For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਨਿਆਂ ਦੀ ਧਾਰਨਾ ਅਤੇ ਬੁਲਡੋਜ਼ਰੀ ਨਿਆਂ

12:06 PM Oct 12, 2024 IST
ਜਮਹੂਰੀ ਨਿਆਂ ਦੀ ਧਾਰਨਾ ਅਤੇ ਬੁਲਡੋਜ਼ਰੀ ਨਿਆਂ
Advertisement

ਕੁਲਦੀਪ ਸਿੰਘ ਦੀਪ (ਡਾ.)

ਕਿਹਾ ਜਾਂਦਾ ਹੈ ਕਿ ਹਰ ਸੰਤ ਦਾ ਅਤੀਤ ਹੁੰਦਾ ਹੈ ਅਤੇ ਹਰ ਪਾਪੀ ਦਾ ਭਵਿੱਖ। ਇਸ ਧਾਰਨਾ ਦੇ ਬਹੁਤ ਡੂੰਘੇ ਅਰਥ ਹਨ। ਇਸ ਧਾਰਨਾ ਦਾ ਇਕ ਸਿਰਾ ਗੁਨਾਹ ਨਾਲ ਜੁੜਦਾ ਹੈ ਅਤੇ ਦੂਜਾ ਨਿਆਂ ਨਾਲ। ਸਾਡਾ ਸਮਾਜ ਇਸ ਧਾਰਨਾ ਦੇ ਪਹਿਲੇ ਹਿੱਸੇ ਨੂੰ ਤਾਂ ਮਾਨਤਾ ਦੇ ਦਿੰਦਾ ਹੈ ਪਰ ਇਸ ਧਾਰਨਾ ਦੇ ਦੂਜੇ ਹਿੱਸੇ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਇਸ ਸੰਕਲਪ ਨੂੰ ਗੁਨਾਹ, ਸਜ਼ਾ ਅਤੇ ਨਿਆਂ ਦੇ ਵਡੇਰੇ ਪ੍ਰਸੰਗ ਵਿਚ ਸਮਝਣਾ ਜ਼ਰੂਰੀ ਹੈ। ਅਸਲ ਵਿਚ ਕੋਈ ਵੀ ਮਨੁੱਖ ਨਾ ਜਮਾਂਦਰੂ ਤੌਰ ’ਤੇ ਸੰਤ ਹੁੰਦਾ ਹੈ ਅਤੇ ਨਾ ਹੀ ਪਾਪੀ। ਹਾਲਾਤ ਹੀ ਉਸ ਨੂੰ ਪਾਪੀ ਜਾਂ ਸੰਤ ਬਣਨ ਵਾਲੇ ਪਾਸੇ ਲੈ ਕੇ ਜਾਂਦੇ ਹਨ ਅਤੇ ਹਾਲਾਤ ਬਦਲਣ ਨਾਲ ਮਨੁੱਖੀ ਹਾਲਤ ਬਦਲਣ ਦੀਆਂ ਸੰਭਾਵਨਾਵਾਂ ਵੀ ਬਣ ਜਾਂਦੀਆਂ ਹਨ। ਜਦ ਜੰਗਲ ਵਿਚ ਭੌਂਦੇ ਅੰਗੂਲੀਮਾਲ ਨੂੰ ਕੋਈ ਬੁੱਧ ਮਿਲ ਜਾਂਦਾ ਹੈ ਤਾਂ ਉਹ ਗੁਨਾਹਾਂ ਤੋਂ ਤੌਬਾ ਕਰ ਕੇ ਸ਼ਰੀਫ਼ ਇਨਸਾਨ ਬਣ ਜਾਂਦਾ ਹੈ। ਜਦ ਕਿਸੇ ਮਾਧੋ ਦਾਸ ਨੂੰ ਗੁਰੂ ਗੋਬਿੰਦ ਸਿੰਘ ਜਿਹਾ ਫਿਲਾਸਫਰ ਮਿਲਦਾ ਹੈ ਤਾਂ ਉਹ ਮਾਧੋ ਦਾਸ ਤੋਂ ‘ਬੰਦਾ’ ਬਣ ਜਾਂਦਾ ਹੈ। ਇਸ ਕਰ ਕੇ ਸਜ਼ਾ ਅਤੇ ਨਿਆਂ ਦਾ ਸੰਕਲਪ ਤੈਅ ਕਰਨ ਸਮੇਂ ਇਹ ਧਾਰਨਾ ਬਹੁਤ ਮਹੱਤਵਪੂਰਨ ਹੈ।
ਮਨੁੱਖੀ ਸਮਾਜ ਤੋਂ ਪਹਿਲਾਂ ਵਾਲੇ ਕੁਦਰਤੀ ਸਮਾਜ ਵਿਚ ‘ਮੱਛ ਨਿਆਂ’ ਦੀ ਧਾਰਨਾ ਪ੍ਰਚਲਿਤ ਸੀ ਜਿਸ ਅਨੁਸਾਰ ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲ ਜਾਂਦੀ ਹੈ; ਭਾਵ, ਤਾਕਤਵਰ ਜਿਊਂਦੇ ਰਹਿ ਜਾਂਦੇ ਹਨ ਅਤੇ ਕਮਜ਼ੋਰਾਂ ਦੀ ਬਲੀ ਲੈ ਲਈ ਜਾਂਦੀ ਹੈ। ਮੁਢਲੇ ਮਨੁੱਖੀ ਸਮਾਜ ਵਿਚ ਵੀ ਇਹ ‘ਮੱਛ ਨਿਆਂ’ ਵਾਲਾ ਵਰਤਾਰਾ ਚਲਦਾ ਰਿਹਾ। ਇਸ ਤੋਂ ਬਾਅਦ ਜਗੀਰਦਾਰੀ ਦੌਰ ਵਿਚ ਸਜ਼ਾ ਅਤੇ ਨਿਆਂ ਦਾ ਸੰਕਲਪ ਬਦਲ ਕੇ ‘ਬਦਲਾ ਲਉ’ ਬਣ ਗਿਆ ਜਿਸ ਦੇ ਤਹਿਤ ‘ਮੌਤ ਦੇ ਬਦਲੇ ਮੌਤ’, ‘ਖੂਨ ਦੇ ਬਦਲੇ ਖੂਨ’ ਅਤੇ ‘ਰੇਪ ਦੇ ਬਦਲੇ ਰੇਪ’ ਵਰਗੀਆਂ ਧਾਰਨਾਵਾਂ ਪ੍ਰਚਲਿਤ ਰਹੀਆਂ। ਮੱਧਕਾਲ ਵਿਚ ਰਾਜਿਆਂ ਮਹਾਰਾਜਿਆਂ ਨੇ ‘ਸਬਕ ਸਿਖਾਉਣ’ ਦੇ ਫ਼ਲਸਫੇ ਤਹਿਤ ਦਰਿੰਦਗੀ ਭਰਪੂਰ ਸਜ਼ਾ ਦਾ ਸੰਕਲਪ ਲਿਆਂਦਾ ਜਿਸ ਰਾਹੀਂ ਜਨਤਕ ਸਜ਼ਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ। ਚੁਰਸਤੇ ਵਿਚ ਖੜ੍ਹਾ ਕਰ ਕੇ ਗੋਲੀ ਮਾਰਨਾ, ਧਰਤੀ ਵਿਚ ਗੱਡ ਦੇਣਾ, ਖੂੰਖਾਰ ਜਾਨਵਰਾਂ ਹਵਾਲੇ ਕਰ ਦੇਣਾ, ਔਰਤਾਂ ਨੂੰ ਨੰਗਾ ਕਰ ਕੇ ਘੁਮਾਉਣਾ, ਬਲਾਤਕਾਰ ਕਰਨਾ, ਚਰਖੜੀਆਂ ’ਤੇ ਚੜ੍ਹਾਉਣਾ, ਅੰਗ-ਅੰਗ ਕੱਟਣਾ, ਖੱਲਾਂ ਉਤਾਰਨਾ, ਨਹੁੰ ਨੋਚ ਲੈਣਾ ਆਦਿ ਦਰਿੰਦਗੀ ਭਰਪੂਰ ਉਦਾਹਰਨਾਂ ਨਾਲ ਇਤਿਹਾਸ ਭਰਿਆ ਪਿਆ ਹੈ।
ਹੁਣ ਜਦ ਅਸੀਂ 21ਵੀਂ ਦੇ ਸਦੀ ਦੇ ਸੱਭਿਅਕ ਅਤੇ ਜਮਹੂਰੀ ਸਮਾਜ ਦੇ ਬਾਸ਼ਿੰਦੇ ਹਾਂ ਤਾਂ ਨਿਆਂ ਦੀਆਂ ਇਹ ਧਾਰਨਾਵਾਂ ਬਦਲ ਰਹੀਆਂ ਹਨ। ਹੁਣ ਸਜ਼ਾ ਅਤੇ ਨਿਆਂ ਦਾ ਉਦੇਸ਼ ‘ਸੁਧਾਰਕ’ ਹੋ ਗਿਆ ਜਿਸ ਵਿਚ ਕਿਸੇ ਅਪਰਾਧੀ ਨੂੰ ਇੰਨੀ ਕੁ ਸਜ਼ਾ ਦੇਣਾ ਸ਼ਾਮਿਲ ਹੈ ਜਿਸ ਨਾਲ ਉਹ ਗੁਨਾਹ ਦਾ ਅਹਿਸਾਸ ਕਰ ਕੇ ਮੁੜ ਆਮ ਜ਼ਿੰਦਗੀ ਜੀਅ ਸਕੇ। ਇਸ ਲਈ ਪੁਰਾਤਨ ਕਾਲ ਕੋਠੜੀਆਂ, ਕਤਲਗਾਹਾਂ, ਸਲੀਬਾਂ, ਚਰਖੜੀਆਂ, ਗੈਸ ਚੈਂਬਰਾਂ ਅਤੇ ਤਸੀਹਾ ਕੇਂਦਰਾਂ ਵਰਗੀਆਂ ਸਾਰੀਆਂ ਸਜ਼ਾਵਾਂ ਦੇ ਮੁਕਾਬਲੇ ਵਰਤਮਾਨ ਅਦਾਲਤਾਂ ਅਤੇ ਜੇਲ੍ਹ ਪ੍ਰਬੰਧ ਹੋਂਦ ਵਿਚ ਆਇਆ। ਇਸ ਵਿਚ ਸਜ਼ਾ ਮੁਕੱਰਰ ਕਰਨ ਤੋਂ ਪਹਿਲਾਂ ਗੁਨਾਹ ਸਿੱਧ ਕਰਨਾ ਜ਼ਰੂਰੀ ਹੈ। ਦੋਸ਼ ਲੱਗਣ ਤਕ ਕੋਈ ਬੰਦਾ ਅਪਰਾਧੀ ਨਹੀਂ ਮੰਨਿਆ ਜਾਂਦਾ। ਦੋਸ਼ ਸਿੱਧ ਹੋਣ ਤੋਂ ਬਾਅਦ ਹੀ ਉਸ ਨੂੰ ਗੁਨਾਹਗਾਰ ਤਸਲੀਮ ਕੀਤਾ ਜਾਂਦਾ ਹੈ।
ਬੁਲਡੋਜ਼ਰੀ ਨਿਆਂ ਸਜ਼ਾ ਅਤੇ ਨਿਆਂ ਦੀ ਉਪਰੋਕਤ ਧਾਰਨਾ ਦਾ ਮਖੌਲ ਉਡਾਉਂਦਾ ਹੈ। ਇਹ ਸਮਾਜ ਨੂੰ ਮੁੜ ਜਗੀਰੂ ਦੌਰ ਦੇ ਉਸ ਧੌਂਸਵਾਦੀ ਮਾਡਲ ਵੱਲ ਲੈ ਕੇ ਜਾਂਦਾ ਹੈ ਜਿੱਥੇ ਰਾਜਿਆਂ ਤੇ ਜਗੀਰਦਾਰਾਂ ਦੇ ਮੂੰਹ ’ਚੋਂ ਨਿਕਲਿਆ ਸ਼ਬਦ ਹੀ ਕਾਨੂੰਨ ਹੁੰਦਾ ਸੀ ਅਤੇ ਉਹਨਾਂ ਵੱਲੋਂ ਤੈਅ ਕੀਤਾ ਗੁਨਾਹ ਅਤੇ ਸਜ਼ਾ ਹੀ ਅੰਤਿਮ ਹੁੰਦਾ ਸੀ। ਉਸ ਦੇ ਖਿਲਾਫ਼ ਕੋਈ ਅਪੀਲ ਅਤੇ ਦਲੀਲ ਨਹੀਂ ਸੀ। ਸਜ਼ਾ ਦਾ ਇਹ ਮਾਡਲ ‘ਸੁਧਾਰ’ ਦੀ ਧਾਰਨਾ ’ਤੇ ਨਹੀਂ ਬਲਕਿ ਬਦਲੇ ਅਤੇ ਦਰਿੰਦਗੀ ਦੀ ਧਾਰਨਾ ਉੱਪਰ ਟਿੱਕਿਆ ਹੋਇਆ ਹੈ। ਭਾਰਤ ਦੇ ਕਈ ਰਾਜਾਂ ਵਿਚ ਇਹ ਬੁਲਡੋਜ਼ਰੀ ਨਿਆਂ ਇਸ ਵੇਲੇ ਸੱਤਾ ਦੀ ਇਸੇ ਤਰ੍ਹਾਂ ਦੀ ਸੀਨਾਜ਼ੋਰੀ ਦਾ ਪ੍ਰਤੀਕ ਬਣ ਚੁੱਕਿਆ ਹੈ। ਬੁਲਡੋਜ਼ਰੀ ਨਿਆਂ ਦੇ ਬਿਰਤਾਂਤ ਨੂੰ ਇੰਨੇ ਸ਼ਾਤਿਰਾਨਾ ਤਰੀਕੇ ਨਾਲ ਘੜਿਆ ਅਤੇ ਸਥਾਪਤ ਕੀਤਾ ਗਿਆ ਕਿ ਇਸ ਨੂੰ ਵਿਸ਼ੇਸ਼ ਬਹੁਗਿਣਤੀ ਵਰਗ ਅਤੇ ਕੁਝ ਆਮ ਲੋਕਾਂ ਦੀ ਪ੍ਰਵਾਨਗੀ ਮਿਲਦੀ ਵੀ ਦਿਖਾਈ ਦੇ ਰਹੀ ਹੈ। ਅਸਲ ਵਿਚ ਭਾਰਤੀ ਸਮਾਜ ਅਜੇ ਤਕ ਪੂਰੀ ਤਰ੍ਹਾਂ ਜਗੀਰੂ ਮਾਨਸਿਕਤਾ ਵਿੱਚੋਂ ਨਿਕਲ ਨਹੀਂ ਸਕਿਆ। ਅਜੇ ਵੀ ਜਮਹੂਰੀਅਤ ਸਾਡੇ ਸੁਭਾਅ ਦਾ ਹਿੱਸਾ ਨਹੀਂ ਬਣ ਸਕੀ। ਇਸੇ ਲਈ ਸਾਡਾ ਬਹੁਤਾ ਸਮਾਜ ਅਜੇ ਵੀ ‘ਖੂਨ ਦਾ ਬਦਲਾ ਖੂਨ’, ‘ਮੌਕੇ ’ਤੇ ਨਿਆਂ’ ਅਤੇ ‘ਦਰਿੰਦਗੀ ਪੂਰਨ ਨਿਆਂ’ ਵਿਚ ਬਹੁਤਾ ਯਕੀਨ ਰੱਖਦਾ ਹੈ ਅਤੇ ਮੌਕਾ ਮਿਲਦੇ ਹੀ ਕਿਸੇ ਵੀ ਅਦਾਲਤ ਵਿਚ ਜਾਣ ਦੀ ਬਜਾਇ ‘ਮੌਕੇ ’ਤੇ ਨਿਬੇੜਾ’ ਕਰਨ ਦੇ ਰਾਹ ਤੁਰਦਾ ਹੈ। ਸਾਡੇ ਇਸ ਸੁਭਾਅ ਵਿੱਚੋਂ ਹੀ ‘ਮੌਬ ਲਿੰਚਿੰਗ’ ਪੈਦਾ ਹੁੰਦੀਆਂ ਹਨ। ਆਧਾਰ ਚਾਹੇ ਕੋਈ ਵੀ ਹੋਵੇ, ਮੌਕੇ ’ਤੇ ਕੀਤਾ ਗਿਆ ਦਰਿੰਦਗੀ ਭਰਪੂਰ ਨਿਆਂ ‘ਜੰਗਲੀ ਨਿਆਂ’ ਹੀ ਹੁੰਦਾ ਹੈ। ‘ਆਨਰ ਕਿਲਿੰਗ’ ਅਤੇ ਬਦਲਾ ਲੈਣ ਲਈ ਕੀਤੇ ਗਏ ਰੇਪ ਵਰਗੀਆਂ ਧਾਰਨਾਵਾਂ ਇਸੇ ਪਿੱਠਭੂਮੀ ਵਿੱਚੋਂ ਪੈਦਾ ਹੁੰਦੀਆਂ ਹਨ।
ਵਿਅਕਤੀਗਤ ਪੱਧਰ ’ਤੇ ਇਹ ਜਗੀਰੂ ਵਰਤਾਰਾ ਸਦੀਆਂ ਤੋਂ ਚੱਲ ਰਿਹਾ ਹੈ। ਸੰਤਾਲੀ ਦੇ ਦੰਗਿਆਂ ਤੋਂ ਚੁਰਾਸੀ ਤੱਕ, ਮਣੀਪੁਰ ਵਿਚ ਔਰਤਾਂ ਨੂੰ ਨੰਗੇ ਘੁਮਾਉਣ ਤੋਂ ਪੱਛਮੀ ਬੰਗਾਲ ਦੀ ਡਾਕਟਰ ਨਾਲ ਹੋਏ ਦਰਿੰਦਗੀ ਭਰਪੂਰ ਰੇਪ ਤੱਕ, ਲਖੀਮਪੁਰ ਖੀਰੀ ਵਿਚ ਕਿਸਾਨਾਂ ਉੱਪਰ ਗੱਡੀ ਚੜ੍ਹਾ ਕੇ ਮਾਰਨ ਤੋਂ ਲੈ ਕੇ ਦਿੱਲੀ ਕਿਸਾਨ ਸੰਘਰਸ਼ ਦੌਰਾਨ ਨਿਹੰਗਾਂ ਦੁਆਰਾ ਕਿਸੇ ਬੰਦੇ ਨੂੰ ਵੱਢ ਦੇਣ ਤੱਕ ਅਤੇ ਹਰਿਆਣਾ ਤੇ ਯੂਪੀ ਆਦਿ ਵਿਚ ਹੋਈਆਂ ਮੌਬ ਲਿੰਚਿੰਗਾਂ ਤੱਕ ਹਜ਼ਾਰਾਂ ਲੱਖਾਂ ਘਟਨਾਵਾਂ ਇਸ ਦਾ ਗਵਾਹ ਹਨ। ਇਹਨਾਂ ਘਟਨਾਵਾਂ ਦੇ ਪਿੱਛੇ ਵੀ ਅਸਿੱਧੇ ਢੰਗ ਨਾਲ ਮੌਕੇ ਦੀ ਸੱਤਾ ਦੀ ਸ਼ਹਿ ਜਾਂ ਸਹਿਮਤੀ ਜਾਂ ਇੱਛਾ ਸ਼ਾਮਿਲ ਹੁੰਦੀ ਹੈ ਪਰ ਇਸ ਵਰਤਾਰੇ ਦਾ ਸਿਖਰ ਉਦੋਂ ਆਉਂਦਾ ਹੈ ਜਦ ਲੋਕਾਂ ਵਿਚ ਪਈ ਜਗੀਰੂ ਨਿਆਂ ਦੀ ਧਾਰਨਾ ਨੂੰ ਆਧਾਰ ਬਣਾ ਕੇ ਸੱਤਾ ਸਿੱਧੇ ਤੌਰ ’ਤੇ ਇਸ ਰਾਹ ਤੁਰਦੀ ਹੈ। ‘ਐਨਕਾਉਂਟਰੀ ਨਿਆਂ’ ਅਤੇ ‘ਬੁਲਡੋਜ਼ਰੀ ਨਿਆਂ’ ਗੁਨਾਹ ਨੂੰ ਦੋਸ਼ ਲਾਉਣ ਅਤੇ ਸਜ਼ਾ ਦੇਣ ਦਾ ਅਜਿਹਾ ਹੀ ਜਗੀਰੂ ਮਾਡਲ ਹੈ ਜਿਸ ਨੂੰ ਭਾਜਪਾ ਸ਼ਾਸਿਤ ਰਾਜਾਂ ਵਿਚ ਪਿਛਲੇ ਕਈ ਸਾਲਾਂ ਤੋਂ ਸ਼ਾਨੋ-ਸ਼ੌਕਤ ਨਾਲ ਨਾ ਕੇਵਲ ਚਲਾਇਆ ਜਾ ਰਿਹਾ ਹੈ ਸਗੋਂ ਵਡਿਆਇਆ ਜਾ ਰਿਹਾ ਹੈ ਅਤੇ ਇਸ ਨੂੰ ‘ਬੁਲਡੋਜ਼ਰ ਬਾਬਾ’ ਆਖ ਕੇ ਸਿਰ ਚੜ੍ਹਾਇਆ ਜਾ ਰਿਹਾ ਹੈ।
ਇਸ ਬੁਲਡੋਜ਼ਰੀ ਨਿਆਂ ਤਹਿਤ ਜਿਸ ਕਿਸੇ ’ਤੇ ਵੀ ਕੋਈ ਇਲਜ਼ਾਮ ਲੱਗਦਾ ਹੈ ਤਾਂ ਝੱਟ ਐੱਫਆਈਆਰ ਹੁੰਦੀ ਹੈ, ਤੁਰੰਤ ਬਿਨਾਂ ਕੋਈ ਨੋਟਿਸ ਦਿੱਤੇ ਲੋਹੇ ਦਾ ਬੁਲਡੋਜ਼ਰੀ ਪੰਜਾ ਉਸ ਦੇ ਘਰ ’ਤੇ ਚਲਾ ਕੇ ਪਲਾਂ-ਛਿਣਾਂ ਵਿਚ ਉਸ ਦਾ ਰੈਣ ਬਸੇਰਾ ਜਾਂ ਕਾਰੋਬਾਰ ਤਹਿਸ ਨਹਿਸ ਕਰ ਦਿੱਤਾ ਜਾਂਦਾ ਹੈ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਫੁੱਟਪਾਥ ’ਤੇ ਰਹਿਣ ਲਈ ਬੇਵਸ ਕਰ ਦਿੱਤਾ ਜਾਂਦਾ ਹੈ। ਹੋਰ ਵੀ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਇਹ ਬੁਲਡੋਜ਼ਰੀ ਪੰਜਾ ਖਾਸ ਤੌਰ ’ਤੇ ਇਕ ਘੱਟਗਿਣਤੀ ਵਰਗ ਦੇ ਲੋਕਾਂ ਉੱਪਰ ਦਹਿਸ਼ਤ ਪਾਉਣ ਲਈ ਵਰਤਿਆ ਜਾ ਰਿਹਾ ਹੈ। ਹੁਣ ਜਦ ਇਸ ਦੀ ਇੰਤਹਾ ਹੋ ਗਈ ਅਤੇ ਥਾਂ-ਥਾਂ ਇਹ ਬੁਲਡੋਜ਼ਰੀ ਨਿਆਂ ਦੇ ਤਹਿਤ ਜਮਹੂਰੀ ਨਿਆਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਇਹ ਵਰਤਾਰਾ ਇਕ ਰਾਜ ਵਿਚ ਨਾ ਰਹਿ ਕੇ ਇੱਕ ਸੋਚ ਵਾਲੀਆਂ ਸਾਰੀਆਂ ਸਰਕਾਰਾਂ ਦੇ ਰਾਜ ਤਕ ਫੈਲ ਗਿਆ ਤਾਂ ਪਿਛਲੇ ਦਿਨਾਂ ਵਿਚ ਸੁਪਰੀਮ ਕੋਰਟ ਨੇ ਇਸ ਵਰਤਾਰੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸ ’ਤੇ ਰੋਕ ਲਗਾਈ ਹੈ ਅਤੇ ਵਿਸਥਾਰਤ ਦਿਸ਼ਾ ਨਿਰਦੇਸ਼ ਤੈਅ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ।
ਸੁਪਰੀਮ ਕੋਰਟ ਦੇ ਜੱਜ ਕੇ ਵਿਸ਼ਵਨਾਥਨ ਨਾਲ ਬੈਂਚ ਦੀ ਅਗਵਾਈ ਕਰ ਰਹੇ ਜੱਜ ਬੀਆਰ ਗਵਈ ਨੇ ਇਸ ਪ੍ਰਸੰਗ ਵਿਚ ਜੋ ਟਿੱਪਣੀਆਂ ਕੀਤੀਆਂ ਹਨ, ਉਹ ਅੱਖਾਂ ਖੋਲ੍ਹਣ ਵਾਲੀਆਂ ਹਨ। ਉਹਨਾਂ ਕਿਹਾ ਕਿ ਨਿਆਂਪਾਲਿਕਾ ਉਸ ਸਿਆਸੀ ਪ੍ਰਤੀਕਵਾਦ ਤੋਂ ਅਣਜਾਣ ਨਹੀਂ ਹੋ ਸਕਦੀ ਜਿਸ ਸਿਆਸਤ ਨੇ ਬੁਲਡੋਜ਼ਰ ਨੂੰ ਉਹਨਾਂ ਲੋਕਾਂ ਦੇ ਖਿਲਾਫ਼ ਸਮੂਹਿਕ ਸਜ਼ਾ ਦੇ ਸਾਧਨ ਦੇ ਰੂਪ ਵਿਚ ਵਰਤਿਆ ਹੈ ਜਿਨ੍ਹਾਂ ਨੂੰ ਉਹਨਾਂ ਦੇ ਅਧਿਕਾਰੀਆਂ ਨੇ ‘ਦੰਗਈ’ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਇਹੋ ਜਿਹੇ ਕਈ ਉਦਾਹਰਨ ਹਨ ਜਦ ਨਾਮਜ਼ਦ ਸ਼ੱਕੀਆਂ ਦੇ ਘਰਾਂ ਨੂੰ ਇਸ ਤੱਥ ਦੀ ਪ੍ਰਵਾਹ ਕੀਤੇ ਬਗੈਰ ਢਹਿ ਢੇਰੀ ਕਰ ਦਿੱਤਾ ਗਿਆ ਕਿ ਉਸ ਘਰ ਦੇ ਬਾਕੀ ਜੀਆਂ ਦਾ ਉਸ ਗੁਨਾਹ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਕਈ ਮਾਮਲੇ ਤਾਂ ਅਜਿਹੇ ਸਾਹਮਣੇ ਆਏ ਹਨ ਕਿ ਦੋਸ਼ੀ ਮੰਨ ਲਏ ਗਏ ਬੰਦੇ ਨੂੰ ਪਿਛਲੀਆਂ ਤਾਰੀਖਾਂ ਵਿਚ ਬੇਦਖਲੀ ਨੋਟਿਸ ਜਾਰੀ ਕੀਤੇ ਗਏ ਅਤੇ ਬੁਲਡੋਜ਼ਰ ਨਾਲ ਘਰ ਢਾਹੁਣ ਤੋਂ ਬਾਅਦ ਬੇਘਰੇ ਹੋਏ ਲੋਕਾਂ ਦੀ ਦੁਰਦਸ਼ਾ ’ਤੇ ਸਪਸ਼ਟ ਰੂਪ ਵਿਚ ਮਾਣ ਮਹਿਸੂਸ ਕੀਤਾ ਗਿਆ।
ਕਿਹਾ ਇਹ ਜਾ ਰਿਹਾ ਹੈ ਕਿ ਸਿਰਫ਼ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਇੱਥੇ ਦੋ ਧਾਰਨਾਵਾਂ ਨੂੰ ਜਾਣ ਬੁੱਝ ਕੇ ਰਲਗਡ ਕੀਤਾ ਜਾ ਰਿਹਾ ਹੈ। ਕਿਸੇ ਗ਼ੈਰ-ਕਾਨੂੰਨੀ ਗਤੀਵਿਧੀ ਵਿਚ ਫੜੇ ਸ਼ੱਕੀ ਸ਼ਖ਼ਸ ਨੂੰ ਸਜ਼ਾ ਦੇਣਾ ਅਤੇ ਕਿਸੇ ਥਾਂ ’ਤੇ ਨਾਜਾਇਜ਼ ਉਸਾਰੀ ਕਰਨਾ ਦੋ ਵੱਖ-ਵੱਖ ਚੀਜ਼ਾਂ ਹਨ। ਅਸਲ ਵਿਚ ਸੱਤਾ ਨਾਜਾਇਜ਼ ਉਸਾਰੀ ਢਾਹੁਣ ਦੇ ਨਾਮ ਹੇਠ ਕੁਝ ਵਿਸ਼ੇਸ਼ ਲੋਕਾਂ ਨੂੰ ਬੇਘਰੇ ਕਰ ਕੇ ਆਪਣੇ ਫਿਰਕਾਪ੍ਰਸਤ ਚਿਹਰੇ ਨੂੰ ਛੁਪਾਉਣ ਦਾ ਕਾਰਜ ਕਰ ਰਹੀ ਹੈ। ਜੱਜ ਬੀਆਰ ਗਵਈ ਨੇ ਮੁੱਦੇ ਦੀ ਗੰਭੀਰਤਾ ਦਾ ਜਿ਼ਕਰ ਕਰਦਿਆਂ ਕਿਹਾ ਕਿ ਜੇ ਬੰਦੇ ਨੂੰ ਦੋਸ਼ੀ ਵੀ ਠਹਿਰਾਇਆ ਜਾਂਦਾ ਹੈ ਤਾਂ ਵੀ ਉਸ ਦਾ ਘਰ ਨਹੀਂ ਢਾਹਿਆ ਜਾ ਸਕਦਾ। ਅਦਾਲਤ ਨੇ ਇੱਥੋਂ ਤੱਕ ਕਿਹਾ: ‘ਭਾਵੇਂ ਕਿਸੇ ਪਿਤਾ ਦਾ ਪੁੱਤਰ ਅਪਰਾਧੀ ਹੋਵੇ, ਇਸ ਦਾ ਮਤਲਬ ਇਹ ਨਹੀਂ ਕਿ ਅਧਿਕਾਰੀ ਪੂਰੇ ਪਰਿਵਾਰ ਨੂੰ ਸਜ਼ਾ ਦੇ ਕੇ ਉਸ ਦੀ ਛੱਤ ਖੋਹ ਲੈਣ।’ ਜੱਜ ਨੇ ਇਹ ਵੀ ਕਿਹਾ ਕਿ ਅਗਰ ਕਿਸੇ ਮੁਲਜ਼ਮ ਦਾ ਘਰ ਢਾਹਿਆ ਤਾਂ ਉਸ ਦੀ ਮੁੜ ਉਸਾਰੀ ਕਰਨੀ ਪਾਏਗੀ ਅਤੇ ਮੁਆਵਜ਼ਾ ਦੇਣਾ ਪਏਗਾ।
ਇੱਥੇ ਇਹ ਮਹੀਨ ਗੱਲ ਸਮਝਣੀ ਜ਼ਰੂਰੀ ਹੈ ਕਿ ਨਾਜਾਇਜ਼ ਉਸਾਰੀ ਢਾਹੁਣਾ ਵੱਖਰੀ ਗੱਲ ਹੈ ਅਤੇ ਕਿਸੇ ਹੋਰ ਗੁਨਾਹ ਦੀ ਸਜ਼ਾ ਵਜੋਂ ਕਿਸੇ ਦੇ ਘਰ ਨੂੰ ਨਾਜਾਇਜ਼ ਐਲਾਨ ਕੇ ਢਾਹੁਣਾ ਬਿਲਕੁਲ ਵੱਖਰੀ ਗੱਲ ਹੈ। ਇਸ ਮਸਲਾ ‘ਪਿੱਕ ਐਂਡ ਹਿੱਟ’ ਦਾ ਮਸਲਾ ਹੈ। ‘ਜੋ ਸੱਤਾ ਨੂੰ ਪਸੰਦ ਨਹੀਂ’, ਉਹਨਾਂ ਦੇ ਘਰਾਂ ਨੂੰ ਨਾਜਾਇਜ਼ ਉਸਾਰੀਆਂ ਦੀ ਐਨਕ ਨਾਲ ਦੇਖਣਾ, ਜਾਂਚ ਪੜਤਾਲ ਕਰਨਾ ਤੇ ਢਾਹ ਦੇਣਾ ਪਰ ‘ਜੋ ਸੱਤਾ ਨੂੰ ਪਸੰਦ ਹੈ’, ਉਹ ਉਸ ਦੀ ਨੱਕ ਥੱਲੇ ਜਿਵੇਂ ਮਰਜ਼ੀ ਮੌਲਦਾ-ਫੈਲਦਾ ਰਹੇ।
ਬੁਲਡੋਜ਼ਰ ਦੇ ਪਿਛੋਕੜ ਵਿਚ ਜਾਈਏ ਤਾਂ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਦੇ ਦੋ ਕਿਸਾਨਾਂ ਜੇਮਜ਼ ਕਮਿੰਗਜ਼ ਅਤੇ ਜੇ ਅਰਲ ਮੈਕਲਿਓਡ ਨੇ ਜਦ 1923 ਵਿਚ ਪਹਿਲੀ ਵਾਰ ਬੁਲਡੋਜ਼ਰ ਨਾਂ ਦੀ ਮਸ਼ੀਨ ਦਾ ਨਿਰਮਾਣ ਕੀਤਾ ਸੀ ਤਾਂ ਸੋਚਿਆ ਵੀ ਨਹੀਂ ਹੋਣਾ ਕਿ ਉਹਨਾਂ ਦੁਆਰਾ ਬਣਾਈ ਇਹ ਮਸ਼ੀਨ ਸੱਤਾ ਦੀ ਦਰਿੰਦਗੀ ਦਾ ਹਥਿਆਰ ਬਣ ਜਾਏਗੀ। ਸ਼ੁਰੂਆਤ ਵਿਚ ਇਹ ਟਰੈਕਟਰ ਦੇ ਅੱਗੇ ਜੁੜਿਆ ਵੱਡਾ ਬਲੇਡ ਸੀ ਜਿਸ ਦੀ ਵਰਤੋਂ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਕੀਤੇ ਜਾਣ ਵਾਲੇ ਭਾਰੇ ਕੰਮਾਂ ਲਈ ਕੀਤੀ ਗਈ। 1925 ਵਿਚ ‘ਅਟੈਚਮੈਂਟ ਫਾਰ ਟਰੈਕਟਰਜ਼’ ਦੇ ਰੂਪ ਵਿਚ ਇਸ ਨੂੰ ਪੇਟੈਂਟ ਕਰਵਾਇਆ ਗਿਆ।
‘ਬੁਲਡੋਜ਼ਰ’ ਸ਼ਬਦ ਬੁੱਲ ਅਤੇ ਡੋਜ਼ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸਾਨ੍ਹ ਦੀ ਤਾਕਤ ਵਰਗੀ ਬਹੁਤ ਭਾਰੀ ਡੋਜ਼। ਜਿਸ ਤਰ੍ਹਾਂ ਸਾਨ੍ਹ ਆਪਣੀ ਅੰਨ੍ਹੇਵਾਹ ਤਾਕਤ ਨਾਲ ਹਮਲਾ ਕਰਦਾ ਹੈ, ਉਸ ਤਰ੍ਹਾਂ ਦੀ ਕੋਸ਼ਿਸ਼ ਕਰਨਾ; ਭਾਵ, ਜਿਹੜਾ ਕਾਰਜ ਬਹੁਤ ਵੱਡੀ ਤਾਕਤ ਨਾਲ ਇੱਕੋ ਝਟਕੇ ਵਿਚ ਕਰ ਦਿੱਤਾ ਜਾਵੇ, ਉਹ ਬੁਲ-ਡੋਜ਼ ਹੈ ਜਿਸ ਤੋਂ ਬੁਲਡੋਜ਼ਰ ਬਣਿਆ। ਸੰਕਲਪ ਦੇ ਰੂਪ ਵਿਚ ਇਹ ‘ਬੁਲਡੋਜ਼’ ਸ਼ਬਦ ਪਹਿਲੀ ਵਾਰ 1870 ਵਿਚ ਅਮਰੀਕਾ ਵਿਚ ਧਮਕੀ ਦੇ ਰੂਪ ਵਿਚ ਵਰਤੇ ਹੋਣ ਦੇ ਸਬੂਤ ਮਿਲਦੇ ਹਨ। ਕਿਹਾ ਜਾਂਦਾ ਹੈ ਕਿ 1876 ਵਿੱ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਇਹ ਟਰਮ ਵਰਤੀ ਗਈ ਜਿਸ ਵਿਚ ਰੁਦਰਫੋਰਡ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਇਹ ਚੋਣਾਂ ਧਮਕੀਆਂ ਅਤੇ ਸਾਜ਼ਿਸ਼ਾਂ ਦੇ ਮਾਮਲੇ ਵਿਚ ਅਮਰੀਕੀ ਇਤਿਹਾਸ ਦੀਆਂ ਚਰਚਿਤ ਚੋਣਾਂ ਸਨ। ਵਿਸ਼ੇਸ਼ ਤੌਰ ’ਤੇ ਲੁਸੀਆਨਾ ਸਟੇਟ ਵਿਚ ਡਰਾਉਣ-ਧਮਕਾਉਣ, ਰਿਸ਼ਵਤ ਅਤੇ ਧੋਖਾਧੜੀ ਲਈ ਬੁਲਡੋਜ਼ ਵਰਗੀਆਂ ਧਾਰਨਾਵਾਂ ਵਰਤੀਆਂ ਗਈਆਂ ਜਿਸ ਉਪਰ 2021 ਵਿਚ ਐਡਮ ਫੇਅਰਕਲੋ (Adam Fairclough) ਦੀ ਪੁਸਤਕ ‘Bulldozed and Betrayed: Louisiana and the Stolen Elections of 1876’ ਵੀ ਪ੍ਰਕਾਸ਼ਿਤ ਹੋਈ ਹੈ।
ਹੁਣ ਇਹ ਬੁਲਡੋਜ਼ਰ ਨਿਆਂ ਨਹੀਂ ਬਲਕਿ ਸੱਤਾ ਦਾ ਬੁਲਡੋਜ਼ਰੀ ਮਾਡਲ ਹੈ ਜੋ ਭਾਰਤੀ ਫਾਸ਼ੀਵਾਦ ਦਾ ਨਵਾਂ ਮਾਡਲ ਹੈ ਜਿਸ ਨੂੰ ਵੱਡੇ ਪੱਧਰ ’ਤੇ ਪ੍ਰਚਾਰਿਆ ਜਾ ਰਿਹਾ ਹੈ ਅਤੇ ਸਿਆਸੀ ਸੰਦ ਵਜੋਂ ਵਰਤਿਆ ਜਾ ਰਿਹਾ ਹੈ। ਗਲੀਆਂ ਬਾਜ਼ਾਰਾਂ ਵਿਚ ਦਨਦਨਾਉਂਦੀ ਫਿਰਦੀ ਇਹ ਮਸ਼ੀਨ ਹੁਣ ‘ਵਿਕਾਸ ਦਾ ਸੰਦ’ ਹੋਣ ਦੀ ਥਾਂ ਵਿਨਾਸ਼ ਅਤੇ ਦਹਿਸ਼ਤ ਦਾ ਸੰਦ ਬਣ ਗਈ ਹੈ। ਇਸ ਦੀਆਂ ਅਨੇਕ ਉਦਾਹਰਨਾਂ ਹਨ। ਇਕ ਦਾ ਜ਼ਿਕਰ ਹੀ ਕਾਫੀ ਹੈ।
ਜਿਸ ਤਰ੍ਹਾਂ ਅਪਰੈਲ 2022 ਵਿਚ ਦਿੱਲੀ ਦੇ ਜਹਾਂਗੀਰ ਪੁਰੀ ਇਲਾਕੇ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਬਸਤੀ ’ਤੇ ਇਹ ਪੰਜਾ ਚੱਲਿਆ, ਉਹ ਸੱਤਾ ਦੀ ਬੇਰਹਿਮੀ ਦੀ ਕਰੂਰ ਕਹਾਣੀ ਹੈ। ਸਮਾਜਿਕ ਕਾਰਕੁਨ ਨਵਸ਼ਰਨ ਸਿੰਘ ਅਤੇ ਫਰਾਹ ਨਕਵੀ ਦੇ ਖੁਲਾਸਿਆਂ ਮੁਤਾਬਕ ਇਸ ਵਿਨਾਸ਼ ਤੋਂ ਬਾਅਦ ਹਰ ਔਰਤ ਦੀ ਖੌਫ਼ਜ਼ਦਾ ਕਹਾਣੀ ਹੈ ਜੋ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ। ਉੱਤਰੀ ਦਿੱਲੀ ਵਿਚ ਵਸੀ ਇਹ ਬਸਤੀ ਰੋਹਿੰਗਿਆ ਮੁਸਲਮਾਨਾਂ ਦੀ ਸੀ ਜੋ ਕੂੜਾ ਇਕੱਠਾ ਕਰਨ, ਛਾਂਟਣ ਅਤੇ ਕਬਾੜੀਆਂ ਨੂੰ ਵੇਚ ਕੇ ਪੇਟ ਨੂੰ ਝੁਲਕਾ ਦਿੰਦੇ ਸਨ। ਇਹਨਾਂ ਦੀਆਂ ਕਈ ਪੀੜ੍ਹੀਆਂ ਇਥੇ ਰਹਿ ਰਹੀਆਂ ਸਨ। ਨਾਜਾਇਜ਼ ਉਸਾਰੀ ਦੇ ਨਾਂ ’ਤੇ ਇਹਨਾਂ ਦੇ ਘਰਾਂ ਅਤੇ ਨਿੱਕੀਆਂ-ਨਿੱਕੀਆਂ ਦੁਕਾਨਾਂ, ਸਮਾਨ ਵੇਚਣ ਵਾਲੇ ਹੱਥ ਠੇਲ੍ਹਿਆਂ ਅਤੇ ਫੜ੍ਹੀਆਂ ਵਾਲੇ ਤਖ਼ਤਪੋਸ਼ਾਂ ’ਤੇ ਇਹ ਬੁਲਡੋਜ਼ਰੀ ਪੰਜਾ ਚਲਾਇਆ ਗਿਆ।
ਅਜਿਹੇ ਹਾਲਾਤ ਵਿਚ ਅਵਾਮ ਦੀ ਚੁੱਪ ਜਾਂ ਮਾਸੂਮੀਅਤ ਵਿਚ ਦਿੱਤਾ ਸਾਥ ਸੱਤਾ ਨੂੰ ਹੋਰ ਸ਼ਹਿ ਦਿੰਦਾ ਹੈ। ਵਿਸ਼ਵ ਵਿਚ ਨਸਲਪ੍ਰਸਤੀ ਅਤੇ ਸੱਤਾ ਦੇ ਫਾਸ਼ੀਵਾਦ ਖਿਲਾਫ਼ ਵੱਡੀ ਲੜਾਈ ਲੜਨ ਵਾਲੇ ਮਹਾਨ ਆਗੂ ਮਾਰਟਿਨ ਲੂਥਰ ਕਿੰਗ ਕਹਿੰਦੇ ਹਨ ਕਿ ਕਿਸੇ ਵੀ ਜਗ੍ਹਾ ’ਤੇ ਹੋਣ ਵਾਲਾ ਅਨਿਆਂ ਹਰ ਜਗ੍ਹਾ ’ਤੇ ਨਿਆਂ ਲਈ ਖਤਰਾ ਹੁੰਦਾ ਹੈ; ਭਾਵ, ਜੇ ਅੱਜ ਉਹਨਾਂ ਦੇ ਘਰ ਢਾਹੇ ਜਾ ਰਹੇ ਹਨ ਤਾਂ ਕੱਲ੍ਹ ਨੂੰ ਤੁਹਾਨੂੰ ਆਪਣੇ ਘਰ ਬਚਾਉਣੇ ਔਖੇ ਹੋ ਜਾਣਗੇ। ਸਾਧਾਰਨ ਬੰਦੇ ਨੂੰ ਅੱਜ ਨਿਆਂ ਅਤੇ ਬਦਲੇ ਦਾ ਫ਼ਰਕ ਸਮਝਣਾ ਪਾਏਗਾ। ਜਗੀਰੂ ਮਾਨਸਿਕਤਾ ਤਹਿਤ ਜਦ ਅਸੀਂ ਬਦਲੇ ਨੂੰ ਨਿਆਂ ਸਮਝਣ ਲੱਗ ਜਾਂਦੇ ਹਾਂ ਤਾਂ ਸੱਤਾ ਨੂੰ ਮੌਕਾ ਮਿਲ ਜਾਂਦਾ ਹੈ ਤੇ ਉਹ ਵੀ ਬਦਲੇ ਨੂੰ ਨਿਆਂ ਕਹਿਣ ਅਤੇ ਮਨਵਾਉਣ ਲਈ ਸਾਰਾ ਟਿੱਲ ਲਾ ਦਿੰਦੀ ਹੈ। ਬਹੁਗਿਣਤੀ ਨੂੰ ਖੁਸ਼ ਕਰਨ ਦਾ ਸਿਧਾਂਤ ਜਮਹੂਰੀਅਤ ਵਿਚ ਬਹੁਤ ਖ਼ਤਰਨਾਕ ਹੁੰਦਾ ਹੈ। ਵਿਗੜਿਆ ਹੋਇਆ ਬਹੁਮਤ ਕਿਸੇ ਵੀ ਸਮਾਜ ਲਈ ਘਾਤਕ ਹੁੰਦਾ ਹੈ। ਸੁਕਰਾਤ ਨੂੰ ਬਹੁਮਤ ਨਾਲ ਹੀ ਜ਼ਹਿਰ ਦਾ ਪਿਆਲਾ ਦਿੱਤਾ ਗਿਆ ਸੀ ਅਤੇ ਹਿਟਲਰ ਵੀ ਬਹੁਮਤ ਨਾਲ ਹੀ ਚਾਂਸਲਰ ਬਣਿਆ ਸੀ। ਇਸ ਵੇਲੇ ਸਾਡੇ ਮੁਲਕ ਵਿਚ ਵੀ ਘੱਟਗਿਣਤੀਆਂ ਨੂੰ ਡਰਾ ਕੇ ਬਹੁਗਿਣਤੀਆਂ ਨੂੰ ਪਲੋਸਣ ਅਤੇ ਵੋਟਾਂ ਵਿਚ ਰੂਪਾਂਤਰਿਤ ਕਰ ਕੇ ਜਿਸ ਤਰ੍ਹਾਂ ਸੱਤਾ ਦੀ ਪੌੜੀ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ, ਉਸ ਦਾ ਖਮਿਆਜ਼ਾ ਸਾਡਾ ਸਮਾਜ ਕਿੰਨਾ ਚਿਰ ਭੁਗਤੇ, ਫਿਲਹਾਲ ਅੰਦਾਜ਼ਾ ਲਾਉਣਾ ਮੁਮਕਿਨ ਨਹੀਂ ਹੈ।
ਅਜਿਹੀ ਹਾਲਤ ਵਿਚ ਕਿਸੇ ਦਾ ਵੀ, ਕਿਸੇ ਵੀ ਕਾਰਨ ਚੁੱਪ ਹੋ ਜਾਣਾ ਅਨਿਆਂ ਦੇ ਨਾਲ ਹੋਣਾ ਹੀ ਹੈ। ਵਿਸ਼ਵ ਪ੍ਰਸਿੱਧ ਪਾਦਰੀ ਡੈਸਮੰਡ ਟੁਟੂ ਕਹਿੰਦਾ ਹੈ- ‘ਜੇਕਰ ਅਨਿਆਂ ਦੀ ਸੂਰਤ ਵਿਚ ਤੁਸੀਂ ਨਿਰਪੱਖ ਹੋ ਤਾਂ ਤੁਸੀਂ ਹਮਲਾਵਰ ਦੇ ਪੱਖ ਵਿਚ ਹੋ। ਜੇਕਰ ਹਾਥੀ ਦਾ ਪੈਰ ਚੂਹੇ ਦੀ ਪੂਛ ’ਤੇ ਹੈ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਨਿਰਪੱਖ ਹਾਂ ਤਾਂ ਚੂਹਾ ਤੁਹਾਡੀ ਇਸ ਨਿਰਪੱਖਤਾ ਦਾ ਸਨਮਾਨ ਨਹੀਂ ਕਰੇਗਾ।’ ਏਂਜਲਾ ਡੇਵਿਸ ਵੀ ਇਹੋ ਕਹਿੰਦੀ ਹੈ ਕਿ ਨਸਲਵਾਦੀ ਸਮਾਜ ਵਿਚ ਗ਼ੈਰ-ਨਸਲਵਾਦੀ ਹੋਣਾ ਕਾਫੀ ਨਹੀਂ ਹੈ, ਸਾਨੂੰ ਨਸਲਵਾਦ ਵਿਰੋਧੀ ਹੋਣਾ ਪਏਗਾ। ਜਦ ਅਮਰੀਕਾ ਵਿਚ ਕਾਲੀ ਨਸਲ ਦੇ ਜਾਰਜ ਫਲਾਇਡ ਦੀ ਧੌਣ ’ਤੇ ਗੋਰੇ ਨਸਲਪ੍ਰਸਤਾਂ ਨੇ ਗੋਡਾ ਰੱਖਿਆ ਹੋਇਆ ਸੀ ਤੇ ਉਹ ‘ਮੈਨੂੰ ਸਾਹ ਨਹੀਂ ਆ ਰਿਹਾ... ਮੈਨੂੰ ਸਾਹ ਨਹੀਂ ਆ ਰਿਹਾ’ ਕਹਿ ਕੇ ਚੀਕ ਰਿਹਾ ਸੀ ਤਾਂ ਉਸ ਵਕਤ ਜਾਨ ਲੂਈਸ ਨੇ ਕਿਹਾ ਸੀ ਕਿ ਜਿੱਥੇ ਸੱਤਾ ਬੇਕਾਬੂ ਹੁੰਦੀ ਹੈ ਅਤੇ ਨਿਆਂ ਕੁਝ ਚੋਣਵੇ ਲੋਕਾਂ ਲਈ ਰਾਖਵਾਂ ਹੋ ਜਾਂਦਾ ਹੈ ਤਾਂ ਉਥੇ ਕੋਈ ਜਮਹੂਰੀਅਤ ਨਹੀਂ ਹੁੰਦੀ। ਅਜਿਹੇ ਸਮਿਆਂ ਵਿਚ ਪੀੜਤਾਂ ਦੀਆਂ ਚੀਕਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਕੋਈ ਪ੍ਰਤੀਕਿਰਿਆ ਨਾ ਦੇਣਾ ਕੋਈ ਬਦਲ ਨਹੀਂ ਹੁੰਦਾ ਕਿਉਂਕਿ ਜਿੱਥੇ ਨਿਆਂ ਨਹੀਂ ਮਿਲਦਾ, ਉਥੇ ਸ਼ਾਂਤੀ ਸੰਭਵ ਨਹੀਂ ਹੋ ਸਕਦੀ।
ਸੋ ਅਜਿਹੇ ਹਾਲਾਤ ਵਿਚ ਜਮਹੂਰੀ ਨਿਆਂ ਦੀ ਲੋੜ ਅਤੇ ਉਸ ਲਈ ਸੰਘਰਸ਼ ਕਰਨਾ ਅੱਜ ਦੇ ਸਮੇਂ ਦੀ ਪਹਿਲੀ ਲੋੜ ਹੈ। ਬੇਕਾਬੂ ਸੱਤਾ ਨੂੰ ਜਮਹੂਰੀ ਤਰੀਕੇ ਨਾਲ ਸੱਤਾ ਤੋਂ ਲਾਂਭੇ ਕਰਨ ਲਈ ਲੋਕ ਰਾਏ ਪੈਦਾ ਕਰਨਾ ਅਤੇ ਪੀੜਤਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਗੁਨਾਹ ਕਿਹੜੇ ਹਾਲਾਤ ਵਿਚ ਪੈਦਾ ਹੁੰਦਾ ਹੈ ਅਤੇ ਉਸ ਗੁਨਾਹ ਦੀ ਕੀ ਸਜ਼ਾ ਹੋਵੇ, ਇਹ ਸਵਾਲ ਚਿੰਤਨ ਦੀ ਮੰਗ ਕਰਦਾ ਹੈ। ਬੁਲਡੋਜ਼ਰੀ ਨਿਆਂ ਦੀ ਧਾਰਨਾ ਤੋਂ ਮੁਕਤੀ ਪ੍ਰਾਪਤ ਕਰਨਾ ਅਤੇ ‘ਸੁਧਾਰ’ ਦੇ ਨਜ਼ਰੀਏ ਤੋਂ ਜਮਹੂਰੀਅਤ ਦੇ ਅਨੁਸਾਰੀ ਨਿਆਂ ਦਾ ਮਾਡਲ ਸਥਾਪਤ ਕਰਨਾ ਅੱਜ ਮੁਲਕ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਸ ਤੋਂ ਵੀ ਵੱਧ ਅਵਾਮ ਵਿਚ ਪੈਦਾ ਹੋਏ ਤਣਾਅ ਅਤੇ ਆਪਸੀ ਨਫ਼ਰਤ ਨੂੰ ਘਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਨਫ਼ਰਤੀ ਮਾਹੌਲ ਵਿਚ ਕੋਈ ਵੀ ਸਮਾਜ ਕਦੇ ਵੀ ਨਾ ਸ਼ਾਂਤ ਰਹਿ ਸਕਦਾ ਹੈ ਅਤੇ ਨਾ ਤਰੱਕੀ ਕਰ ਸਕਦਾ ਹੈ। ਨੈਲਸਨ ਮੰਡੇਲਾ ਦੇ ਇਹ ਸ਼ਬਦ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ: ਕੋਈ ਵੀ ਸ਼ਖ਼ਸ ਜਮਾਂਦਰੂ ਤੌਰ ਤੇ ਕਿਸੇ ਹੋਰ ਸ਼ਖ਼ਸ ਨੂੰ ਉਸ ਦੀ ਚਮੜੀ ਦੇ ਰੰਗ ਜਾਂ ਉਸ ਦੇ ਪਿਛੋਕੜ ਜਾਂ ਉਸ ਦੇ ਧਰਮ ਕਾਰਨ ਨਫ਼ਰਤ ਕਰਦੇ ਹੋਏ ਪੈਦਾ ਨਹੀਂ ਹੁੰਦਾ। ਲੋਕਾਂ ਨੂੰ ਨਫ਼ਰਤ ਸਿਖਾਈ ਜਾਂਦੀ ਹੈ। ਅਗਰ ਉਹ ਨਫ਼ਰਤ ਕਰਨੀ ਸਿੱਖ ਸਕਦੇ ਹਨ ਤਾਂ ਉਹਨਾਂ ਨੂੰ ਪਿਆਰ ਕਰਨਾ ਵੀ ਸਿਖਾਇਆ ਜਾ ਸਕਦਾ ਹੈ ਕਿਉਂਕਿ ਪਿਆਰ ਇਨਸਾਨ ਦੇ ਦਿਲ ਵਿਚ ਨਫ਼ਰਤ ਦੀ ਤੁਲਨਾ ਵਿਚ ਜ਼ਿਆਦਾ ਸੁਭਾਵਿਕ ਰੂਪ ਵਿਚ ਪੈਦਾ ਹੁੰਦਾ ਹੈ।
ਆਓ ਅਜਿਹਾ ਕਰਨ ਦੀ ਕੋਸ਼ਿਸ਼ ਕਰੀਏ...

Advertisement

ਸੰਪਰਕ: 98768-20600

Advertisement

Advertisement
Author Image

sukhwinder singh

View all posts

Advertisement