ਕੰਪਿਊਟਰ ਸਿੱਖਿਆ ਮੌਜੂਦਾ ਸਮੇਂ ਦੀ ਮੁੱਖ ਲੋੜ
ਜਗਜੀਤ ਸਿੰਘ ਗਣੇਸ਼ਪੁਰ
ਸੂਚਨਾ ਤਕਨੀਕ ਯੁੱਗ ਵਿਚ ਕੰਪਿਊਟਰ ਮਨੁੱਖ ਦੀ ਜ਼ਰੂਰਤ ਬਣ ਗਿਆ ਹੈ। ਇਸ ਨੇ ਜੀਵਨ ਦੇ ਹਰ ਪਹਿਲੂ ਵਿਚ ਪੈਰ ਜਮਾਏ ਹਨ। ਡਿਜੀਟਲ ਯੁੱਗ ਨੇ ਸਿੱਖਿਆ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਕੋਈ ਵੀ ਜਾਣਕਾਰੀ ਹੁਣ ਸਿਰਫ਼ ਕਲਿੱਕ ਦੀ ਦੂਰੀ ’ਤੇ ਹੈ। ਕੰਪਿਊਟਰ ਅਤੇ ਇਸ ਨਾਲ ਜੁੜੀਆਂ ਤਕਨੀਕਾਂ ਵੀ ਸਿੱਖਿਆ ਦਾ ਅਨਿੱਖੜਵਾਂ ਅੰਗ ਬਣ ਗਈਆਂ ਹਨ। ਕੰਪਿਊਟਰ ਅਤੇ ਸੂਚਨਾ ਤਕਨੀਕ ਨੇ ਸਕੂਲਾਂ ਵਿਚ ਪੜ੍ਹਾਉਣ ਅਤੇ ਸਿੱਖਣ ਵਿਚ ਵਾਧਾ ਵੀ ਕੀਤਾ ਹੈ। ਇਸ ਲਿਹਾਜ਼ ਨਾਲ ਜੇ ਅੱਜ ਦੇ ਯੁੱਗ ਨੂੰ ‘ਕੰਪਿਊਟਰ ਦਾ ਯੁੱਗ’ ਕਹੀਏ ਤਾਂ ਅਤਿਕਥਨੀ ਨਹੀਂ। ਅੱਜ ਕੰਪਿਊਟਰ ਤੋਂ ਬਿਨਾਂ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਮੌਜੂਦਾ ਸਿੱਖਿਆ ਪ੍ਰਣਾਲੀ ਅਤੇ ਵਿਸ਼ਵੀਕਰਨ ਦੇ ਇਸ ਦੌਰ ਵਿਚ ਕੰਪਿਊਟਰ ਵਿਸ਼ੇ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਸਾਲ ਕੰਪਿਊਟਰ ਸਾਖਰਤਾ ਦਿਵਸ ਦੋ ਦਸੰਬਰ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਭਾਰਤੀ ਕੰਪਿਊਟਰ ਕੰਪਨੀ ਐੱਨਆਈਆਈਟੀ (ਨਿਟ) ਨੇ 2001 ਵਿਚ ਕੀਤੀ ਸੀ। ‘ਨਿਟ’ ਦਾ ਇਹ ਦਿਨ ਮਨਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਕੰਪਿਊਟਰ ਸ਼ਬਦ ਲਾਤੀਨੀ ਸ਼ਬਦ ‘computare’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ- ਹਿਸਾਬ ਲਗਾਉਣਾ, ਗਿਣਨਾ, ਸੰਖੇਪ ਵਿਚ ਜੋੜਨਾ ਜਾਂ ਇਕੱਠੇ ਸੋਚਣਾ। ਇਉਂ ਕੰਪਿਊਟਰ ਦਾ ਅਰਥ ਹੈ- ਉਪਕਰਨ ਜੋ ਗਣਨਾ ਕਰਦਾ ਹੈ। ਕੰਪਿਊਟਰ ਸਿਸਟਮ ‘ਪੂਰਾ’ ਕੰਪਿਊਟਰ ਹੁੰਦਾ ਹੈ ਜਿਸ ਵਿਚ ਹਾਰਡਵੇਅਰ, ਅਪਰੇਟਿੰਗ ਸਿਸਟਮ (ਮੁੱਖ ਸਾਫਟਵੇਅਰ) ਅਤੇ ਪੈਰੀਫਿਰਲ ਉਪਕਰਨ (ਮਾਊਸ, ਕੀ-ਬੋਰਡ, ਪ੍ਰਿੰਟਰ ਆਦਿ) ਸ਼ਾਮਲ ਹੁੰਦੇ ਹਨ। ਚਾਰਲਸ ਬੈਬੇਜ਼ ਜਿਨ੍ਹਾਂ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ, ਨੇ ਸੰਸਾਰ ਦਾ ਪਹਿਲਾ ਮਕੈਨੀਕਲ ਕੰਪਿਊਟਰ ‘ਡਿਫਿਰਸ ਇੰਜਨ’ ਈਜਾਦ ਕੀਤਾ। ਡਿਫਿਰਸ ਇੰਜਨ ਤੋਂ ਸ਼ੁਰੂ ਹੋਇਆ, ਇਹ ਸਫ਼ਰ ਮੌਜੂਦਾ ਸਮੇਂ ਦੇ ਸੁਪਰ ਕੰਪਿਊਟਰ ਤੱਕ ਆ ਪਹੁੰਚਿਆ ਹੈ ਅਤੇ ਭਵਿੱਖ ਵਿਚ ਇਸ ਦੇ ਜਿਹੜੇ ਰੂਪ ਸਾਡੇ ਸਾਹਮਣੇ ਆਉਣਗੇ, ਸ਼ਾਇਦ ਸਾਡੀ ਕਲਪਨਾ ਤੋਂ ਵੀ ਪਰੇ ਹੋਣਗੇ। ਕੰਪਿਊਟਰ ਸਾਖਰਤਾ, ਕੰਪਿਊਟਰ ਨੂੰ ਕੁਸ਼ਲਤਾ ਅਤੇ ਪ੍ਰਭਾਵੀ ਢੰਗ ਨਾਲ ਵਰਤਣ ਦੀ ਯੋਗਤਾ ਜਾਂ ਗਿਆਨ ਹੈ। ਕੰਪਿਊਟਰ ਸਿੱਖਿਆ ਨੂੰ ਦੋ ਮੁੱਖ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ- ਬੇਸਿਕ (ਬੁਨਿਆਦੀ) ਕੰਪਿਊਟਰ ਸਿੱਖਿਆ ਅਤੇ ਐਡਵਾਂਸਡ (ਉੱਨਤ) ਕੰਪਿਊਟਰ ਸਿੱਖਿਆ।
ਬੇਸਿਕ ਕੰਪਿਊਟਰ ਸਿੱਖਿਆ: ਬੁਨਿਆਦੀ ਕੰਪਿਊਟਰ ਸਿੱਖਿਆ ਕੰਪਿਊਟਰ ਦੇ ਮੁੱਢਲੇ ਗਿਆਨ ਤੱਕ ਸੀਮਿਤ ਹੈ, ਜਿਵੇਂ ਹਾਰਡਵੇਅਰ, ਸਾਫਟਵੇਅਰ, ਅਪਰੇਟਿੰਗ ਸਿਸਟਮ ਅਤੇ ਇੰਟਰਨੈੱਟ ਦੀ ਵਰਤੋਂ। ਆਮ ਵਰਤੋਂ ਵਾਲੇ ਸਾਫਟਵੇਅਰ ਕਿਵੇਂ ਵਰਤਣੇ ਜਿਵੇਂ ਵਰਡ ਪ੍ਰੋਸੈਸਰ, ਸਪ੍ਰੈਡਸ਼ੀਟ, ਪੇਸ਼ਕਾਰੀ ਸਾਫਟਵੇਅਰ ਆਦਿ। ਕੰਪਿਊਟਰ ਦੀ ਵਰਤੋਂ ਕਰ ਕੇ ਅਸੀਂ ਦਸਤਾਵੇਜ਼ ਬਣਾ/ਸੋਧ ਸਕਦੇ ਹਾਂ, ਈਮੇਲ ਭੇਜ/ਪ੍ਰਾਪਤ ਕਰ ਸਕਦੇ ਹਾਂ, ਇੰਟਰਨੈੱਟ ’ਤੇ ਜਾਣਕਾਰੀ ਬਰਾਊਜ਼ ਕਰ ਸਕਦੇ ਹਾਂ। ਵਰਤਮਾਨ ਸਮੇਂ ਮਾਊਸ ਦੇ ਕਲਿੱਕ ਨਾਲ ਵਿਦਿਆਰਥੀ ਗਿਆਨ ਰੂਪੀ ਸਮੁੰਦਰ ਵਿਚ ਚੁੱਭੀ ਲਾ ਸਕਦੇ ਹਨ। ਕੰਪਿਊਟਰ ਅਤੇ ਇੰਟਰਨੈੱਟ ਨੇ ਗਿਆਨ ਪਸਾਰ ਦੇ ਜੋ ਰਾਹ ਖੋਲ੍ਹੇ ਹਨ, ਉਸ ਨਾਲ ਵਿਦਿਆਰਥੀ ਵਰਗ ਬਹੁਤ ਉਤਸ਼ਾਹਿਤ ਹੈ।
ਐਡਵਾਂਸਡ ਕੰਪਿਊਟਰ ਸਿੱਖਿਆ: ਐਡਵਾਂਸਡ ਕੰਪਿਊਟਰ ਸਿੱਖਿਆ ਕੰਪਿਊਟਰ ਸਾਇੰਸ ਦੇ ਖਾਸ ਖੇਤਰਾਂ ਜਿਵੇਂ ਪ੍ਰੋਗਰਾਮਿੰਗ, ਨੈੱਟਵਰਕਿੰਗ ਅਤੇ ਸੁਰੱਖਿਆ ’ਤੇ ਕੇਂਦਰਿਤ ਹੈ। ਇਹ ਸਾਫਟਵੇਅਰ ਐਪਲੀਕੇਸ਼ਨਾਂ ਵਿਕਸਿਤ ਕਰਨ, ਕੰਪਿਊਟਰ ਨੈੱਟਵਰਕ ਡਿਜ਼ਾਈਨ ਕਰਨਾ, ਲਾਗੂ ਕਰਨ ਆਦਿ ਤੋਂ ਹੈ। ਅੱਜ ਸ਼ਾਇਦ ਹੀ ਕੋਈ ਅਜਿਹਾ ਪੇਸ਼ਾ ਹੋਵੇਗਾ ਜਿਸ ਵਿਚ ਕੰਪਿਊਟਰ ਦੀ ਵਰਤੋਂ ਨਾ ਹੋ ਰਹੀ ਹੋਵੇ। ਦਾਖਲਾ ਪ੍ਰਵੇਸ਼ ਪ੍ਰੀਖਿਆ ਆਨਲਾਈਨ ਹੋ ਰਹੀਆਂ ਹਨ, ਇਸ ਲਈ ਕੰਪਿਊਟਰ ਗਿਆਨ ਹਰ ਕਿਸੇ ਲਈ ਲਾਜ਼ਮੀ ਹੋ ਰਿਹਾ ਹੈ। ਬਹੁ-ਕੌਮੀ ਕੰਪਨੀਆਂ ਵਿਚ ਇਸ ਸਮੇਂ ਸੂਚਨਾ ਤਕਨੀਕ ਨਾਲ ਸਬੰਧਿਤ ਕੰਪਨੀਆਂ ਦੀ ਸਰਦਾਰੀ ਹੈ। ਕੰਪਿਊਟਰ ਖੇਤਰ ਵਿਚ ਕੰਪਿਊਟਰ ਪ੍ਰੋਗਰਾਮਰ, ਐਪਲੀਕੇਸ਼ਨ ਡਿਵੈਲਪਰ, ਡਾਟਾ ਵਿਸ਼ਲੇਸ਼ਕ, ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਇੰਜਨੀਅਰ, ਸਾਈਬਰ ਸੁਰੱਖਿਆ ਵਿਸ਼ਲੇਸ਼ਕ, ਗੇਮ ਡਿਵੈਲਪਰ, ਮਸ਼ੀਨ ਲਰਨਿੰਗ ਇੰਜਨੀਅਰ, ਨੈੱਟਵਰਕ ਇੰਜਨੀਅਰ, ਵੈੱਬ ਡਿਜ਼ਾਈਨਰ, ਐਪਲੀਕੇਸ਼ਨ ਡਿਜਾਈਨਰ, ਡਾਟਾ ਪ੍ਰਬੰਧਕ, ਸਾਫਟਵੇਅਰ ਟੈਸਟਰ, ਨੈੱਟਵਰਕ ਪ੍ਰਬੰਧਕ, ਪ੍ਰਾਜੈਕਟ ਮੈਨੇਜਰ, ਹਾਰਡਵੇਅਰ ਇੰਜਨੀਅਰ ਆਦਿ ਮਾਹਿਰ ਵਿਅਕਤੀਆਂ ਦੀ ਹਮੇਸ਼ਾ ਭਾਰੀ ਮੰਗ ਰਹਿੰਦੀ ਹੈ। ਭਾਰਤ ਵਿਚ 15 ਤੋਂ 29 ਸਾਲ ਉਮਰ ਸਮੂਹ ਵਿਚ ਕੀਤੇ ਸਰਵੇਖਣ ਦੌਰਾਨ 40 ਫੀਸਦੀ ਤੋਂ ਵੱਧ ਭਾਰਤੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਕੰਪਿਊਟਰ ’ਤੇ ਫਾਈਲਾਂ ਸੰਭਾਲਣ ਦਾ ਮੁੱਢਲਾ ਹੁਨਰ ਹੈ। ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਕਿ ਸਿਰਫ਼ 2.5 ਫੀਸਦੀ ਤੋਂ ਘੱਟ ਲੋਕਾਂ ਨੇ ਕਿਹਾ ਕਿ ਉਹ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਰ ਸਕਦੇ ਹਨ।
ਸੰਸਾਰੀਕਰਨ ਦੇ ਇਸ ਦੌਰ ਵਿਚ ਸਿੱਖਿਆ ਦੇ ਹਾਣੀ ਬਣਨਾ ਕੰਪਿਊਟਰ ਸਿੱਖਿਆ ਤੋਂ ਬਗੈਰ ਸੰਭਵ ਹੀ ਨਹੀਂ। ਪੰਜਾਬ ਸਰਕਾਰ ਨੇ ਇਸ ਲੋੜ ਨੂੰ ਵਾਜਬ ਸਮਝਦਿਆਂ ਸਾਲ 2005 ਵਿਚ ਸਰਕਾਰੀ ਸਕੂਲਾਂ ਅੰਦਰ ਕੰਪਿਊਟਰ ਸਿੱਖਿਆ ਆਰੰਭ ਕਰਵਾਈ। ਸਮਾਂ ਪੈਣ ’ਤੇ ਇਸ ਵਿਚ ਹੋਰ ਸੁਧਾਰ ਦੀ ਲੋੜ ਹੈ। ਕੰਪਿਊਟਰ ਮਸ਼ੀਨ ਵਿਚ ਕੋਈ ਵੀ ਨੁਕਸ ਪੈਣ ’ਤੇ ਉਸ ਨੂੰ ਠੀਕ ਕਰਨ ਵਾਲੀਆਂ ਕੰਪਨੀਆਂ ਨਾਲ ਸਰਕਾਰ ਦਾ ਇਕਰਾਰ ਖ਼ਤਮ ਹੋ ਚੁੱਕਾ ਹੈ ਅਤੇ ਸਕੂਲਾਂ ਕੋਲ ਸੀਮਤ ਫੰਡ ਨਾਲ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਕੰਪਿਊਟਰ ਸਿੱਖਿਆ ਕਾਰਨ ਹੀ ਕੋਵਿਡ-19 ਮਹਾਮਾਰੀ ਦੇ ਔਖੇ ਸਮੇਂ ਵਿਚ ਘਰ ਬੈਠੇ ਵਿਦਿਆਰਥੀਆਂ ਨਾਲ ਆਨਲਾਈਨ ਜਮਾਤਾਂ ਲਗਵਾਉਣਾ ਅਤੇ ਆਨਲਾਈਨ ਟੈਸਟ ਲੈਣਾ ਸੰਭਵ ਹੋਇਆ ਸੀ। ਕੰਪਿਊਟਰ ਸਿੱਖਿਆ ਦੇਣ ਵਾਲੇ ਕੰਪਿਊਟਰ ਅਧਿਆਪਕ ਵੀ ਪਿਛਲੇ ਲੰਮੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।
ਕੰਪਿਊਟਰ ਸਿੱਖਿਆ ਰਾਹੀਂ ਹੀ ਵਿਦਿਆਰਥੀ ਹੋਰ ਵਿਸ਼ੇ ਵਿਚ ਪਰਪੱਕ ਹੋ ਸਕਦੇ ਹਨ। ਉਦਾਹਰਨ ਦੇ ਤੌਰ ’ਤੇ ਆਨਲਾਈਨ ਲਾਇਬ੍ਰੇਰੀ, ਵਰਚੂਅਲ ਲੈਬ, ਯੂਟਿਊਬ ਚੈਨਲ, ਆਨਲਾਈਨ ਟਿਊਟਰ ਆਦਿ ਅਜਿਹੀਆਂ ਸਹੂਲਤਾਂ ਸੂਚਨਾ ਤਕਨੀਕ ਦੀ ਜਾਣਕਾਰੀ ਰੱਖਣ ਵਾਲਾ ਵਿਦਿਆਰਥੀ ਹੀ ਪ੍ਰਾਪਤ ਕਰ ਸਕਦਾ ਹੈ। ਸੂਚਨਾ ਤਕਨੀਕ ਦੇ ਖੇਤਰ ਵਿਚ ਨਿਪੁੰਨ ਇੰਜਨੀਅਰ ਦੀ ਪੂਰੀ ਦੁਨੀਆ ਵਿਚ ਮੰਗ ਵਧ ਰਹੀ ਹੈ। ਵਿਦਿਆਰਥੀ ਦੀ ਸਫਲਤਾ ਦਾ ਰਾਜ਼ ਉਸ ਦੀ ਸੋਚਣ ਸਮਰੱਥਾ ਦਾ ਸਰਵੋਤਮ ਉਪਯੋਗ ਹੈ। ਕੰਪਿਊਟਰ ਕੋਡਿੰਗ ਬੱਚੇ ਦੇ ਦਿਮਾਗ ਦੀ ਹਰ ਇਕਾਈ ਨੂੰ ਪ੍ਰਫੁੱਲਿਤ ਕਰਨ ਵਿਚ ਮਦਦ ਕਰਦੀ ਹੈ। ਇਹ ਬੱਚਿਆਂ ਨੂੰ ਪ੍ਰੋਗਰਾਮ, ਐਪਲੀਕੇਸ਼ਨ ਵਿਕਸਿਤ ਕਰਨ, ਰੋਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਕੰਮ ਕਰਨ ਦੇ ਮੌਕੇ ਦੇ ਕੇ ਨਵੇਂ ਯੁੱਗ ਦੀ ਤਕਨਾਲੋਜੀ ਦੀ ਦੁਨੀਆ ਵਿਚ ਦਾਖਲ ਹੋਣ ਦੇ ਯੋਗ ਬਣਾਉਂਦੀ ਹੈ। ਕੰਪਿਊਟਰ, ਇੰਟਰਨੈੱਟ ਅਤੇ ਮਸਨੂਈ ਬੁੱਧੀ ਦਾ ਤ੍ਰਿਵੇਣੀ ਗਿਆਨ ਮੌਜੂਦਾ ਯੁੱਗ ਵਿਚ ਕਾਮਯਾਬੀ ਦੀਆਂ ਉਚਾਈਆਂ ਛੋਹਣ ਲਈ ਬੇਹੱਦ ਜ਼ਰੂਰੀ ਹੈ।
ਸੰਪਰਕ: 94655-76022