ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਵਲ ਸਰਵਿਸਿਜ਼ ਦੇ ਇਮਤਿਹਾਨ ਨਾਲ ਜੁੜੀਆਂ ਧਾਰਨਾਵਾਂ

07:11 AM Jul 20, 2023 IST

ਸਤਿੰਦਰ ਪਾਲ ਸਿੰਘ

ਕਿਸੇ ਵੀ ਨਾਮੀ ਚੀਜ਼ ਬਾਰੇ ਧਾਰਨਾਵਾਂ ਬਣਾ ਲੈਣਾ ਮਨੁੱਖੀ ਮਿਜ਼ਾਜ ਵੀ ਹੁੰਦਾ ਹੈ ਤੇ ਮਨੋਵਿਗਿਆਨ ਵੀ। ਸਿਵਲ ਸਰਵਿਸਿਜ਼ (ਆਈਏਐਸ, ਆਈਪੀਐਸ, ਆਈਐਫਐਸ ਆਦਿ) ਦੇਸ਼ ਦਾ ਸਭ ਤੋਂ ਉੱਚਾ ਅਤੇ ਨੌਜਵਾਨਾਂ ਦਾ ਪਿਆਰਾ ਇਮਤਿਹਾਨ ਹੈ, ਇਸ ਲਈ ਇਸ ਦੀ ਤਿਆਰੀ ਬਾਰੇ ਬਹੁਤ ਸਾਰੀਆਂ ਗੱਲਾਂ ਵਧਾ ਚੜ੍ਹਾ ਕੇ ਕਹੀਆਂ ਜਾਂਦੀਆਂ ਹਨ। ਇਹ ਗੱਲਾਂ ਹੁੰਦੀਆਂ ਵੀ ਕੁੱਝ ਅਜਿਹੀਆਂ ਨੇ ਕਿ ਸੱਚ ਜਾਪਣ ਲੱਗਦੀਆਂ ਹਨ।
ਜ਼ਿਆਦਾਤਰ ਉਮੀਦਵਾਰਾਂ ਦੀ ਰਾਇ ਬਣ ਜਾਂਦੀ ਹੈ ਕਿ ਯੂਪੀਐੱਸਸੀ ਵਿੱਚ ਸਿਲੈਕਸ਼ਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਜੇ ਤੁਸੀਂ ਸਿੱਧੇ-ਸਿੱਧੇ ਮੌਜੂਦ ਆਕੜਿਆਂ ਉੱਤੇ ਜਾਓਗੇ ਕਿ ਹਰ ਸਾਲ 10-12 ਲੱਖ ਉਮੀਦਵਾਰ ਫਾਰਮ ਭਰਦੇ ਹਨ, 4-5 ਲੱਖ ਇਮਤਿਹਾਨ ਦਿੰਦੇ ਹਨ ਤੇ 900-1000 ਉਮੀਦਵਾਰ ਹੀ ਸਫਲ ਹੁੰਦੇ ਹਨ, ਤਾਂ ਤੁਹਾਡਾ ਇਹ ਸੋਚਣਾ ਸੌ ਫੀਸਦੀ ਸਹੀ ਹੋਵੇਗਾ। ਪਰ ਜ਼ਰੂਰੀ ਨਹੀਂ ਕਿ ਹਰ ਵਾਰ ਜੋ ਦਿੱਸਦਾ ਹੈ ਉਹ ਹੀ ਸੱਚ ਹੋਵੇ। ਅਸਲ ਸੱਚ ਜਾਣਨਾ ਜ਼ਰੂਰੀ ਹੈ ਤਾਂ ਜੋ ਤੁਹਾਡਾ ਦਿਲ ਤੇ ਦਿਮਾਗ਼ ਗ਼ੈਰ-ਜ਼ਰੂਰੀ ਖੌਫ ਤੋਂ ਮੁਕਤ ਹੋ ਸਕੇ। ਇਮਤਿਹਾਨ ਦੇਣ ਵਾਲੇ ਚਾਰ ਪੰਜ ਲੱਖ ਉਮੀਦਵਾਰਾਂ ‘ਚੋਂ ਸਿਰਫ 40-50 ਫੀਸਦੀ ਹੀ ਅਜਿਹੇ ਹੁੰਦੇ ਹਨ ਜੋ ਇਮਤਿਹਾਨ ਬਾਰੇ ਗੰਭੀਰ ਹੁੰਦੇ ਹਨ। ਇਨ੍ਹਾਂ ‘ਚ ਵੱਡੀ ਗਿਣਤੀ ਅਜਿਹੇ ਉਮੀਦਵਾਰਾਂ ਦੀ ਹੁੰਦੀ ਹੈ, ਜੋ ਬਨਿਾਂ ਤਿਆਰੀ ਦੇ ਸਿਰਫ ਅਨੁਭਵ ਲੈਣ ਲਈ ਪ੍ਰੀਖਿਆ ‘ਚ ਬੈਠ ਜਾਂਦੇ ਹਨ।
ਦੂਜੀ ਆਮ ਗੱਲ ਜੋ ਬਜ਼ਾਰ ‘ਚ ਹਮੇਸ਼ਾ ਸੁਣਨ ਨੂੰ ਮਿਲ ਜਾਂਦੀ ਹੈ ਕਿ ਸਿਵਲ ਸਰਵਿਸਿਜ਼ ਦਾ ਇਮਤਿਹਾਨ ਸਿਰੇ ਦਾ ਔਖਾ ਹੁੰਦਾ, ਇਸ ਦੇ ਲਈ ਖੂਬ ਮਿਹਨਤ ਕਰਨੀ ਪੈਂਦੀ ਹੈ ਜਾਂ ਇਮਤਿਹਾਨ ਪਾਸ ਕਰਨ ਲਈ ਅੰਗਰੇਜ਼ੀ ਉੱਤੇ ਕਮਾਲ ਦੀ ਪਕੜ ਹੋਣਾ ਜ਼ਰੂਰੀ ਹੁੰਦਾ ਹੈ। ਜੇ ਔਖਿਆਈ ਦੀ ਗੱਲ ਕਰੀਏ ਤਾਂ ਇਸਦੇ ਕਈ ਸਾਰੇ ਕੋਣ ਹੋ ਸਕਦੇ ਹਨ। ਜਿਵੇਂ ਕਿ ਪੇਪਰ ਦੇਣ ਵਾਲਿਆਂ ਦੀ ਗਿਣਤੀ, ਵੱਡਾ ਸਿਲੇਬਸ ਜਾਂ ਫਿਰ ਪ੍ਰੀਖਿਆ ਦਾ ਪੱਧਰ। ਜੇ ਸਿਲੇਬਸ ਦੀ ਗੱਲ ਕਰੀਏ ਤਾਂ ਇਮਤਿਹਾਨ ਵਿੱਚ ਬੈਠਣ ਵਾਲਾ ਉਮੀਦਵਾਰ ਗਰੈਜੂਏਟ ਪਾਸ ਹੋਣਾ ਚਾਹੀਦਾ ਹੈ। ਇਸਦਾ ਅਰਥ ਸਾਫ਼ ਹੈ ਕਿ ਸਿਲੇਬਸ ਉਹ ਹੁੰਦਾ ਹੈ ਜੋ ਵਿਦਿਆਰਥੀ ਆਪਣੀ ਗਰੈਜੂਏਸ਼ਨ ਤੱਕ ਪੜ੍ਹਦਾ ਹੈ। ਪ੍ਰੀਖਿਆ ਦੇ ਪੱਧਰ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਪ੍ਰੀਖਿਆ ਦਾ ਪੱਧਰ ਇਸ ਲਈ ਉੱਚਾ ਹੈ ਕਿਉਂਕਿ ਨੌਕਰੀ ਦਾ ਪੱਧਰ ਉੱਚਾ ਹੈ। ਪ੍ਰੀਖਿਆ ‘ਚ ਜਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ ਉਹ ਇਸ ਇਮਤਿਹਾਨ ਦੇ ਪੱਧਰ ਨੂੰ ਉੱਚਾ ਬਣਾ ਦਿੰਦੇ ਹਨ। ਇਹ ਵੀ ਇਸ ਪ੍ਰੀਖਿਆ ਦੀ ਖੂਬਸੂਰਤੀ ਹੈ ਤੇ ਚੁਣੌਤੀ ਵੀ।
ਜੇ ਤੁਸੀਂ ਮਿਹਨਤ ਤੋਂ ਡਰਦੇ ਹੋ ਤਾਂ ਯਕੀਨਨ ਇਹ ਇਮਤਿਹਾਨ ਤੁਹਾਡੇ ਲਈ ਨਹੀਂ ਹੈ। ਇਸ ਗੱਲ ਦਾ ਭਾਵ ਇਹ ਬਿਲਕੁਲ ਨਹੀਂ ਕਿ ਇਸ ਲਈ ਐਨੀ ਮਿਹਨਤ ਕਰਨੀ ਪੈਂਦੀ ਹੈ ਕਿ ਅੱਖਾਂ ਉੱਤੇ ਐਨਕ ਚੜ੍ਹ ਜਾਵੇ ਜਾਂ ਤੁਹਾਨੂੰ ਘੁੰਮਣ ਫਿਰਨ ਦੀ ਫੁਰਸਤ ਹੀ ਨਾ ਮਿਲੇ। ਲਗਾਤਾਰ ਰੋਜ਼ਾਨਾ ਗੰਭੀਰ ਪੜ੍ਹਾਈ ਦੀ ਅਹਿਮੀਅਤ ਸਭ ਤੋਂ ਵੱਧ ਹੈ। ਤਿਆਰੀ ਵਿੱਚ ਇਹ ਸਿਧਾਂਤ ਵੀ ਕੰਮ ਆਉਂਦਾ ਹੈ ਉਹ ਇਹ ਕਿ ‘ਘੱਟ ਪੜ੍ਹੋ, ਪਰ ਜੋ ਵੀ ਪੜ੍ਹੋ ਉਸਨੂੰ ਪੂਰਾ ਪੜ੍ਹੋ, ਚੰਗੀ ਤਰ੍ਹਾਂ ਪੜ੍ਹੋ ਤੇ ਵਾਰ-ਵਾਰ ਪੜ੍ਹੋ’।
ਅੰਗਰੇਜ਼ੀ ਦੇ ਨਾਲ-ਨਾਲ ਸਭ ਭਾਰਤੀ ਭਾਸ਼ਾਵਾਂ ਨੂੰ ਮਾਧਿਅਮ ਦੇ ਰੂਪ ‘ਚ ਲਾਗੂ ਹੋਏ ਤੀਹ ਤੋਂ ਵੀ ਵੱਧ ਸਾਲ ਹੋ ਗਏ ਹਨ। ਹਾਲੇ ਵੀ ਉਮੀਦਵਾਰਾਂ ਦੇ ਮਨ ‘ਚ ਇਹ ਡਰ ਬਣਿਆ ਹੋਇਆ ਹੈ ਕਿ ‘ਅੰਗਰੇਜ਼ੀ ਤੋਂ ਬਨਿਾਂ ਕਿਵੇਂ ਹੋਵੇਗਾ। ਸੱਚ ਇਹ ਹੈ ਕਿ ਉਮੀਦਵਾਰ ਸੰਵਿਧਾਨ ‘ਚ ਦਰਜ 22 ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ‘ਚ ਇਮਤਿਹਾਨ ਦੇ ਸਕਦਾ ਹੈ। ਜਿਵੇਂ ਕਿ ਹੁਣ ਤੁਸੀਂ ਚਾਹੋ ਤਾਂ ਸਾਰੇ ਪੇਪਰ ਪੰਜਾਬੀ ਭਾਸ਼ਾ ਵਿੱਚ ਲਿਖ ਸਕਦੇ ਹੋ।
ਪੇਂਡੂ ਪਿਛੋਕੜ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਕਈ ਵਾਰ ਲੱਗਦਾ ਹੈ ਕਿ ਉਹ ਪਿੰਡ ਦੇ ਰਹਿਣ ਵਾਲੇ ਹਨ, ਜਾਂ ਪਿਤਾ ਮਜ਼ਦੂਰ, ਕਿਸਾਨ ਹਨ, ਉਹ ਸਮਾਰਟ ਨਹੀਂ, ਪਰਿਵਾਰ ਦੀ ਆਮਦਨ ਬਹੁਤ ਘੱਟ ਹੈ ਤੇ ਹੋਰ ਵੀ ਕਈ ਖਿਆਲ ਉਨ੍ਹਾਂ ਨੂੰ ਤੰਗ ਕਰਦੇ ਹਨ, ਤਾਂ ਦੋਸਤੇ ਇੱਕ ਗੱਲ ਚੰਗੀ ਤਰਾਂ ਜਾਣ ਲਵੋ ਤੇ ਲਿਖ ਕੇ ਰੱਖ ਲਵੋ ਕਿ ਇਹ ਪ੍ਰੀਖਿਆ ਤੁਹਾਡੇ ਲਈ ਹੀ ਹੈ। ਅਫ਼ਸਰ ਬਣ ਕੇ ਤੁਸੀਂ ਅਜਿਹੀ ਹੀ ਪਿੱਠਭੂਮੀ ਦੇ ਲੋਕਾਂ ਲਈ ਕੰਮ ਕਰਨਾ ਹੁੰਦਾ ਹੈ। ਲਾਜ਼ਮੀ ਹੈ ਅਜਿਹੇ ਲੋਕਾਂ ਦੀਆਂ ਜ਼ਰੂਰਤਾਂ, ਦੁੱਖ-ਦਰਦ ਉਹ ਵੀ ਸਮਝ ਸਕਦਾ ਹੈ ਜਿਸ ਨੇ ਆਪ ਇਹ ਸਭ ਹੰਢਾਇਆ ਹੋਵੇ। ਤੇ ਮੁੱਕਦੀ ਗੱਲ ਇਹ ਕਿ ਦੋਸਤੋ ਯੂਪੀਐੱਸਸੀ ਨੂੰ ਤੁਹਾਡੇ ਪਿਛੋਕੜ, ਚਿਹਰੇ, ਆਰਥਿਕ ਸਥਿਤੀ, ਤੁਸੀਂ ਸਰਕਾਰੀ ਸਕੂਲ ‘ਚ ਪੜ੍ਹੇ ਹੋ ਜਾਂ ਨਿੱਜੀ ‘ਚ, ਇਨ੍ਹਾਂ ਸਭ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਮਤਲਬ ਹੈ ਤਾਂ ਸਿਰਫ ਇਸ ਗੱਲ ਨਾਲ ਕਿ ਤੁਸੀਂ ਸਿਵਲ ਸਰਵਿਸਿਜ਼ ਦੇ ਅਧਿਕਾਰੀ ਬਣਨ ਲਈ ਨਿਰਧਾਰਤ ਯੋਗਤਾ ਨੂੰ ਪੂਰਾ ਕਰ ਲਿਆ ਹੈ?
ਸੰਪਰਕ: 73407-80291

Advertisement

Advertisement
Tags :
ਇਮਤਿਹਾਨਸਰਵਿਸਿਜ਼ਸਿਵਲਜੁੜੀਆਂਧਾਰਨਾਵਾਂ