ਰਿਸ਼ਵਤ ਲੈਣ ਦੇ ਦੋਸ਼ ਹੇਠ ਕੰਪਿਊਟਰ ਅਪਰੇਟਰ ਕਾਬੂ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਹੁਸ਼ਿਆਰਪੁਰ ਵਿੱਚ ਤਾਇਨਾਤ ਸਹਾਇਕ ਲੇਬਰ ਕਮਿਸ਼ਨਰ ਅਤੇ ਉਸ ਦੇ ਦਫ਼ਤਰ ਦੇ ਕੰਪਿਊਟਰ ਅਪਰੇਟਰ ਖ਼ਿਲਾਫ਼ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਕੰਪਿਊਟਰ ਅਪਰੇਟਰ ਅਲਕਾ ਸ਼ਰਮਾ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂਕਿ ਸਹਾਇਕ ਲੇਬਰ ਕਮਿਸ਼ਨਰ ਹਰਪ੍ਰੀਤ ਸਿੰਘ ਦਫ਼ਤਰ ’ਚ ਨਹੀਂ ਮਿਲਿਆ। ਵਿਜੀਲੈਂਸ ਦੇ ਬੁਲਾਰੇ ਅਨੁਸਾਰ ਇਹ ਕਾਰਵਾਈ ਸ਼ਹਿਰ ਦੇ ਇਕ ਸੁਨਿਆਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਆਪਣੀ ਦੁਕਾਨ ਨਵਿਆਉਣ ਲਈ ਸਹਾਇਕ ਲੇਬਰ ਕਮਿਸ਼ਨਰ ਦਫ਼ਤਰ ਤੋਂ ਨੋਟਿਸ ਆਇਆ। ਇਸ ਸਬੰਧ ’ਚ ਜਦੋਂ ਉਹ ਦਫ਼ਤਰ ਗਿਆ ਤਾਂ ਕਪਿਊਟਰ ਅਪਰੇਟਰ ਨੇ ਕਿਹਾ ਕਿ ਉਸ ਨੂੰ ਕਾਫੀ ਜੁਰਮਾਨਾ ਪੈ ਸਕਦਾ ਹੈ ਪਰ ਉਹ ਸਹਾਇਕ ਲੇਬਰ ਕਮਿਸ਼ਨਰ ਨਾਲ ਗੱਲ ਕਰ ਕੇ ਕੇਸ ਰਫਾ ਦਫਾ ਕਰਵਾ ਦੇਵੇਗੀ। ਸ਼ਿਕਾਇਤਕਰਤਾ ਅਨੁਸਾਰ ਸਹਾਇਕ ਕਮਿਸ਼ਨਰ ਨੇ ਉਸ ਤੋਂ ਕਥਿਤ ਤੌਰ ’ਤੇ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਉਸ ਨੇ ਗੱਲਬਾਤ ਦੀ ਰਿਕਾਰਡਿੰਗ ਕਰਕੇ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ। ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਇਕ ਟੀਮ ਬਣਾ ਕੇ ਜਾਲ ਵਿਛਾਇਆ।
ਇਸ ਦੌਰਾਨ ਕੰਪਿਊਟਰ ਅਪਰੇਟਰ ਅਲਕਾ ਸ਼ਰਮਾ ਨੂੰ 30 ਹਜ਼ਾਰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ, ਪਰ ਸਹਾਇਕ ਲੇਬਰ ਕਮਿਸ਼ਨਰ ਦਫਤਰ ’ਚ ਨਹੀਂ ਮਿਲਿਆ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਪਰੇਟਰ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ ਜਦਕਿ ਸਹਾਇਕ ਲੇਬਰ ਕਮਿਸ਼ਨਰ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਰਹੇ ਹਨ।