ਕਾਮਰੇਡ ਵਿਜੈ ਮਿਸ਼ਰਾ ਦਾ ਦੇਹਾਂਤ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 13 ਅਗਸਤ
ਕਮਿਊਨਿਸਟ ਲਹਿਰ ਨਾਲ ਲਗਪਗ 52 ਸਾਲ ਜੁੜੇ ਰਹੇ ਕਾਮਰੇਡ ਵਿਜੈ ਮਿਸ਼ਰਾ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਤੇ ਉਨ੍ਹਾਂ ਬੀਤੇ ਕੱਲ੍ਹ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਆਰਐਮਪੀਆਈ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਤੇ ਅਮਰਜੀਤ ਸਿੰਘ ਆਸਲ, ਹਿੰਦ ਮਜ਼ਦੂਰ ਸਭਾ ਵੱਲੋਂ ਕੁਲਵੰਤ ਬਾਵਾ, ਸੰਗਰਾਮੀ ਲਹਿਰ ਵੱਲੋਂ ਗੁਰਦਰਸ਼ਨ ਬੀਕਾ, ਸਾਬਕਾ ਵਿਧਾਇਕ ਤਰਸੇਮ ਯੋਧਾ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਬੀਬੀ ਜਗੀਰ ਕੌਰ ਤੇ ਐਡਵੋਕੇਟ ਰਣਬੀਰ ਵਿਰਕ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਮਰੇਡ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਲਾਹੌਰੀ ਗੇਟ ਨੇੜੇ ਲੋਕਾਂ ਦੇ ਦਰਸ਼ਨਾਂ ਵਾਸਤੇ ਰੱਖਿਆ ਗਿਆ ਸੀ। ਅੰਤਿਮ ਵਿਦਾਇਗੀ ਤੋਂ ਪਹਿਲਾਂ ਸ਼ੋਕ ਸਭਾ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਆਗੂਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।