ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਲੋਹੜੀ ਮਨਾਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜਨਵਰੀ
ਕੰਪਿਊਟਰ ਅਧਿਆਪਕਾਂ ਵਲੋਂ ਮਰਨ ਵਰਤ ਦੇ 11ਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ ਦੇ 135ਵੇਂ ਦਿਨ ਅੱਜ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਨੂੰ ਫ਼ੂਕਦਿਆਂ ਇਥੇ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਮੋਰਚੇ ਦੌਰਾਨ ਸੰਘਰਸ਼ੀ ਲੋਹੜੀ ਮਨਾਈ ਅਤੇ ਪੰਜਾਬ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਮਰਨ ਵਰਤ ਦੇ ਸੰਘਰਸ਼ੀ ਮੋਰਚੇ ਦੌਰਾਨ ਡੀਸੀ ਦਫ਼ਤਰ ਸਾਹਮਣੇ ਸਰਕਾਰ ਦੇ ਝੂਠੇ ਵਾਅਦਿਆਂ ਨੂੰ ਲਾਂਬੂ ਲਗਾ ਕੇ ਫ਼ੂਕਦਿਆਂ ਸੰਘਰਸ਼ੀ ਲੋਹੜੀ ਮਨਾਈ ਗਈ। ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਦਿਸ਼ਕਰਨ ਕੌਰ, ਮਨਜੀਤ ਕੌਰ, ਅੰਜੂ ਜੈਨ, ਗੁਰਮੀਤ ਸਿੰਘ ਅਤੇ ਨਰਦੀਪ ਸ਼ਰਮਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਵਲੋਂ ਲਗਾਤਾਰ ਝੂਠੇ ਵਾਅਦੇ ਕਰਕੇ ਲਾਰੇ ਲੱਪੇ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ‘ਆਪ’ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਹੁਣ ਤੱਕ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਤਰਾਸਦੀ ਵਾਲੀ ਗੱਲ ਹੈ ਕਿ ਵਾਰ-ਵਾਰ ਮੰਗਾਂ ਸਬੰਧੀ ਜਾਣੂ ਕਰਵਾਉਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਤੋਂ ਤਿਉਹਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣ ਲਈ ਰੂਪ ਰੇਖਾ ਉਲੀਕੀ ਜਾ ਰਹੀ ਹੈ ਜਿਸ ਤਹਿਤ ਦਿੱਲੀ ਪੁੱਜ ਕੇ ‘ਆਪ’ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਤੇਜਿੰਦਰ ਬਾਂਸਲ, ਸੁਮਿਤ ਖੁਰਾਣਾ, ਪੁਸ਼ਪਿੰਦਰ ਰਤਨ ਹਾਜ਼ਰ ਸਨ।