ਸਾਹਬ ਪਲਾਂਟ ਬਰੀਡਿੰਗ ’ਚ ਹੁੰਨੈ ਹੁਣ, ਆਇਆ ਸੀ ਮੈਂ ਇਕ ਵਾਰੀ ਥੋਡੇ ਦਫਤਰ ਪਰ ਤੁਸੀਂ ਮਿਲੇ ਨੀ।”
“ਕਿੰਨੇ ਪੈਸੇ ਮਿਲ ਜਾਂਦੇ ਐ ਓਥੇ?” ਮੈਂ ਪੁੱਛਿਆ?
“ਛੀ ਹਜਾਰ ਈ ਦਿੰਦੇ ਐ ਡਾਕਟਰ ਸਾਹਬ, ਦਿਹਾੜੀਆਂ ਵੀ 25 ਲਵਾ ਲੈਂਦੇ।” ਉਸ ਨੇ ਉਦਾਸੀ ’ਚ ਇਕ ਹੱਥ ਨਾਲ ਹੈਂਡਲ ਦੀ ਖੱਬੀ ਮੁੱਠ ਫੜਦਿਆਂ ਅਤੇ ਸੱਜਾ ਹੱਥ ਸਾਇਕਲ ਦੀ ਸੀਟ ’ਤੇ ਹੱਥ ਰੱਖਦਿਆਂ ਕਿਹਾ। ਮੈਂ ਦੇਖਿਆ, ਸੱਜੇ ਪੈਡਲ ਦੀਆਂ ਦੋਵੇਂ ਰਬੜਾਂ ਗਾਇਬ ਸਨ ਤੇ ਜੰਗਾਲੀ ਕਿੱਲੀ ਆਪਣੀ ਥਾਂ ਤੋਂ ਹਿੱਲੀ ਹੋਈ ਸੀ। “ਐਨੇ ਪੈਸੇ ਤਾਂ ਤੂੰ ਆਵਦੇ ਪਿੰਡ ਵੀ ਕਮਾ ਸਕਦੈਂ ਮਹੀਨੇ ’ਚ, ਨਾਲੇ ਆਹ 20 ਕਿਲੋਮੀਟਰ ਦੇ ਸਫਰ ਤੋਂ ਖਹਿੜਾ ਛੁੱਟੇ।” ਮੈਂ ਸਲਾਹ ਦਿੱਤੀ।
“ਪੱਕੇ ਕਰਨ ਦਾ ਲਾਰਾ ਲਾ ਰੱਖਿਆ ਡਾਕਟਰ ਸਾਹਬ ਪਿਛਲੇ 10 ਸਾਲਾਂ ਦਾ। ਹੱਡ ਰਗੜੀ ਜਾਨੇ ਐਂ ਇਸੇ ਕਰ ਕੇ। ਘਰਵਾਲ਼ੀ ਗੋਹਾ-ਕੂੜਾ ਕਰ ਆਉਂਦੀ ਐ ਦੋ ਘਰਾਂ ਦਾ, ਬੱਸ ਦਿਨ ਟਪਾਈ ਹੋ ਰਹੀ ਐ। ਜਦੋਂ ਕਿਤੇ ਚਾਰ ਛਿੱਲੜ ਜੁੜਦੇ ਐ, ਕਿਸੇ ਨਾ ਕਿਸੇ ਨੂੰ ਬਮਾਰੀ ਘੇਰ ਲੈਂਦੀ ਐ, ਦਿਨੋ-ਦਿਨ ਸਰੀਰ ਖੁਰੀ ਜਾਂਦੈ।” ਉਸ ਦੇ ਬੋਲਾਂ ਵਿਚਲਾ ਤਾਅ ਮੱਠਾ ਪੈ ਗਿਆ ਸੀ।
ਉਸ ਦੇ ਹਲਕੇ ਭੂਰੇ ਰੰਗ ਦੇ ਕੁੜਤੇ ਪਜਾਮੇ ਨੂੰ ਮੈਲ਼ ਨੇ ਘਸਮੈਲਾ ਕੀਤਾ ਹੋਇਆ ਸੀ। ਸਿਰ ’ਤੇ ਬੰਨ੍ਹੇ ਨਿੱਕੇ ਜਿਹੇ ਡੱਬੀਆਂ ਵਾਲ਼ੇ ਸਾਫੇ ਕਰ ਕੇ ਉਸ ਦਾ ਪਿਚਕਿਆ ਤੇ ਧੁਆਂਖਿਆ ਮੂੰਹ ਵੱਡਾ-ਵੱਡਾ ਲੱਗ ਰਿਹਾ ਸੀ ਜਿਸ ’ਤੇ ਕਰੜ-ਬਰੜ ਦਾੜ੍ਹੀ ਉਸ ਦੇ ਜਵਾਨ ਹੁੰਦਿਆਂ ਵੀ ਪਕਰੋੜ ਉਮਰ ਦਾ ਭਲੇਖਾ ਪਾ ਰਹੀ ਸੀ। ਸੜਕ ਦੇ ਦੂਜੇ ਪਾਸਿਉਂ ਲਹੂ-ਲੁਹਾਨ ਕੁੱਤਾ ਜਿਸ ਦੇ ਸਿਰ ਅਤੇ ਗਰਦਨ ’ਤੇ ਦੂਜੇ ਕੁੱਤਿਆਂ ਨੇ ਡੂੰਘੇ ਜ਼ਖ਼ਮ ਕਰ ਦਿੱਤੇ ਸੀ, ਸਾਡੇ ਕੋਲ ਦੀ ਹਫਦਾ ਹੋਇਆ ਝੋਨੇ ਦੇ ਖੇਤ ’ਚ ਜਾ ਵੜਿਆ।
2006 ’ਚ ਕਿਸੇ ਯਾਰ ਦੋਸਤ ਦੇ ਕਹਿਣ ’ਤੇ ਤਰਸੇਮ ਨੂੰ ਯੂਨੀਵਰਸਟੀ ’ਚ 7000 ਰੁਪਏ ਮਹੀਨੇ ’ਤੇ ਦਿਹਾੜੀਦਾਰ ਰਖਵਾਇਆ ਸੀ। ਹਰ ਮਹੀਨੇ ਉਸ ਨੂੰ 20 ਦਿਨ ਕੰਮ ਕਰਨ ਯੂਨੀਵਰਸਟੀ ਆਉਣਾ ਪੈਂਦਾ। ਬਾਕੀ ਦੇ 10 ਦਿਨ ਉਹ ਆਪਣੇ ਪਿੰਡ ਜੇ ਕੋਈ ਲਭਦਾ ਤਾਂ ਦਿਹਾੜੀ-ਦੱਪਾ ਕਰੀ ਜਾਂਦਾ। ਰੋਜ਼ 20 ਕਿਲੋਮੀਟਰ ਸਾਇਕਲ ਚਲਾ ਕੇ ਪਿੰਡੋਂ ਆਉਂਦਾ ਤੇ 8 ਘੰਟੇ ਡਿਊਟੀ ਕਰ ਕੇ ਸ਼ਾਮ ਨੂੰ ਫਿਰ ਆਪਣੀ ਘਰਵਾਲ਼ੀ, ਦੋ ਬੱਚਿਆਂ ਅਤੇ ਮੰਜੇ ’ਤੇ ਬਿਮਾਰ ਪਈ ਮਾਂ ਕੋਲ ਜਾ ਪੁੱਜਦਾ। ਸਾਲ ਕੁ ਬਾਅਦ 2007 ’ਚ ਗਰਾਂਟ ਨਾ ਆਉਣ ਕਾਰਨ ਉਹਨੂੰ ਕੰਮ ਤੋਂ ਹਟਾ ਦਿੱਤਾ ਗਿਆ।... ਫਿਰ ਕਿਸੇ ਨੇ ਉਸ ਨੂੰ ਹੁਣ ਵਾਲੇ ਕੰਮ ’ਤੇ ਰਖਵਾ ਦਿੱਤਾ ਹੋਣੈ।
“ਚੰਗਾ ਡਾਕਟਰ ਸਾਹਬ ਮੈਂ ਚਲਦਾਂ, ਆਉਂਦਾ ਤੁਹਾਡੇ ਕੋਲ ਕਿਸੇ ਦਿਨ, ਜੇ ਕਿਤੇ ਤੁਹਾਡੇ ਕੋਲ ਡੇਲ੍ਹੀ ਪੇਡ ਦੀ ਅਸਾਮੀ ਹੋਈ ਤਾਂ ਦੱਸਿਆ ਜੇ।” ਤੇ ਉਹ ਸਾਇਕਲ ’ਤੇ ਸਵਾਰ ਹੋ ਮੇਰੇ ਅੱਗੇ-ਅੱਗੇ ਹੋ ਲਿਆ। ਉਸ ਦੇ ਸਾਇਕਲ ਦੇ ਕੈਰਿਅਰ ’ਚ ਅੜੰਗੇ ਝੋਲੇ ’ਚੋਂ ਝਾਤੀ ਮਾਰਦੇ ਨਿੱਕੇ ਜਿਹੇ ਟਿਫਨ ਦੇ ਇਕਹਿਰੇ ਡੱਬੇ ਤੋਂ ਉਸ ਦੁਆਰਾ ਸਵੇਰੇ ਘਰੋਂ ਆਚਾਰ ਜਾਂ ਚਟਣੀ ਨਾਲ ਲਿਆਂਦੀਆਂ ਇਕ-ਦੋ ਰੋਟੀਆਂ ਦਾ ਸਬੂਤ ਮਿਲਦਾ ਸੀ।
ਛਿਪ ਗਏ ਸੂਰਜ ਅਤੇ ਪਸਰ ਰਹੇ ਹਨੇਰੇ ਕਾਰਨ ਉਸ ਦੇ ਭੂਰੇ ਕੁੜਤੇ ਪਜਾਮੇ ਦਾ ਰੰਗ ਨਸਵਾਰੀ ਹੋ ਗਿਆ ਸੀ।... ਤੇ ਉਹ ਜਾਂਦਾ ਹੋਇਆ ਦੂਰੋਂ ਬਾਜਰੇ ਦੇ ਉਸ ਸਿੱਟੇ ਵਰਗਾ ਲੱਗ ਰਿਹਾ ਸੀ ਜਿਸ ਦੇ ਸਾਰੇ ਦਾਣੇ ਜਾਨਵਰਾਂ ਨੇ ਠੁੰਗ ਲਏ ਹੋਣ ਤੇ ਉਸ ਦੇ ਆਸ-ਪਾਸ ਨਸਵਾਰੀ ਬੂਰ ਹਵਾ ’ਚ ਲਹਿਰਾ ਰਿਹਾ ਹੋਵੇ...!
ਸੰਪਰਕ: 75085-02300

Advertisement
Author Image

joginder kumar

View all posts

Advertisement
Advertisement
×