ਤਨਖਾਹ ਨੂੰ ਤਰਸੇ ਕੰਪਿਊਟਰ ਅਧਿਆਪਕ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਸਤੰਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਤਨਖਾਹ ਸੁਸਾਇਟੀ ਆਫ ਆਈ ਟੀ ਪ੍ਰੋਮੋਸ਼ਨ (ਸਪਿੱਕ) ਵਲੋਂ ਦਿੱਤੀ ਜਾਂਦੀ ਹੈ ਜਿਸ ਦੀ ਹਾਲੇ ਤਕ ਮਨਜ਼ੂਰੀ ਨਹੀਂ ਮਿਲੀ। ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਰਿਲੀਜ਼ ਕਰਵਾਉਣ ਲਈ ਸਕੱਤਰੇਤ ਦੇ ਚੱਕਰ ਕੱਟ ਰਹੇ ਹਨ ਪਰ ਜੂਨ ਤੋਂ ਲੈ ਕੇ ਹੁਣ ਤਕ ਦੀ ਤਨਖਾਹ ਜਾਰੀ ਨਹੀਂ ਹੋਈ। ਅਧਿਆਪਕਾਂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਕ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਮਾਮਲਾ ਹਾਲੇ ਤਕ ਹੱਲ ਨਹੀਂ ਹੋਇਆ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿਚ 166 ਕੰਪਿਊਟਰ ਅਧਿਆਪਕ ਪੜ੍ਹਾ ਰਹੇ ਹਨ ਜਿਨ੍ਹਾਂ ਨੂੰ 34000 ਰੁਪਏ ਦੇ ਕਰੀਬ ਤਨਖਾਹ ਦਿੱਤੀ ਜਾਂਦੀ ਹੈ। ਇਕ ਅਧਿਆਪਕ ਨੇ ਦੱਸਿਆ ਕਿ ਉਹ ਤਨਖਾਹਾਂ ਨਾ ਮਿਲਣ ਲਈ ਪਿਛਲੇ ਕਈ ਸਾਲਾਂ ਤੋਂ ਜੂਝ ਰਹੇ ਹਨ ਪਰ ਅਧਿਕਾਰੀ ਸਮੱਸਿਆ ਦਾ ਸਥਾਈ ਹੱਲ ਨਹੀਂ ਕਰ ਰਹੇ ਕਿਉਂਕਿ ਠੇਕੇ ਦੀ ਫਾਇਲ ਨੂੰ ਨਵਿਆਉਣ ਦੀ ਪ੍ਰਕਿਰਿਆ ਲੰਬੀ ਹੈ।
ਤਨਖਾਹ ਜਲਦੀ ਜਾਰੀ ਹੋਵੇਗੀ: ਅਧਿਕਾਰੀ
ਇਸ ਵੇਲੇ ਡਾਇਰੈਕਟਰ ਸਕੂਲ ਐਜੂਕੇਸ਼ਨ ਵਿਦੇਸ਼ ਗਏ ਹੋਏ ਹਨ। ਡੀਈਓ ਪੂਨਮ ਸੂਦ ਨੇ ਕਿਹਾ ਕਿ ਉਹ ਇਹ ਮਾਮਲਾ ਉਚ ਅਧਿਕਾਰੀਆਂ ਕੋਲ ਚੁੱਕ ਰਹੇ ਹਨ ਤੇ ਜਲਦੀ ਹੀ ਅਧਿਆਪਕਾਂ ਦੀ ਤਨਖਾਹ ਜਾਰੀ ਹੋ ਜਾਵੇਗੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਸਾਰੀਆਂ ਮਨਜ਼ੂਰੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ।