ਕਾਮਰੇਡ ਬਾਰੂ ਸਤਵਰਗ ਦੀ ਬਰਸੀ ਮਨਾਈ
ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 20 ਅਗਸਤ
ਸਥਾਨਕ ਸ਼ਹਿਰ ਦੇ ਕਨਾਲ ਕਲੱਬ ਵਿੱਚ ਮਾਸਟਰ ਬਾਰੂ ਸਤਬਰਗ ਦੀ ਬਰਸੀ ਮਨਾਈ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਅਜਾਇਬ ਸਿੰਘ ਟਿਵਾਣਾ ਨੇ ਮਾਸਟਰ ਬਾਰੂ ਸਤਬਰਗ ਦੀ ਜ਼ਿੰਦਗੀ ਬਾਰੇ ਦੱਸਿਆ। ਡਾ. ਅਜੀਤਪਾਲ, ਕੁਲਵੰਤ ਸਿੰਘ ਸੇਲਬਰਾਹ, ਸੁਖਮੰਦਰ ਸਿੰਘ ਬਠਿੰਡਾ, ਸੁਖਵਿੰਦਰ ਕੌਰ, ਸਵਰਨ ਸਿੰਘ, ਜੱਗਾ ਸਿੰਘ ਬੰਗੀ, ਜਗਰਾਜ ਸਿੰਘ ਧੌਲਾ ਸਣੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਸਤਬਰਗ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਇਨਕਲਾਬ ਲਈ ਤੁਰਿਆ। ਉਨ੍ਹਾਂ ਨੇ ਪੰਜ ਨਾਵਲ ਲਿਖੇ। ਇਸ ਮੌਕੇ ਲੋਕ ਗਾਇਕ ਜਗਰਾਜ ਧੌਲਾ ਨੂੰ ਪੰਜਾਬੀ ਸਾਹਿਤ ਦੀ ਖੋਜ ਕਰਨ, ਸਾਹਿਤਕ ਕਿਰਤਾਂ ਲਿਖਣ ਅਤੇ ਇਨਕਲਾਬੀ ਗਾਇਕ ਹੋਣ ਦੇ ਨਾਤੇ ਸਨਮਾਨ ਪੱਤਰ ਅਤੇ 11,000 ਰੁਪਏ ਦੀ ਨਗਦ ਰਕਮ ਭੇਟ ਕਰ ਕੇ ਸਨਮਾਨਿਆ ਗਿਆ। ਮਾਸਟਰ ਬਾਰੂ ਸਤਬਰਗ ਦੀ ਸੇਵਾ ਕਰਨ ਵਾਲੀ ਉਸ ਦੀ ਵੱਡੀ ਧੀ ਸ਼ਿੰਦਰਪਾਲ ਕੌਰ ਦਾ ਵੀ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਲੋਕ ਗਾਇਕ ਜਗਸੀਰ ਮਹਿਰਾਜ ਦਾ ਵੀ ਲੋਈ ਨਾਲ ਸਨਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਲੋਕ ਸੰਗਰਾਮ ਮੋਰਚਾ ਦੇ ਪ੍ਰੈਸ ਸਕੱਤਰ ਲੋਕਰਾਜ ਮਹਿਰਾਜ ਨੇ ਚਲਾਈ।